ਤਸ਼ੱਦਦ ਕਰਨ ਮਗਰੋਂ ਨੌਜਵਾਨ ’ਤੇ ਚੜ੍ਹਾਇਆ ਟਰੈਕਟਰ, ਦਿੱਤੀ ਦਰਦਨਾਕ ਮੌਤ
ਜਲਾਲਾਬਾਦ ਦੇ ਪਿੰਡ ਬੁੱਧੋਕੇ ’ਚ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਚੰਡੀਗੜ੍ਹ: ਜਲਾਲਾਬਾਦ ਦੇ ਥਾਣਾ ਵੈਰੋਕਾ ਅਧੀਨ ਪੈਂਦੇ ਪਿੰਡ ਬੁੱਧੋਕੇ ’ਚ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕ ਨੌਜਵਾਨ ’ਤੇ ਪਿੰਡ ਦੇ ਧਨਾਢ ਬਣਾ ਰਹੇ ਸਨ ਦਬਾਅ
ਮ੍ਰਿਤਕ ਦੀ ਪਹਿਚਾਣ ਚਮਕੌਰ ਸਿੰਘ ਵਜੋਂ ਹੋਈ ਹੈ, ਮਾਮਲੇ ਦੀ ਜਾਣਕਾਰੀ ਦਿੰਦਿਆ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਿੰਡ ਦੇ ਕੁਝ ਧਨਾਢਾਂ ਵਲੋਂ ਉਨ੍ਹਾਂ ਦੇ ਲੜਕੇ ’ਤੇ ਕਿਸੇ ਗਲਤ ਕੰਮ ਦਾ ਇਲਜ਼ਾਮ ਲਗਾਏ ਜਾ ਰਹੇ ਸਨ। ਮ੍ਰਿਤਕ ਨੌਜਵਾਨ ਚਮਕੌਰ ਨੂੰ ਗਲਤ ਕੰਮ ਦੀ ਜ਼ਿੰਮੇਵਾਰੀ ਉਸਦੇ ਸਿਰ ਲੈਣ ਲਈ ਦਬਾਅ ਪਾਇਆ ਜਾ ਰਿਹਾ ਸੀ, ਜਿਸਦਾ ਵਿਰੋਧ ਕਰਦਿਆਂ ਉਸਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।
ਧੋਖੇ ਨਾਲ ਨੌਜਵਾਨ ਨੂੰ ਧਨਾਢਾਂ ਨੇ ਆਪਣੇ ਘਰ ਬੁਲਾਇਆ
ਚਮਕੌਰ ਦੇ ਜਵਾਬ ਦੇਣ ਤੋਂ ਬਾਅਦ ਪਿੰਡ ਦੇ ਧਨਾਡਾਂ ਨੇ ਉਸਨੂੰ ਘਰੇ ਬੁਲਾ ਕੇ ਕੁੱਟਮਾਰ ਕੀਤੀ ਤੇ ਬਾਅਦ ’ਚ ਬੇਰਹਿਮੀ ਨਾਲ ਉਸ ’ਤੇ ਟਰੈਕਟਰ ਚੜ੍ਹਾ ਦਿੱਤਾ। ਜਦੋਂ ਪਰਿਵਾਰਕ ਮੈਂਬਰਾਂ ਵਲੋਂ ਉਸਨੂੰ ਜ਼ਖਮੀ ਹਾਲਤ ’ਚ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ’ਚ ਚਮਕੌਰ ਸਿੰਘ ਨੇ ਦਮ ਤੋੜ ਦਿੱਤਾ।
ਪੁਲਿਸ ਨੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਕੀਤਾ ਦਰਜ
ਮਾਮਲੇ ਦੀ ਇਤਲਾਹ ਮਿਲਣ ਉਪਰੰਤ ਜੀ. ਐੱਸ. ਸੰਘਾ (SP) ਨੇ ਪੀੜਤ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ 6 ਵਿਅਕਤੀਆਂ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੰਦਿਆ ਕਿਹਾ ਕਿ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।