ਚੰਡੀਗੜ੍ਹ: ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਕਿਸੇ ਨਾ ਕਿਸੇ ਵਿਵਾਦ ਕਾਰਨ ਸੁਰਖੀਆਂ ’ਚ ਬਣੇ ਹੀ ਰਹਿੰਦੇ ਹਨ। ਹੁਣ ਵਿਧਾਇਕ ਦੇ ਭਰਾ ਰਾਜਨ ਅੰਗੁਰਾਲ ਵਲੋਂ ਸਿਵਲ ਹਸਪਤਾਲ ’ਚ ਰਾਤ ਦੀ ਡਿਊਟੀ ’ਤੇ ਤਾਇਨਾਤ ਸਟਾਫ਼ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। 


COMMERCIAL BREAK
SCROLL TO CONTINUE READING


ਮੈਡੀਕਲ ਸੁਪਰਡੈਂਟ ਨੇ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ
ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਨੇ 21 ਸਤੰਬਰ ਦੀ ਰਾਤ ਡਿਊਟੀ ’ਤੇ ਤਾਇਨਾਤ ਮਹਿਲਾ ਡਾਕਟਰ ਹਰਵੀਨ ਕੌਰ ਨੂੰ ਐੱਮ. ਐੱਲ. ਆਰ (MLR) ਕੱਟਣ ਲਈ ਧਮਕਾਉਣ ਤੇ ਸਸਪੈਂਡ ਕਰਨ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਮੈਡੀਕਲ ਸੁਪਰਡੈਂਟ ਨੇ ਆਪਣੇ ਲੈੱਟਰ ਹੈੱਡ (Letter Head) ’ਤੇ ਆਪਣੇ ਵਲੋਂ ਤੇ ਸਮੂਹ ਸਟਾਫ਼ ਦੀ ਸ਼ਿਕਾਇਤ ਨਾਲ ਨੱਥੀ ਕਰਕੇ ਥਾਣਾ ਨੰ. 4 ਦੀ ਪੁਲਿਸ ਨੂੰ ਦਿੱਤੀ ਹੈ। 


 



MLA ਅੰਗੁਰਾਲ ਦੇ ਭਰਾ ’ਤੇ ਡਾਕਟਰ ਨੂੰ ਧਮਕਾਉਣ ਦੇ ਦੋਸ਼
ਨਾਈਟ ਡਿਊਟੀ ’ਤੇ ਤਾਇਨਾਤ ਹਰਵੀਨ ਕੌਰ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ 21 ਸਤੰਬਰ ਦੀ ਰਾਤ 11 ਵਜੇ ਰਾਜਨ ਅੰਗੁਰਾਲ ਆਪਣੇ ਸਾਥੀਆਂ ਸਣੇ ਆਏ ਅਤੇ ਰਾਹੁਲ ਨਾਮ ਦੇ ਮਰੀਜ਼ ਦੀ ਐੱਮ. ਐੱਲ. ਆਰ (MLR) ਉਨ੍ਹਾਂ ਦੀ ਮਰਜ਼ੀ ਅਨੁਸਾਰ ਕੱਟਣ ਲਈ ਦਬਾਅ ਬਣਾਇਆ। ਰਾਜਨ ਅੰਗੁਰਾਲ ਨੇ ਕਿਹਾ ਕਿ ਇਸ ਸਮੇਂ ਉਨਾਂ ਦੀ ਸਰਕਾਰ ਹੈ ਤੇ ਜੇਕਰ ਸਾਡੀ ਮਰਜ਼ੀ ਮੁਤਾਬਕ ਐੱਮ. ਐੱਲ. ਆਰ ਨਾ ਕੱਟੀ ਤਾਂ ਸਸਪੈਂਡ ਕਰਵਾ ਦਿਆਂਗੇ।
ਜਦੋਂ ਡਾਕਟਰ ਹਰਵੀਨ ਕੌਰ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਰਾਜਨ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਐਮਰਜੈਂਸੀ ਵਾਰਡ ’ਚ ਬੁਲਾ ਲਿਆ, ਸਟਾਫ਼ ਨਾਲ ਬੁਰਾ ਸਲੂਕ ਕੀਤਾ, ਹੋਰ ਤਾਂ ਹੋਰ ਉਕਤ ਲੋਕਾਂ ਨੇ ਸਿਵਲ ਹਸਪਤਾਲ ’ਚ ਜੰਮ ਕੇ ਭੰਨ-ਤੋੜ ਵੀ ਕੀਤੀ। 



ਮੈਡੀਕਲ ਸਟਾਫ਼ ਵਲੋਂ ਹੜਤਾਲ ’ਤੇ ਜਾਣ ਦੀ ਚਿਤਾਵਨੀ 
ਇਸ ਮਾਮਲੇ ਨੂੰ ਲੈ ਕੇ ਸਮੂਹ ਮੈਡੀਕਲ ਸਟਾਫ਼ ’ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਜੇਕਰ ਪੁਲਿਸ ਪ੍ਰਸ਼ਾਸਨ ਦੁਆਰਾ ਤੱਸਲੀਬਖਸ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਹੜਤਾਲ ’ਤੇ ਚਲੇ ਜਾਣਗੇ।