Mohali News: ਮੋਹਾਲੀ ਦੇ ਪਿੰਡ ਸੋਹਾਣਾ ਵਿੱਚ ਇਮਾਰਤ ਡਿੱਗਣ ਤੋਂ ਬਾਅਦ, ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਮੋਹਾਲੀ ਦੇ ਪਿੰਡ ਮੌਲੀ ਬੈਦਵਾਨ ਵਿੱਚ ਇੱਕ ਛੇ ਮੰਜ਼ਿਲਾ ਇਮਾਰਤ ਦੀ ਮੁਰੰਮਤ ਕੀਤੀ ਜਾ ਰਹੀ ਸੀ ਜਿਸ ਦੌਰਾਨ ਸੜਕ 'ਤੇ ਲੰਘ ਰਹੇ ਬੱਚਿਆਂ 'ਤੇ ਗਰਿੱਲ ਡਿੱਗ ਗਈ ਅਤੇ ਜਿਸ ਵਿੱਚ ਇੱਕ 12 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ। 


COMMERCIAL BREAK
SCROLL TO CONTINUE READING

ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਇਸ ਦੇ ਨਾਲ ਹੀ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ ਕਿ ਇੱਕ ਪਾਸੇ ਉਹ ਕਹਿ ਰਹੇ ਹਨ ਕਿ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪਰ ਅੱਜ ਦੀਆਂ ਤਾਜ਼ਾ ਤਸਵੀਰਾਂ ਕੁਝ ਹੋਰ ਹੀ ਦੱਸ ਰਹੀਆਂ ਹਨ।


ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਜਿਸ 'ਚ ਉਹ ਆਪਣੇ ਦੋ ਦੋਸਤਾਂ ਨਾਲ ਜਾਂਦਾ ਨਜ਼ਰ ਆ ਰਿਹਾ ਹੈ। ਉਸ ਤੋਂ ਇਲਾਵਾ ਇੱਕ ਔਰਤ ਵੀ ਗਲੀ ਵਿੱਚੋਂ ਲੰਘ ਰਹੀ ਸੀ। ਪਹਿਲਾਂ ਇੱਕ ਇੱਟ ਆ ਕੇ ਡਿੱਗੀ। ਇਸ ਤੋਂ ਬਾਅਦ ਲੋਹੇ ਦੀ ਗਰਿੱਲ ਸਿੱਧੀ ਬੱਚੇ ਦੇ ਸਿਰ 'ਤੇ ਜਾ ਡਿੱਗੀ। ਜਿਵੇਂ ਹੀ ਉਸ ਦੇ ਸਿਰ 'ਤੇ ਵੱਜਿਆ, ਉਹ ਜ਼ਮੀਨ 'ਤੇ ਡਿੱਗ ਪਿਆ।


ਮ੍ਰਿਤਕ ਬੱਚੇ ਦੀ ਪਛਾਣ ਆਸ਼ੀਸ਼ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਸੋਹਾਣਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 106 ਅਧੀਨ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।


ਆਸ਼ੀਸ਼ ਦੇ ਪਿਤਾ ਪੰਕਜ ਨੇ ਦੱਸਿਆ ਕਿ ਆਸ਼ੀਸ਼ ਦੇ ਦੋਸਤ ਭੱਜ ਕੇ ਉਸ ਕੋਲ ਆਏ। ਉਸ ਨੇ ਦੱਸਿਆ ਕਿ ਆਸ਼ੀਸ਼ ਦੇ ਸਿਰ 'ਤੇ ਲੋਹੇ ਦੀ ਗਰਿੱਲ ਡਿੱਗ ਗਈ ਸੀ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਇਮਾਰਤ ਦੇ ਠੇਕੇਦਾਰ ਅਤੇ ਮਜ਼ਦੂਰ ਇਹ ਤਮਾਸ਼ਾ ਦੇਖ ਰਹੇ ਸਨ। ਨੇੜਲੇ ਗੁਰਦੁਆਰਾ ਸਾਹਿਬ ਤੋਂ ਇੱਕ ਸਿੱਖ ਵਿਅਕਤੀ ਆਪਣੀ ਕਾਰ ਲੈ ਕੇ ਉਸਦੇ ਪੁੱਤਰ ਨੂੰ ਹਸਪਤਾਲ ਲੈ ਗਿਆ। ਉਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।