ਮੋਗਾ ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ, ਪੁੱਤ ਹੀ ਨਿਕਲਿਆ ਪਿਓ ਦਾ ਕਾਤਲ
ਮੋਗਾ ’ਚ ਵੀਰਵਾਰ ਨੂੰ ਇਕ ਪ੍ਰਾਈਵੇਟ ਸਕੂਲ ਦੇ ਅਧਿਆਪਕ ਬੂਟਾ ਸਿੰਘ ਨੂੰ ਉਸ ਦੇ ਪੁੱਤ ਤੇ ਉਸਦੇ ਦੋਸਤਾਂ ਵੱਲੋਂ ਲੰਘੇ ਵੀਰਵਾਰ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਕਤਲ ਦੀ ਵਾਰਦਾਤ ਨੂੰ ਸੁਲਝਾਉਣ ’ਚ ਸਫ਼ਲਤਾ ਹਾਸਲ ਕੀਤੀ ਹੈ।
ਨਵਦੀਪ ਮਹੇਸਰੀ / ਮੋਗਾ: ਕੁਝ ਦਿਨ ਪਹਿਲਾਂ ਇਕ ਪ੍ਰਾਈਵੇਟ ਸਕੂਲ ਦੇ ਅਧਿਆਪਕ ਬੂਟਾ ਸਿੰਘ ਨੂੰ ਉਸ ਦੇ ਪੁੱਤ ਤੇ ਉਸਦੇ ਦੋਸਤਾਂ ਵੱਲੋਂ ਲੰਘੇ ਵੀਰਵਾਰ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਬੂਟਾ ਸਿੰਘ ਫੌਜ ਵਿੱਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਡੀ.ਐਨ ਮਾਡਲ ਸਕੂਲ ਮੋਗਾ ਵਿਖੇ ਡੀ.ਪੀ ਮਾਸਟਰ ਦੀ ਡਿਊਟੀ ਕਰਦਾ ਸੀ ।
ਕੀ ਹੋਇਆ ਸੀ ਵਾਰਦਾਤ ਵਾਲੇ ਦਿਨ?
ਬੂਟਾ ਸਿੰਘ ਲੰਘੇ ਵੀਰਵਾਰ ਨੂੰ ਛੁੱਟੀ ਮਗਰੋਂ ਆਪਣੀ ਐਕਟਿਵਾ ਸਕੂਟਰੀ ’ਤੇ ਸਵਾਰ ਹੋ ਕੇ ਪਿੰਡ ਨੂੰ ਜਾ ਰਿਹਾ ਸੀ। ਹਾਲੇ ਮ੍ਰਿਤਕ ਬੂਟਾ ਸਿੰਘ ਆਪਣੇ ਪਿੰਡ ਬੁੱਧ ਸਿੰਘ ਵਾਲਾ ਤੋਂ ਤਕਰੀਬਨ ਅੱਧਾ ਕਿਲੋਮੀਟਰ ਪਿੱਛੇ ਹੀ ਸੀ ਤਾਂ ਲੜਕੇ ਹਰਪ੍ਰੀਤ ਸਿੰਘ ਨੇ ਉਸਦੀ ਐਕਟਿਵਾ ’ਚ ਕਾਰ ਨਾਲ ਟੱਕਰ ਮਾਰ ਦਿੱਤੀ। ਕਾਰ ਦੀ ਟੱਕਰ ਵੱਜਣ ਨਾਲ ਉਹ ਥੱਲੇ ਡਿੱਗ ਪਿਆ। ਜਿਸ ਤੋ ਬਾਅਤ ਹਰਪ੍ਰੀਤ ਸਿੰਘ ਅਤੇ ਉਸਦੇ 3 ਹੋਰ ਸਾਥੀ ਜਿਨਾਂ ਦੇ ਹੱਥਾਂ ’ਚ ਤੇਜ਼ਧਾਰ ਹਥਿਆਰ ਸਨ, ਕਾਰ ’ਚੋਂ ਉਤਰੇ ਤੇ ਬੂਟਾ ਸਿੰਘ ਦੇ ਸਿਰ ’ਤੇ ਵਾਰ ਕਰਨ ਲੱਗ ਪਏ, ਜਿਸ ਨਾਲ ਬੂਟਾ ਸਿੰਘ ਬੁਰੀ ਤਰਾਂ ਜ਼ਖਮੀ ਹੋ ਕੇ ਹੇਠਾਂ ਡਿੱਗ ਪਿਆ। ਵਾਰਦਾਤ ਮਗਰੋਂ ਬੂਟਾ ਸਿੰਘ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਰਪ੍ਰੀਤ ਸਿੰਘ ਆਪਣੇ ਸਾਥੀਆਂ ਨਾਲ ਸਵਿਫਟ ਕਾਰ ’ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਿਆ।
ਜਾਂਚ ਦੌਰਾਨ ਪੁੱਤਰ ਨੇ ਮੰਨਿਆ ਆਪਣਾ ਜ਼ੁਰਮ
ਇਸ ਕਤਲ ਕੇਸ ਦੇ ਮੁੱਖ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਵੱਲੋਂ ਪੁੱਛ ਗਿੱਛ ਦੌਰਾਨ ਮੰਨਿਆ ਕਿ ਉਸ ਨੇ ਜਮੀਨ ਦੇ ਝਗੜੇ ਕਾਰਨ ਆਪਣੇ ਸਾਥੀਆ ਨਾਲ ਮਿਲ ਕੇ ਆਪਣੇ ਪਿਤਾ ਬੂਟਾ ਸਿੰਘ ਦਾ ਕਤਲ ਕੀਤਾ ਹੈ । ਜਿਸ ਤੋਂ ਬਾਅਦ ਉਕਤ ਸਾਰੇ ਦੋਸ਼ੀਆਂ ਨੂੰ ਇਸ ਕੇਸ ’ਚ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਕੋਲੋਂ ਪੁਲਿਸ ਨੂੰ ਇਸ ਵਾਰਦਾਤ ਵਿੱਚ ਵਰਤੀ ਗਈ ਸਵਿਫਟ ਡਿਜ਼ਾਈਰ ਕਾਰ ਨੰ. ਪੀ.ਬੀ 11 ਬੀ.ਕੇ 3064 ਬਰਾਮਦ ਕੀਤੀ ਜਾ ਚੁੱਕੀ ਹੈ।
ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਦੁਆਰਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਜਾਂਚ ’ਚ ਹੋਰ ਖੁਲਾਸੇ ਹੋਣ ਦਾ ਅਨੁਮਾਨ ਹੈ।