Dussehra 2022: ਦੁਸਹਿਰੇ ਤੋ ਪਹਿਲਾਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼, ਦੋ ਥਾਵਾਂ ’ਤੇ ਪੁਤਲੇ ਸਾੜੇ
ਕਈ ਥਾਵਾਂ ’ਤੇ ਰਾਵਣ, ਕੁੰਭਕਰਣ ਅਤੇ ਮੇਘਨਾਥ ਦੇ ਬਣਾਏ ਪੁਤਲਿਆਂ ਨੂੰ ਦੁਸ਼ਹਿਰੇ ਤੋਂ ਪਹਿਲਾਂ ਹੀ ਸਾੜੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਚੰਡੀਗੜ੍ਹ: ਤਿਉਹਾਰਾਂ ਦੇ ਦਿਨਾਂ ’ਚ ਸ਼ਰਾਰਤੀ ਅਨਸਰ ਮਾਹੌਲ ਖ਼ਰਾਬ ਕਰਨ ਦੀ ਫ਼ਿਰਾਕ ਹਨ। ਕਈ ਥਾਵਾਂ ’ਤੇ ਰਾਵਣ, ਕੁੰਭਕਰਣ ਅਤੇ ਮੇਘਨਾਥ ਦੇ ਬਣਾਏ ਪੁਤਲਿਆਂ ਨੂੰ ਦੁਸ਼ਹਿਰੇ (Dussehra) ਤੋਂ ਪਹਿਲਾਂ ਹੀ ਸਾੜੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਤਿਉਹਾਰਾਂ ਦੇ ਚੱਲਦਿਆਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼: ਦੁਸ਼ਹਿਰਾ ਕਮੇਟੀ
ਚੰਡੀਗੜ੍ਹ ਦੇ ਸੈਕਟਰ 47 ’ਚ ਕੁਝ ਨਫ਼ਰਤ ਫੈਲਾਉਣ ਦੀ ਮਨਸ਼ਾ ਨਾਲ ਆਏ ਲੋਕਾਂ ਨੇ ਮੇਘਨਾਥ ਦਾ ਪੁਤਲਾ (Effigies of Maghnad) ਫੂਕ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ 2 ਵਜੇ ਫਾਰਚੂਨਰ ਕਾਰ ’ਚ ਕੁਝ ਨੌਜਵਾਨ ਆਏ, ਜਿਨ੍ਹਾਂ ਨੇ ਪੁਤਲੇ ਨੂੰ ਅੱਗ ਲਾ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਚੰਡੀਗੜ੍ਹ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੁਸ਼ਹਿਰਾ ਕਮੇਟੀ ਨੇ ਪ੍ਰਸਾਸ਼ਨ ’ਤੇ ਲਾਏ ਲਾਪਰਵਾਹੀ ਦੇ ਦੋਸ਼
ਅਜਿਹੀ ਹੀ ਘਟਨਾ ਡੇਰਾਬੱਸੀ ਤੋਂ ਸਾਹਮਣੇ ਆਈ ਹੈ, ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਦੁਸ਼ਹਿਰਾ ਮਨਾਉਣ ਲਈ ਸ੍ਰੀ ਰਾਮਲੀਲਾ ਮੰਡਲ ਕਮੇਟੀ ਵਲੋਂ ਦੁਸ਼ਹਿਰਾ ਗਰਾਊਂਡ ’ਚ ਰਾਵਣ, ਕੁੰਭਕਰਣ ਅਤੇ ਮੇਘਨਾਥ ਦੀ ਪੁਤਲੇ ਰੱਖੇ ਗਏ ਸਨ। ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਸ਼ਰਾਰਤੀ ਅਨਸਰਾਂ ਦੁਆਰਾ ਮੇਘਨਾਥ ਦੇ ਪੁਤਲੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਜੋ ਤਿਉਹਾਰਾਂ ਦੇ ਚੱਲਦਿਆਂ (Festival season) ਮਾਹੌਲ ਖ਼ਰਾਬ ਕੀਤਾ ਜਾ ਸਕੇ।
ਅਪੀਲ ਕਰਨ ’ਤੇ ਵੀ ਨਹੀਂ ਕੀਤੇ ਮੁਲਾਜ਼ਮ ਤਾਇਨਾਤ: ਕਮੇਟੀ ਮੈਂਬਰ
ਦੁਸ਼ਹਿਰਾ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਸਮੂਹਿਕ ਤੌਰ ’ਤੇ ਐੱਸ. ਐੱਚ. ਓ (SHO) ਨੂੰ ਅਪੀਲ ਕੀਤੀ ਸੀ ਕਿ ਦੁਸ਼ਹਿਰਾ ਗਰਾਊਂਡ ’ਚ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਵੇ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਗਈ। ਡੇਰਾਬੱਸੀ ਦੀ ਦੁਸ਼ਹਿਰਾ ਕਮੇਟੀ ਦਾ ਦੋਸ਼ ਹੈ ਕਿ ਪ੍ਰਸ਼ਾਸ਼ਨ ਵੀ ਅਜਿਹੇ ਮਾਹੌਲ ਖ਼ਰਾਬ ਕਰਨ ਵਾਲੇ ਅਨਸਰਾਂ ਨਾਲ ਮਿਲਿਆ ਹੋਇਆ ਹੈ। ਜਿਸ ਕਾਰਨ ਹਿੰਦੂਆਂ ਦੇ ਇਸ ਤਿਉਹਾਰ ਨੂੰ ਖ਼ਰਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।