Mohali News: ਮੋਹਾਲੀ ਜ਼ਿਲ੍ਹੇ ਦੇ ਪਿੰਡ ਮੁੰਡੋ ਸੰਗਤੀਆਂ ਤੋਂ ਬਾਅਦ ਹੁਣ ਪਿੰਡ ਜੰਡਪੁਰ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਪਿੰਡ ਜੰਡਪੁਰ ਦੀ ਨੌਜਵਾਨ ਸਭਾ ਨੇ ਪਿੰਡ ਵਿੱਚ ਬੀੜੀ, ਸਿਗਰਟ ਪੀਣ ਅਤੇ ਗੁਟਕਾ ਖਾਣ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਦੇ ਨਾਲ ਹੀ ਬਿਹਾਰ-ਯੂਪੀ ਅਤੇ ਪਿੰਡ ਵਿੱਚ ਰਹਿਣ ਵਾਲੇ ਦੂਜੇ ਰਾਜਾਂ ਦੇ ਪ੍ਰਵਾਸੀ ਲੋਕਾਂ ਨੂੰ ਆਪਣੀ ਵੈਰੀਫੀਕੇਸ਼ਨ ਕਰਵਾਉਣੀ ਪਵੇਗੀ। ਗੈਰ-ਪੰਜਾਬੀਆਂ 'ਤੇ ਰਾਤ 9 ਵਜੇ ਤੋਂ ਬਾਅਦ ਪਿੰਡ ਵਿੱਚ ਘੁੰਮਣ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਇਕ ਕਮਰੇ ਵਿਚ ਦੋ ਤੋਂ ਵੱਧ ਲੋਕਾਂ ਦੇ ਰਹਿਣ 'ਤੇ ਵੀ ਪਾਬੰਦੀ ਲਗਾਈ ਗਈ ਹੈ। ਇਸ ਤੋਂ ਪਹਿਲਾਂ ਮੁਹਾਲੀ ਦੇ ਪਿੰਡ ਮੁੰਢੋ ਸੰਗਤੀਆਂ ਵਿੱਚ ਮਤਾ ਪਾਸ ਕਰਕੇ ਉਥੇ ਰਹਿੰਦੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ਦਿੱਤੇ ਗਏ ਸਨ।


COMMERCIAL BREAK
SCROLL TO CONTINUE READING

ਜੰਡਪੁਰ ਪਿੰਡ ਮੁਹਾਲੀ ਜ਼ਿਲ੍ਹੇ ਦੀ ਨਗਰ ਕੌਂਸਲ ਖਰੜ ਅਧੀਨ ਆਉਂਦਾ ਹੈ। ਨਗਰ ਕੌਂਸਲ ਦੇ ਵਾਰਡ-4 ਦੇ ਕੌਂਸਲਰ ਅਤੇ ਪਿੰਡ ਜੰਡਪੁਰ ਦੀ ਨੌਜਵਾਨ ਸਭਾ ਦੇ ਮੈਂਬਰ ਗੋਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਬਿਹਾਰ-ਯੂਪੀ ਅਤੇ ਹੋਰ ਰਾਜਾਂ ਦੇ ਲੋਕਾਂ ਲਈ ਕੁੱਲ 11 ਨਿਯਮ ਬਣਾਏ ਗਏ ਹਨ। ਚੀਮਾ ਦੇ ਮੁਤਾਬਿਕ ਸਭਾ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਜੇਕਰ ਪਿੰਡ ਵਿੱਚ ਰਹਿਣ ਵਾਲਾ ਕੋਈ ਵੀ ਪ੍ਰਵਾਸੀ ਵਿਅਕਤੀ ਕਿਸੇ ਅਪਰਾਧ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਜਿਸ ਘਰ ਵਿੱਚ ਉਹ ਰਹਿ ਰਿਹਾ ਹੈ, ਉਸ ਦਾ ਮਕਾਨ ਮਾਲਕ ਵੀ ਜ਼ਿੰਮੇਵਾਰ ਹੋਵੇਗਾ।


ਚੀਮਾ ਨੇ ਕਿਹਾ ਕਿ ਨੌਜਵਾਨ ਸਭਾ ਨੇ ਪਿੰਡ ਵਿੱਚ ਆਪਣੇ ਨਵੇਂ ਨਿਯਮਾਂ ਨਾਲ ਸਬੰਧਤ ਬੋਰਡ ਲਗਾ ਦਿੱਤੇ ਹਨ। ਅਗਲੇ 15 ਦਿਨਾਂ ਤੱਕ ਇਸ ਦੇ ਮੈਂਬਰ ਘਰ-ਘਰ ਜਾ ਕੇ ਇਸ ਬਾਰੇ ਜਾਗਰੂਕਤਾ ਕਰਨਗੇ। ਜੇਕਰ ਕੋਈ 15 ਦਿਨਾਂ ਬਾਅਦ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾਵੇਗਾ।


ਨੌਜਵਾਨ ਸਭਾ ਮੈਂਬਰ ਗੋਵਿੰਦਰ ਸਿੰਘ ਚੀਮਾ ਅਨੁਸਾਰ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕ ਪਿੰਡ ਵਿੱਚ ਜਿੱਥੇ ਵੀ ਦਿਲ ਕਰਦਾ ਹੈ, ਉੱਥੇ ਹੀ ਗੰਦਗੀ ਸੁੱਟ ਦਿੰਦੇ ਹਨ। ਸਹੀ ਕੱਪੜੇ ਨਹੀਂ ਪਾਉਂਦੇ। ਪਿਛਲੇ ਕੁੱਝ ਸਮੇਂ ਵਿੱਚ ਅਪਰਾਧ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ। ਇਨ੍ਹਾਂ ਸਾਰੇ ਮੁੱਦਿਆਂ ਦੇ ਮੱਦੇਨਜ਼ਰ ਨੌਜਵਾਨ ਸਭਾ ਨੇ ਸਰਬਸੰਮਤੀ ਨਾਲ ਕੁਝ ਨਿਯਮ-ਕਾਨੂੰਨ ਤੈਅ ਕੀਤੇ ਹਨ।


ਚੀਮਾ ਅਨੁਸਾਰ ਜਿਸ ਤਰ੍ਹਾਂ ਵੱਡੀਆਂ ਰਿਹਾਇਸ਼ੀ ਸੁਸਾਇਟੀਆਂ ਉੱਥੇ ਰਹਿਣ ਵਾਲੇ ਲੋਕਾਂ ਲਈ ਨਿਯਮ ਬਣਾਉਂਦੀਆਂ ਹਨ, ਉਸੇ ਤਰ੍ਹਾਂ ਪਿੰਡ ਦੀ ਨੌਜਵਾਨ ਸਭਾ ਨੇ ਵੀ ਕੁਝ ਨਿਯਮ ਬਣਾਏ ਹਨ। ਉਮੀਦ ਹੈ ਕਿ ਹਰ ਕੋਈ ਇਨ੍ਹਾਂ ਦੀ ਪਾਲਣਾ ਕਰੇਗਾ। ਜਦੋਂ ਇਹ ਪੁੱਛਿਆ ਗਿਆ ਕਿ ਕੀ ਇਹ ਨਿਯਮ ਸਿਰਫ ਬਾਹਰਲੇ ਰਾਜਾਂ ਦੇ ਲੋਕਾਂ 'ਤੇ ਲਾਗੂ ਹੋਣਗੇ ਜਾਂ ਸਾਰਿਆਂ 'ਤੇ? ਇਸ ਲਈ ਚੀਮਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਿਯਮ ਸਾਰੇ ਲੋਕਾਂ 'ਤੇ ਲਾਗੂ ਹੋਣਗੇ। ਹਾਲਾਂਕਿ, 11 ਵਿੱਚੋਂ 9 ਨਿਯਮ ਸਿੱਧੇ ਤੌਰ 'ਤੇ ਦੱਸਦੇ ਹਨ ਕਿ ਉਹ ਬਾਹਰਲੇ ਰਾਜਾਂ ਦੇ ਲੋਕਾਂ 'ਤੇ ਲਾਗੂ ਹੋਣਗੇ।


ਚੀਮਾ ਨੇ ਕਿਹਾ ਕਿ ਨੌਜਵਾਨ ਸਭਾ ਵਿੱਚ ਪਿੰਡ ਦੇ ਹਰ ਘਰ ਵਿੱਚੋਂ ਇੱਕ ਮੈਂਬਰ ਸ਼ਾਮਲ ਹੁੰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਪਿੰਡ ਦਾ ਮਾਹੌਲ ਖ਼ਰਾਬ ਨਾ ਹੋਵੇ। ਇਸ ਦੇ ਲਈ ਪਹਿਲੇ ਪੜਾਅ ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਦੂਜੇ ਪੜਾਅ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਭਾ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਪਿੰਡ ਵਿੱਚ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਨੌਜਵਾਨ ਬਿਨਾਂ ਦਸਤਾਵੇਜ਼ਾਂ ਅਤੇ ਨੰਬਰ ਪਲੇਟ ਤੋਂ ਵਾਹਨ ਨਹੀਂ ਚਲਾ ਸਕੇਗਾ। ਇਸ ਤੋਂ ਇਲਾਵਾ ਜੇਕਰ ਪਿੰਡ ਦੇ ਕਿਸੇ ਵੀ ਘਰ ਵਿੱਚ ਵਿਆਹ ਹੁੰਦਾ ਹੈ ਜਾਂ ਬੱਚਾ ਪੈਦਾ ਹੁੰਦਾ ਹੈ ਤਾਂ ਖੁਸਰਿਆਂ ਨੂੰ 2100 ਰੁਪਏ ਦੀ ਵਧਾਈ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਵੱਧ ਕੋਈ ਵਧਾਈ ਨਹੀਂ ਦਿੱਤੀ ਜਾਵੇਗੀ।


ਪੰਜਾਬ ਵਿੱਚ ਜੰਡਪੁਰ ਦੀ ਨੌਜਵਾਨ ਸਭਾ ਦੇ 11 ਨਿਯਮ


1. ਜੇਕਰ ਬਿਹਾਰ-ਯੂਪੀ ਅਤੇ ਹੋਰ ਰਾਜਾਂ ਦੇ ਲੋਕ ਪਿੰਡ ਵਿੱਚ ਕਿਰਾਏ 'ਤੇ ਮਕਾਨ ਲੈਂਦੇ ਹਨ ਤਾਂ ਉਨ੍ਹਾਂ ਦੀ ਵੈਰੀਫਿਕੇਸ਼ਨ ਜ਼ਰੂਰੀ ਹੋਵੇਗੀ।
2. ਬਾਹਰਲੇ ਰਾਜਾਂ ਦਾ ਕੋਈ ਵੀ ਵਿਅਕਤੀ ਪਿੰਡ ਵਿੱਚ ਪਾਨ-ਗੁਟਕਾ ਨਹੀਂ ਖਾ ਸਕੇਗਾ। ਸਿਗਰਟ ਅਤੇ ਬੀੜੀਆਂ ਪੀਣ 'ਤੇ ਪਾਬੰਦੀ ਹੋਵੇਗੀ।
3. ਬਾਹਰਲੇ ਰਾਜਾਂ ਦੇ ਲੋਕਾਂ ਵੱਲੋਂ ਕਿਰਾਏ 'ਤੇ ਲਏ ਘਰਾਂ ਵਿੱਚ ਡਸਟਬਿਨ ਹੋਣਾ ਜ਼ਰੂਰੀ ਹੋਵੇਗਾ। ਇਸ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੋਵੇਗੀ।
4. ਬਾਹਰਲੇ ਰਾਜਾਂ ਦੇ ਲੋਕ ਰਾਤ 9 ਵਜੇ ਤੋਂ ਬਾਅਦ ਪਿੰਡਾਂ ਦੀਆਂ ਗਲੀਆਂ ਵਿੱਚ ਨਹੀਂ ਘੁੰਮ ਸਕਣਗੇ।
5. ਕਿਰਾਏ ਦੇ ਇੱਕ ਕਮਰੇ ਵਿੱਚ ਦੋ ਤੋਂ ਵੱਧ ਲੋਕ ਨਹੀਂ ਰਹਿ ਸਕਣਗੇ। ਸਾਰੇ ਕਿਰਾਏਦਾਰਾਂ ਦੀ ਤਸਦੀਕ ਜ਼ਰੂਰੀ ਹੋਵੇਗੀ।
6. ਬਾਹਰਲੇ ਰਾਜਾਂ ਦਾ ਕੋਈ ਵੀ ਵਿਅਕਤੀ ਅੱਧਾ ਨੰਗਾ (ਬੈਸਟ, ਹਾਫ ਪੈਂਟ, ਚਾਦਰ ਪਾ ਕੇ) ਘੁੰਮਦਾ ਨਜ਼ਰ ਨਾ ਆਵੇ।
7. ਕਿਰਾਏਦਾਰਾਂ ਦੇ ਵਾਹਨਾਂ ਲਈ ਪਾਰਕਿੰਗ ਜ਼ਰੂਰੀ ਹੋਵੇਗੀ। ਸੜਕ 'ਤੇ ਕਿਸੇ ਦਾ ਵਾਹਨ ਨਹੀਂ ਖੜ੍ਹਾ ਕੀਤਾ ਜਾਵੇਗਾ।
8.  ਪਾਣੀ ਦੀ ਸਮੱਸਿਆ ਦੇ ਮੱਦੇਨਜ਼ਰ ਇੱਕ ਘਰ ਨੂੰ ਸਿਰਫ਼ ਇੱਕ ਕੁਨੈਕਸ਼ਨ ਦਿੱਤਾ ਜਾਵੇਗਾ।
9. ਜੇਕਰ ਕੋਈ ਪਰਵਾਸੀ ਵਿਅਕਤੀ ਪਿੰਡ ਵਿੱਚ ਕਿਸੇ ਅਪਰਾਧ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਜਾਂ ਕੋਈ ਅਪਰਾਧ ਕਰਦਾ ਹੈ ਤਾਂ ਉਸਦਾ ਜਿੰਮੇਵਾਰ ਮਕਾਨ ਮਾਲਕ ਹੋਵੇਗਾ।
10. ਪਿੰਡ ਵਿੱਚ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਨੌਜਵਾਨ ਬਿਨਾਂ ਦਸਤਾਵੇਜ਼ਾਂ ਅਤੇ ਨੰਬਰ ਪਲੇਟ ਤੋਂ ਵਾਹਨ ਨਹੀਂ ਚਲਾ ਸਕੇਗਾ।
11. ਪਿੰਡ ਦੇ ਕਿਸੇ ਵੀ ਘਰ ਵਿੱਚ ਵਿਆਹ ਜਾਂ ਬੱਚੇ ਦੇ ਜਨਮ 'ਤੇ ਖੁਸਰਿਆਂ ਨੂੰ 2100 ਰੁਪਏ ਦੀ ਵਧਾਈ ਰਾਸ਼ੀ ਦਿੱਤੀ ਜਾਵੇਗੀ।