Maghi Mela: ਇਤਿਹਾਸਕ ਜੋੜ ਮੇਲਾ ਮਾਘੀ ਦਾ; ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਗੁਰਧਾਮਾਂ ਦਾ ਇਤਿਹਾਸ
Maghi Mela: ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਉਤੇ ਹਰ ਸਾਲ 12 ਜਨਵਰੀ ਤੋਂ 15 ਜਨਵਰੀ ਤੱਕ ਮੇਲਾ ਮਾਘੀ ਮਨਾਇਆ ਜਾਂਦਾ ਹੈ।
Maghi Mela: 40 ਮੁਕਤਿਆਂ ਦੀ ਯਾਦ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਉਤੇ ਹਰ ਸਾਲ 12 ਜਨਵਰੀ ਤੋਂ 15 ਜਨਵਰੀ ਤੱਕ ਮੇਲਾ ਮਾਘੀ ਮਨਾਇਆ ਜਾਂਦਾ ਹੈ। 14 ਜਨਵਰੀ ਨੂੰ ਮਾਘੀ ਇਸ਼ਨਾਨ ਵਾਲੇ ਦਿਨ ਦੇਸ਼ ਵਿਦੇਸ਼ ਵਿਚੋਂ ਵੱਡੀ ਗਿਣਤੀ ਵਿਚ ਸੰਗਤ ਸ੍ਰੀ ਮੁਕਤਸਰ ਸਾਹਿਬ ਵਿਖੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਨ ਲਈ ਪਹੁੰਚਦੀ ਹੈ।
ਸ੍ਰੀ ਮੁਕਤਸਰ ਦਾ ਇਤਿਹਾਸ
ਸਿੱਖ ਧਰਮ ਵਿੱਚ ਗੁਰੂ-ਸਿੱਖ ਦੇ ਅਟੁੱਟ ਅਤੇ ਸਮਰਪਿਤ ਰਿਸ਼ਤੇ ਨੂੰ ਬਿਆਨਦੀ ਗਾਥਾ ਦਾ ਪ੍ਰਤੀਕ ਹੈ ਸ੍ਰੀ ਮੁਕਤਸਰ ਸਾਹਿਬ ਜਿਸ ਦਾ ਪੁਰਾਤਨ ਨਾਮ ਖਿਦਰਾਣੇ ਦੀ ਢਾਬ ਸੀ। ਖਿਦਰਾਣੇ ਦੀ ਢਾਬ ਉਤੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੀ ਮੁਗਲ ਹਕੂਮਤ ਵਿਰੁੱਧ ਆਖਰੀ ਅਤੇ ਫੈਸਲਾਕੁੰਨ ਜੰਗ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਇਸ ਜੰਗ ਦੌਰਾਨ ਉਹ ਚਾਲੀ ਸਿੰਘ ਵੀ ਸ਼ਾਮਿਲ ਹੋਏ ਜੋ ਆਨੰਦਪੁਰ ਸਾਹਿਬ ਦੇ ਕਿਲ੍ਹੇ 'ਚ ਗੁਰੂ ਸਾਹਿਬ ਨੂੰ ਇਹ ਬੇਦਾਵਾ ਲਿਖ ਕੇ ਦੇ ਆਏ ਸਨ ਕਿ ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਸਿੱਖ ਨਹੀਂ।
ਮਾਤਾ ਭਾਗ ਕੌਰ ਦੀ ਅਗਵਾਈ ਵਿਚ ਭਾਈ ਮਹਾਂ ਸਿੰਘ ਅਤੇ 40 ਸਿੰਘਾਂ ਦੇ ਜੱਥੇ ਨੇ ਖਿਦਰਾਣੇ ਦੀ ਢਾਬ ਵਿਖੇ ਗੁਰੂ ਸਾਹਿਬ ਦੇ ਨਾਲ ਜੰਗ ਲੜੀ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਦੌਰਾਨ ਜਖ਼ਮੀ ਹਾਲਤ ਵਿਚ ਭਾਈ ਮਹਾਂ ਸਿੰਘ ਤੋਂ ਜਦ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਇੱਛਾ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਉਹ ਬੇਦਾਵਾ ਪਾੜ੍ਹ ਦਿਓ ਜੋ ਅਸੀਂ ਤੁਹਾਨੂੰ ਲਿਖ ਕੇ ਦੇ ਆਏ ਸੀ।
ਇਸ ਜਗ੍ਹਾ ਗੁਰੂ ਸਾਹਿਬ ਨੇ ਬੇਦਾਵਾ ਪਾੜ੍ਹਿਆ ਅਤੇ ਉਸ ਜਗ੍ਹਾ ਅੱਜ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸੁਸ਼ੋਭਿਤ ਹੈ, ਖਿਦਰਾਣੇ ਦੀ ਢਾਬ ਵਾਲੀ ਜਗ੍ਹਾ ਨੂੰ ਗੁਰੂ ਸਾਹਿਬ ਨੇ ਮੁਕਤ ਸਰ ਅਰਥਾਤ ਮੁਕਤੀ ਦਾ ਸਰੋਵਰ ਹੋਣ ਦਾ ਵਰ ਦਿੱਤਾ ਅਤੇ ਇਹ ਸਥਾਨ ਖਿਦਰਾਣਾ ਤੋਂ ਸ੍ਰੀ ਮੁਕਤਸਰ ਸਾਹਿਬ ਬਣ ਗਿਆ। ਉਹ 40 ਸਿੰਘ ਇਤਿਹਾਸ ਵਿਚ 40 ਮੁਕਤਿਆਂ ਵਜੋਂ ਜਾਣੇ ਜਾਂਦੇ ਹਨ।
ਉਨ੍ਹਾਂ ਨੇ 40 ਮੁਕਤਿਆਂ ਦੇ ਨਾਮ ਉਤੇ ਹੀ ਇਸ ਜਗ੍ਹਾ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਪਿਆ। ਜਿਸ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੰਘਾਂ ਦਾ ਬੇਦਾਵਾ ਪਾੜ੍ਹਿਆ ਉਸ ਜਗ੍ਹਾ ਉਤੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸੁਸ਼ੋਭਿਤ ਹੈ। ਜਿਸ ਜਗ੍ਹਾ ਉਤੇ ਤੰਬੂ ਲਾ ਕੇ ਸਿੰਘਾਂ ਮੁਗਲ ਹਕੂਮਤ ਵਿਰੁੱਧ ਲੜਾਈ ਲੜੀ ਉਸ ਜਗ੍ਹਾ ਗੁਰਦੁਆਰਾ ਤੰਬੂ ਸਾਹਿਬ ਸੁਸ਼ੋਭਿਤ ਹੈ।
ਇਥੇ ਹੀ ਮਾਤਾ ਭਾਗ ਕੌਰ ਦੀ ਯਾਦ ਵਿੱਚ ਗੁਰਦੁਆਰਾ ਮਾਤਾ ਭਾਗ ਕੌਰ ਜੀ ਸੁਸ਼ੋਭਿਤ ਹੈ। ਜਿਸ ਜਗ੍ਹਾ 40 ਮੁਕਤਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸੁਸ਼ੋਭਿਤ ਹੈ।