ਐੱਸਜੀਪੀਸੀ ਕਮਜ਼ੋਰ ਨਹੀਂ, ਐੱਸਜੀਪੀਸੀ ਨੂੰ ਕਮਜ਼ੋਰ ਕੀਤਾ ਗਿਆ : MP ਰਵਨੀਤ ਬਿੱਟੂ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਤੋਂ ਬਾਅਦ ਸੂਬੇ ’ਚ ਸਿਆਸਤ ਇਕ ਵਾਰ ਫੇਰ ਗਰਮਾ ਗਈ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਸੀ ਕਿ ਐੱਸਜੀਪੀਸੀ (SGPC) ਪਹਿਲਾਂ ਨਾਲੋਂ ਕਾਫ਼ੀ ਕਮਜ਼ੋਰ ਹੋ ਚੁੱਕੀ ਹੈ।
ਚੰਡੀਗੜ੍ਹ: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਤੋਂ ਬਾਅਦ ਸੂਬੇ ’ਚ ਸਿਆਸਤ ਇਕ ਵਾਰ ਫੇਰ ਗਰਮਾ ਗਈ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਸੀ ਕਿ ਐੱਸਜੀਪੀਸੀ (SGPC) ਪਹਿਲਾਂ ਨਾਲੋਂ ਕਾਫ਼ੀ ਕਮਜ਼ੋਰ ਹੋ ਚੁੱਕੀ ਹੈ। ਪਹਿਲਾਂ ਐੱਸਜੀਪੀਸੀ ਦੇ ਇੱਕ ਬਿਆਨ ਨਾਲ ਦਿੱਲੀ ਹਿੱਲ ਜਾਇਆ ਕਰਦੀ ਸੀ, ਪਰ ਹੁਣ ਤਾਂ ਦਿੱਲੀ ’ਚ ਵੀ ਸੁਣਵਾਈ ਨਹੀਂ ਹੋ ਰਹੀ।
ਬੰਦੀ ਸਿੰਘਾਂ ਦੀ ਰਿਹਾਈ ਲਈ ਬਾਦਲ ਜੋੜੇ ਨੇ ਦਿੱਤਾ ਸੀ ਧਰਨਾ
ਇੱਥੇ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵਲੋਂ ਸੰਸਦ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਮੌਕੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਵੀ ਬਾਦਲ ਜੋੜੇ ਨਾਲ ਮੌਜੂਦ ਰਹੇ। ਬਾਦਲ ਜੋੜੇ ਦੇ ਦਿੱਲੀ ’ਚ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਸੀ।
ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ’ਤੇ ਸੰਸਦ ਮੈਂਬਰ ਬਿੱਟੂ ਦਾ ਪਲਟਵਾਰ
ਐੱਸਜੀਪੀਸੀ ਦੇ ਕਮਜ਼ੋਰ ਹੋ ਜਾਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਤੋਂ ਬਾਅਦ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਟਵੀਟ ਰਾਹੀਂ ਪਲਟਵਾਰ ਕੀਤਾ ਹੈ। ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ "ਜਥੇਦਾਰ ਸਾਹਿਬ ਐੱਸਜੀਪੀਸੀ ਕਮਜ਼ੋਰ ਨਹੀਂ ਹੋਈ, ਬਲਕਿ ਇਸਨੂੰ ਕਮਜ਼ੋਰ ਕੀਤਾ ਗਿਆ ਹੈ।" ਅਕਾਲ ਤਖ਼ਤ ਦੇ ਜਥੇਦਾਰ ਅਤੇ ਸੰਸਥਾ ਦੇ ਪ੍ਰਧਾਨ ਗੁਰਬਾਣੀ ਰਾਹੀਂ ਗੁਰੂਆਂ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦੀ ਆਪਣੀ ਜ਼ਿੰਮੇਵਾਰੀ ਭੁੱਲ ਚੁੱਕੇ ਹਨ।
ਬਾਦਲਾਂ ਦੇ ਇਸ਼ਾਰਿਆਂ ’ਤੇ ਚੱਲਣ ਵਾਲਾ, ਉਨ੍ਹਾਂ ਦੀ ਤਰ੍ਹਾਂ ਹੀ ਖ਼ਤਮ ਹੋ ਜਾਵੇਗਾ - ਬਿੱਟੂ
ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਦੀ ਬਜਾਏ ਜੇਕਰ ਅੱਤਵਾਦੀਆਂ, ਲੁਟੇਰਿਆਂ ਤੇ ਡਾਕੂਆਂ ਦੀਆਂ ਤਸਵੀਰਾਂ ਗੁਰੂ ਘਰਾਂ ’ਚ ਲਗਾਕੇ ਸਿੱਖਾਂ ਦੀ ਰਿਹਾਈ ਦੀ ਗੱਲ ਕਰੋਗੇ ਤਾਂ ਤੁਹਾਡੀ ਗੱਲ ਕੋਣ ਸੁਣੇਗਾ? ਜੋ ਜਥੇਦਾਰ ਅਤੇ ਐੱਸਜੀਪੀਸੀ ਪ੍ਰਧਾਨ ਬਾਦਲਾਂ ਦੇ ਇਸ਼ਾਰਿਆਂ ’ਤੇ ਚੱਲੇਗਾ, ਉਹ ਬਾਦਲਾਂ ਦੀ ਤਰ੍ਹਾਂ ਖਤਮ ਹੋ ਜਾਵੇਗਾ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਸ ਵਿਅਕਤੀ ਨੂੰ ਜਥੇਦਾਰ ਥਾਪਿਆ ਜਾਵੇ, ਜੋ ਸਹੀ ਅਰਥਾਂ ’ਚ ਸੰਗਤ ਨੂੰ ਗੁਰੂ ਅਤੇ ਗੁਰਬਾਣੀ ਨਾਲ ਜੋੜਨ ਦਾ ਕੰਮ ਕਰੇ। ਬਿੱਟੂ ਨੇ ਕਿਹਾ ਜੇਕਰ ਸਚਮੁੱਚ ਸਹੀ ਅਰਥਾਂ ’ਚ ਮਹਾਨ ਸੰਸਥਾ ਦਾ ਸਿਰ ਉੱਚਾ ਰੱਖਣਾ ਹੈ ਤਾਂ ਸਾਨੂੰ ਗੁਰਬਾਣੀ ’ਚ ਦਰਸਾਏ ਗਏ ਮਾਰਗ ’ਤੇ ਚੱਲਣਾ ਹੋਵੇਗਾ।