ਮੰਤਰੀਆਂ ਦੇ ਸ੍ਰੀ ਅਨੰਦਪੁਰ ਸਾਹਿਬ ਦੌਰੇ ਮੌਕੇ ਮੀਡੀਆ ਨੂੰ ਕਵਰੇਜ ਤੋਂ ਰੋਕਿਆ
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਸਕੂਲ ਸਿੱਖਿਆ ਤੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੱਖ ਵੱਖ ਸਿਹਤ ਕੇਂਦਰਾਂ ਦਾ ਦੌਰਾ ਕੀਤਾ।
ਬਿਮਲ ਸ਼ਰਮਾ / ਸ੍ਰੀ ਅਨੰਦਪੁਰ ਸਾਹਿਬ : ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਅਤੇ ਸਕੂਲ ਸਿੱਖਿਆ ਤੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੱਖ ਵੱਖ ਸਿਹਤ ਕੇਂਦਰਾਂ ਦਾ ਦੌਰਾ ਕੀਤਾ। ਇਸ ਦੌਰਾਨ ਦੋਹਾਂ ਮੰਤਰੀਆਂ ਨੇ ਸਿਹਤ ਕੇਂਦਰਾਂ ਵਿਚ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ।
ਛਾਪੇਮਾਰੀ ਨਹੀਂ ਸਹੂਲਤਾਂ ਦੀ ਘਾਟ ਦਾ ਪਤਾ ਲਗਾ ਰਹੇ ਹਾਂ: ਹਰਜੋਤ ਬੈਂਸ
ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਦੌਰੇ ਦੌਰਾਨ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ। ਹਸਪਤਾਲ ਦਾ ਜਾਇਜ਼ਾ ਲੈਣ ਉਪਰੰਤ ਸਿੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਦੌਰੇ ਦੌਰਾਨ ਜਾਂਚ ਰਹੇ ਹਨ ਕਿ ਹਸਪਤਾਲਾਂ ’ਚ ਕਿਹੜੀਆਂ ਸਹੂਲਤਾਂ ਦੀ ਘਾਟ ਹੈ, ਜਿਨ੍ਹਾਂ ਨੂੰ ਦੂਰ ਕੀਤਾ ਜਾਵੇ, ਇਸ ਜਾਂਚ ਦੌਰੇ ਨੂੰ ਛਾਪੇਮਾਰੀ ਨਾ ਸਮਝਿਆ ਜਾਵੇ। ਉਨ੍ਹਾਂ ਦੱਸਿਆ ਕਿ ਜੋ 15 ਅਗਸਤ ਨੂੰ ਆਜ਼ਾਦੀ ਦਿਹਾੜੇ ਵਾਲੇ ਦਿਨ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਉਸ ਸਬੰਧੀ ਸਟਾਫ਼ ਦੀ ਭਰਤੀ ਮੁਕਮੰਲ ਕਰ ਲਈ ਗਈ ਹੈ।
ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਪੂਰੇ ਸੂਬੇ ’ਚ 100 ਐਮੀਨੈਂਸ ਆਫ਼ ਸਕੂਲ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ 3 ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ’ਚ ਹੋਣਗੇ। ਇਸਦੇ ਨਾਲ ਹੀ ਅਨੰਦਪੁਰ ਸਾਹਿਬ ’ਚ 25 ਖੇਡ ਗਰਾਊਂਡ ਬਣਾਏ ਜਾ ਰਹੇ ਹਨ।
VC ਦੇ ਬਿਆਨ ’ਤੇ ਦਿੱਤਾ ਸਿਹਤ ਮੰਤਰੀ ਨੇ ਸਪੱਸ਼ਟੀਕਰਣ
ਇਸ ਦੇ ਨਾਲ ਹੀ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jouramajra) ਨੇ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਦੇ "ਫਰੀਦਕੋਟ ਮੈਡੀਕਲ ਕਾਲਜ ’ਚ ਐਟਮੋਸਫੀਅਰ ਠੀਕ ਨਹੀਂ ਹੈ" ਦੇ ਬਿਆਨ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਸੁਧਾਰ ਕਰ ਰਹੇ ਹਾਂ। ਸਿਹਤ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਮੁਹੱਲਾ ਕਲੀਨਿਕ ਪੂਰੇ ਪੰਜਾਬ ਵਿੱਚ ਸ਼ੁਰੂ ਨਹੀਂ ਹੋ ਜਾਂਦੇ ਪਿੰਡਾਂ ਦੀਆਂ ਡਿਸਪੈਂਸਰੀਆਂ ਤੇ ਪ੍ਰਾਇਮਰੀ ਹੈਲਥ ਸੈਂਟਰ ਵੀ ਚਲਦੇ ਰਹਿਣਗੇ ਅਤੇ ਜਿਹੜੇ ਬੰਦ ਪਏ ਹਨ ਉਨ੍ਹਾਂ ਨੂੰ ਵੀ ਦੁਬਾਰਾ ਚਾਲੂ ਕੀਤਾ ਜਾਵੇਗਾ।