ਬੇਅਦਬੀ ਮਾਮਲੇ ਲਈ ਮੰਤਰੀ ਧਾਲੀਵਾਲ ਨੇ ਸੁਖਬੀਰ ਸਿੰਘ ਬਾਦਲ ਨੂੰ ਠਹਿਰਾਇਆ ਜ਼ਿੰਮੇਵਾਰ
ਸਾਬਕਾ ਡਿਪਟੀ CM ਸੁਖਬੀਰ ਸਿੰਘ ਬਾਦਲ ਵਲੋਂ ਸ਼ਰਾਬ ਨੀਤੀ ਨੂੰ ਲੈਕੇ ਸੂਬਾ ਸਰਕਾਰ ਨੂੰ ਘੇਰੇ ਜਾਣ ਤੋਂ ਬਾਅਦ ਹੁਣ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਅਕਾਲੀ ਦਲ ’ਤੇ ਤਿੱਖਾ ਹਮਲਾ ਬੋਲਿਆ।
ਚੰਡੀਗੜ੍ਹ: ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਸ਼ਰਾਬ ਨੀਤੀ ਨੂੰ ਲੈਕੇ ਸੂਬਾ ਸਰਕਾਰ ਨੂੰ ਘੇਰੇ ਜਾਣ ਤੋਂ ਬਾਅਦ ਹੁਣ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਅਕਾਲੀ ਦਲ ’ਤੇ ਤਿੱਖਾ ਹਮਲਾ ਬੋਲਿਆ।
ਬੇਅਦਬੀ ਲਈ ਗ੍ਰਹਿ ਮੰਤਰੀ ਤੇ ਗੋਲੀਆਂ ਚਲਾਉਣ ਵਾਲੇ ਅਫ਼ਸਰ ਜ਼ਿੰਮੇਵਾਰ: ਧਾਲੀਵਾਲ
ਮੰਤਰੀ ਧਾਲੀਵਾਲ ਨੇ ਕਿਹਾ ਕਿ ਬੇਅਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ ਮੌਕੇ ਅਕਾਲੀ ਦਲ ਦੀ ਸਰਕਾਰ ਸੀ। ਜਿਸ ’ਚ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਮੁੱਖ ਮੰਤਰੀ ਤੇ ਸੁਖਬੀਰ ਬਾਦਲ (Sukhbir Singh Badal) ਡਿਪਟੀ ਮੁੱਖ ਮੰਤਰੀ ਸਨ। ਬਹੁਤ ਦੁੱਖ ਦੀ ਗੱਲ ਹੈ ਕਿ ਜਿਹੜੀ ਪਾਰਟੀ ਨੇ ਪੂਰੇ ਇਤਿਹਾਸ ’ਚ ਪੰਥ ਅਤੇ ਸਿੱਖ ਧਰਮ ਦੇ ਨਾਮ ’ਤੇ ਵੋਟਾਂ ਹਾਸਲ ਕੀਤੀਆਂ ਹੋਣ, ਜਿਨ੍ਹਾਂ ਦਾ ਦਬਦਬਾ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ’ਤੇ ਹੋਵੇ, ਉਨ੍ਹਾਂ ਦੇ ਸੱਤਾ ’ਚ ਹੁੰਦਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ (Sacrilege) ਹੋਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਦੀ ਮਨਸ਼ਾ ਹੁੰਦੀ ਤਾਂ ਬੇਅਦਬੀ ਕਰਨ ਵਾਲੇ ਤੇ ਗੋਲੀ ਚਲਾਉਣ ਵਾਲੇ ਗ੍ਰਿਫ਼ਤਾਰ ਕੀਤੇ ਜਾ ਸਕਦੇ ਸਨ।
ਮੰਤਰੀ ਧਾਲੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਖ਼ਿਲਾਫ਼ ਸੰਮਨ (Summons) ਤਾਂ ਹਾਲੇ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਲਈ ਤੱਤਕਾਲੀ ਸਰਕਾਰ, ਗ੍ਰਹਿ ਮੰਤਰੀ ਤੇ ਧਰਨਾ ਦੇ ਰਹੀ ਸੰਗਤ ’ਤੇ ਗੋਲੀ ਚਲਾਉਣ ਵਾਲੇ ਅਫ਼ਸਰ ਸਿੱਧੇ ਤੌਰ ’ਤੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ CM ਭਗਵੰਤ ਮਾਨ (Bhagwant Mann) ਦੀ ਅਗਵਾਈ ਵਾਲੀ ਸਰਕਾਰ ਬੇਅਦਬੀ ਕਰਨ ਵਾਲਿਆਂ ਨੂੰ ਕਦੇ ਵੀ ਨਹੀਂ ਬਖਸ਼ੇਗੀ।
ਪੱਤਰਕਾਰਾਂ ਵਲੋਂ ਮੰਤਰੀ ਨੂੰ ਸਵਾਲ ਕੀਤਾ ਗਿਆ ਸੁਖਬੀਰ ਬਾਦਲ ਨੇ ਸਿੱਖ ਪ੍ਰਦਰਸ਼ਨਕਾਰੀਆਂ ’ਤੇ ਗੋਲੀ ਚਲਾਉਣ ਦੇ ਹੁਕਮ ਦੇਣ ਦੇ ਦੋਸ਼ਾਂ ਨੂੰ ਨਕਾਰਿਆ ਹੈ, ਤਾਂ ਜਵਾਬ ’ਚ ਮੰਤਰੀ ਨੇ ਕਿਹਾ ਕਿ "ਸੁਖਬੀਰ ਬਾਦਲ ਝੂਠ ਬੋਲ ਰਹੇ ਹਨ। ਕਿਉਂਕਿ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਦੀ ਇਜਾਜ਼ਤ ਤੋਂ ਬਿਨਾਂ ਕੋਈ ਗੋਲੀ ਨਹੀਂ ਚਲਾ ਸਕਦਾ। ਹੁਣ ਸਿੱਟ (SIT) ਨੇ ਬਾਦਲ ਨੂੰ ਤਲਬ ਕੀਤਾ ਹੈ ਤੇ ਨਿਰਪੱਖ ਜਾਂਚ ਤੋਂ ਬਾਅਦ ਸਾਰੇ ਤੱਥ ਸਾਹਮਣੇ ਆ ਜਾਣਗੇ।"