ਚੰਡੀਗੜ: ਪੰਜਾਬ ਸਰਕਾਰ ਵੱਲੋਂ ਭਲੇ ਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪ੍ਰੰਤੂ ਸਰਕਾਰ ਖ਼ਿਲਾਫ਼ ਕੱਚੇ ਮੁਲਾਜ਼ਮਾਂ ਵਿਚ ਰੋਸ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਪੰਜਾਬ ਦੇ ਨਰੇਗਾ ਮੁਲਾਜ਼ਮਾਂ ਨੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਧੂਰੀ ਵਿਖੇ ਬਿਗੁਲ ਵਜਾ ਦਿੱਤਾ ਹੈ। ਕਨਵੈਨਸ਼ਨ ਵਿੱਚ ਸੂਬਾ ਭਰ ਦੇ ਸੈਂਕੜੇ ਨਰੇਗਾ ਮੁਲਾਜ਼ਮਾਂ ਨੇ ਭਾਗ ਲਿਆ।


COMMERCIAL BREAK
SCROLL TO CONTINUE READING

 


ਆਗੂਆਂ ਨੇ ਸੂਬਾ ਸਰਕਾਰ 'ਤੇ ਦੋਸ਼ ਲਾਇਆ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ। ਭਾਵੇਂ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਇਕ ਪਾਲਿਸੀ ਵੀ ਬਣਾਈ ਜਾ ਚੁੱਕੀ ਹੈ ਜਿਸ ਤਹਿਤ ਕੁੱਝ ਕੁ ਕੱਚੇ ਅਧਿਆਪਕ ਪੱਕੇ ਵੀ ਕੀਤੇ ਜਾ ਚੁੱਕੇ ਹਨ ਪ੍ਰੰਤੂ ਨਰੇਗਾ ਮੁਲਾਜ਼ਮਾਂ ਨਾਲ ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਜਿਹੜਾ ਭਗਵੰਤ ਮਾਨ ਚੋਣਾਂ ਤੋਂ ਪਹਿਲਾਂ ਨਰੇਗਾ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਕਹਿੰਦਾ ਸੀ ਕਿ ਜੇਕਰ ਉਹ ਮੁੱਖ ਮੰਤਰੀ ਬਣਿਆ ਤਾਂ ਫਿਰ ਵੀ ਨਰੇਗਾ ਮੁਲਾਜ਼ਮ ਆਗੂਆਂ ਨਾਲ ਇਸੇ ਤਰ੍ਹਾਂ ਬੈਠ ਕੇ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕਰੇਗਾ।


 


ਅੱਜ ਮੁੱਖ ਮੰਤਰੀ ਬਣਨ 'ਤੇ ਉਨ੍ਹਾਂ ਨੂੰ ਮਿਲਣਾ ਤਾਂ ਦੂਰ ਦੀ ਗੱਲ ਉਨ੍ਹਾਂ ਦੇ ਦਰਸ਼ਨ ਵੀ ਕਰਨੇ ਸੰਭਵ ਨਹੀਂ। ਉਨ੍ਹਾਂ ਦੱਸਿਆ ਕਿ ਨਰੇਗਾ ਮੁਲਾਜ਼ਮ ਪਿਛਲੇ ਪੰਦਰਾਂ ਸਾਲਾਂ ਤੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਸਾਰੇ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਹੋਈ ਹੈ। ਸੋ ਕਿ ਸਰਕਾਰ ਦੁਆਰਾ ਬਣਾਈ ਪਾਲਿਸੀ ਦੀਆਂ ਸਾਰੀਆਂ ਮੱਦਾਂ ਇੰਨ-ਬਿੰਨ ਪੂਰੀਆਂ ਕਰਦੇ ਹਨ। ਸਰਕਾਰ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਕਰਕੇ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਝੂਠਾ ਦਾਅਵਾ ਕਰਕੇ ਦੂਜੇ ਸੂਬਿਆਂ ਵਿੱਚ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ ਪ੍ਰੰਤੂ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਹੈ।


 


ਆਗੂਆਂ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਕਾਰਜਕਾਲ਼ ਦੌਰਾਨ 70% ਵਿਕਾਸ ਕਾਰਜ ਨਰੇਗਾ ਤਹਿਤ ਹੀ ਹੋਏ ਹਨ ਇਸ ਸਰਕਾਰ ਵਿੱਚ ਵੀ ਸਰਕਾਰ ਵੱਲੋਂ ਸਮੁੱਚੇ ਵਿਕਾਸ ਕਾਰਜ ਨਰੇਗਾ ਤਹਿਤ ਹੀ ਕਰਵਾਏ ਜਾ ਰਹੇ ਹਨ। ਪਿੰਡਾਂ ਦੇ ਗੈਰ ਹੁਨਰਮੰਦ ਕਾਮਿਆਂ ਨੂੰ ਰੁਜ਼ਗਾਰ ਦੀ ਗਰੰਟੀ ਦੇਣ ਵਾਲੇ ਅੱਜ ਪੜ੍ਹ ਲਿਖਕੇ ਪੰਦਰਾਂ ਸਾਲਾਂ ਤੋਂ ਵੱਧ ਸਮਾਂ ਵਿਭਾਗ ਵਿੱਚ ਸੇਵਾਵਾਂ ਨਿਭਾਉਣ ਦੇ ਬਾਵਜੂਦ ਵੀ ਖ਼ੁਦ ਬੇਰੁਜ਼ਗਾਰ ਹਨ। ਆਗੂਆਂ ਨੇ ਦੱਸਿਆ ਕਿ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਵੱਖ-ਵੱਖ ਵਿਧਾਇਕਾਂ, ਮੰਤਰੀਆਂ, ਸਬ ਕਮੇਟੀ ਮੈਂਬਰਾਂ ਅਤੇ ਖ਼ੁਦ ਮੁੱਖ ਮੰਤਰੀ ਨੂੰ ਮੰਗ ਪੱਤਰ ਅਤੇ ਯਾਦ ਪੱਤਰ ਦਿੱਤੇ ਜਾ ਰਹੇ ਹਨ ਪ੍ਰੰਤੂ ਹਰ ਵਾਰ ਸਮੇਂ ਦੀ ਘਾਟ ਹੋਣ ਦਾ ਬਹਾਨਾ ਬਣਾ ਕੇ ਟਾਲ ਦਿੱਤਾ ਜਾਂਦਾ ਹੈ। ਕਿੰਨੀਂ ਹੀ ਵਾਰ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲ ਚੁੱਕੇ ਹਾਂ ਪ੍ਰੰਤੂ ਉਨ੍ਹਾਂ ਵੱਲੋਂ ਕੋਈ ਵੀ ਚਾਰਾਜੋਈ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਨਹੀਂ ਕੀਤੀ ਜਾ ਰਹੀ। ਜੇਕਰ ਸਰਕਾਰ ਨੇ ਅਜੇ ਵੀ ਬਾਂਹ ਨਾ ਫੜਾਈ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।


 


WATCH LIVE TV