ਭਾਜਪਾ ’ਚ ਸ਼ਾਮਲ ਹੋਣ ਮਗਰੋਂ ਬੋਲੇ ਕੈਪਟਨ, `ਮੇਰਾ ਕੰਮ ਪੰਜਾਬ ਦੇ ਹਿੱਤਾਂ ਲਈ ਲੜਨਾ ਹੈ ਤੇ ਮੈਂ ਲੜਾਂਗਾ`
ਸਾਬਕਾ CM ਕੈਪਟਨ ਅਮਰਿੰਦਰ ਸਿੰਘ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਦਿੱਲੀ ਵਿਖੇ ਭਾਜਪਾ ’ਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਸਿਆਸੀ ਪਾਰਟੀ (PLC) ਦਾ ਵੀ ਭਾਜਪਾ ’ਚ ਰਲੇਵਾਂ ਕਰ ਦਿੱਤਾ।
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੈਅ ਪ੍ਰੋਗਰਾਮ ਅਨੁਸਾਰ ਦਿੱਲੀ ਵਿਖੇ ਭਾਜਪਾ ’ਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਸਿਆਸੀ ਪਾਰਟੀ (PLC) ਦਾ ਵੀ ਭਾਜਪਾ ’ਚ ਰਲੇਵਾਂ ਕਰ ਦਿੱਤਾ।
ਮੇਰਾ ਕੰਮ ਪੰਜਾਬ ਦੇ ਹਿੱਤਾਂ ਲਈ ਲੜਨਾ ਹੈ ਤੇ ਮੈਂ ਲੜਾਂਗਾ: ਕੈਪਟਨ
ਭਾਜਪਾ ’ਚ ਸ਼ਾਮਲ ਹੋਣ ਮਗਰੋਂ ਮੀਡੀਆ ਦੇ ਰੂਬਰੂ ਹੁੰਦਿਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, "ਪੰਜਾਬ ਭਾਰਤ ਦਾ ਸਰਹੱਦੀ ਸੂਬਾ ਹੋਣ ਕਾਰਨ ਇਸਦੀਆਂ ਆਪਣੀਆਂ ਚੁਣੌਤੀਆਂ ਹਨ।" ਮੈਂ ਮੁੱਖ ਮੰਤਰੀ ਹੁੰਦਿਆ ਪਾਕਿਸਤਾਨ ਨਾਲ ਭਾਰਤ ਦੇ ਸਬੰਧ ਖ਼ਰਾਬ ਹੁੰਦੇ ਦੇਖੇ ਹਨ। ਇਸ ਸਬੰਧੀ ਮੇਰਾ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਲਗਾਤਾਰ ਵਿਚਾਲ ਵਟਾਂਦਰਾ ਹੋ ਰਿਹਾ ਸੀ। ਹਾਲ ਹੀ ’ਚ ਬਾਰਡਰ ’ਤੇ ਡਰੋਨਾਂ (Drones) ਦੇ ਨਾਲ ਨਾਲ ਨਸ਼ੇ ਦਾ ਖ਼ਤਰਾ ਵੀ ਵੱਧ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਦੇਸ਼ ਦੇ ਹਿੱਤਾਂ ਦੀ ਦੇਖਭਾਲ ਕਰਨ ਵਾਲੀ ਪਾਰਟੀ ’ਚ ਸ਼ਾਮਲ ਹੋਣ ਦਾ ਸਮਾਂ ਆ ਗਿਆ ਹੈ।
ਕੈਪਟਨ ਨੇ ਰਾਜਨੀਤੀ ਨੂੰ ਰਾਸ਼ਟਰੀ ਸੁਰੱਖਿਆ ਤੋਂ ਉੱਪਰ ਨਹੀਂ ਸਮਝਿਆ: ਰਿਜਿਜੂ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ’ਚ ਸ਼ਾਮਲ ਕਰਵਾਉਣ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ (Narendra Singh Tomar) ਅਤੇ ਕਿਰਿਨ ਰਿਜਿਜੂ ਮੌਜੂਦ ਰਹੇ। ਇਸ ਮੌਕੇ ਕੇਂਦਰੀ ਮੰਤਰੀ ਕਿਰਨ ਰਿਜਿਜੂ (Kiren Rijiju) ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਦੇਸ਼ ਦੇ ਸਹੀ ਸੋਚ ਵਾਲੇ ਲੋਕਾਂ ਨੂੰ ਇਕਜੁੱਟ ਰਹਿਣਾ ਚਾਹੀਦਾ ਹੈ, ਪੰਜਾਬ ਵਰਗੇ ਸੰਵੇਦਨਸ਼ੀਲ ਸੂਬੇ ਨੂੰ ਸਾਵਾਧਾਨੀ ਨਾਲ ਸੰਭਾਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਮੁੱਖ ਮੰਤਰੀ ਰਹਿੰਦਿਆਂ ਕਦੇ ਵੀ ਰਾਜਨੀਤੀ ਨੂੰ ਰਾਸ਼ਟਰੀ ਸੁਰੱਖਿਆ ਤੋਂ ਉੱਪਰ ਨਹੀਂ ਸਮਝਿਆ।
ਭਾਜਪਾ ਅਤੇ ਕੈਪਟਨ ਦੇ ਸਿਧਾਂਤ ਇਕੋ ਹਨ, ਜੋ ਅਸੀਂ ਇੱਕ ਪਲੇਟਫ਼ਾਰਮ ’ਤੇ ਹਾਂ: ਤੋਮਰ
ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਜਿਹੀ ਪਾਰਟੀ ਹੈ ਜਿਸਨੇ ਦੇਸ਼ ਨੂੰ ਪਹਿਲਾਂ ਅਤੇ ਪਾਰਟੀ ਨੂੰ ਦੂਜੇ ਨੰਬਰ ’ਤੇ ਰੱਖਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਹਮੇਸ਼ਾ ਇਸ ਸਿਧਾਂਤ ਨੂੰ ਆਪਣੇ ਜੀਵਨ ’ਚ ਲਾਗੂ ਕੀਤਾ, ਜਿਸਦਾ ਨਤੀਜਾ ਹੈ ਕਿ ਅੱਜ ਅਸੀਂ ਸਾਰੇ ਇੱਕ ਪਲੇਟਫ਼ਾਰਮ ’ਤੇ ਹਾਂ। ਉਨ੍ਹਾਂ ਦੇ ਭਾਜਪਾ ਪਾਰਟੀ ’ਚ ਆਉਣ ਨਾਲ ਜਿੱਥੇ ਪਾਰਟੀ ਮਜ਼ਬੂਤ ਹੋਵੇਗੀ ਉੱਥੇ ਹੀ ਇਹ ਪੰਜਾਬ ਦੇ ਵਿਕਾਸ ਵੱਲ ਇੱਕ ਇਤਿਹਾਸਕ ਕਦਮ ਹੋਵੇਗਾ।