Narinder Kaur Bharaj Wedding- `ਆਪ` ਵਿਧਾਇਕਾ ਨਰਿੰਦਰ ਕੌਰ ਭਰਾਜ ਬਣਨਗੇ ਦੁਲਹਨ, ਕੱਲ੍ਹ ਕਰਵਾਉਣਗੇ ਵਿਆਹ
ਸੰਗਰੂਰ ਤੋਂ `ਆਪ` ਵਿਧਾਇਕਾ ਨਰਿੰਦਰ ਕੌਰ ਭਰਾਜ ਕੱਲ੍ਹ ਨੂੰ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਪਟਿਆਲਾ ਨੇੜੇ ਸਥਿਤ ਗੁਰਦੁਆਰਾ ਸਾਹਿਬ ਵਿਚ ਉਹਨਾਂ ਦਾ ਆਨੰਦ ਕਾਰਜ ਹੋਵੇਗਾ।ਇਹ ਵਿਆਹ ਸਮਾਗਮ ਬਿਲਕੁਲ ਸਾਦਾ ਹੋਵੇਗਾ।
ਕੀਰਤੀਪਾਲ/ਸੰਗਰੂਰ/ਨਿਊਜ਼ ਡੈਸਕ/ਚੰਡੀਗੜ: ਸੰਗਰੂਰ ਵਿਧਾਨ ਸਭਾ ਹਲਕੇ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਘਰ ਸ਼ਹਿਨਾਈ ਵੱਜਣ ਜਾ ਰਹੀ ਹੈ। ਨਰਿੰਦਰ ਕੌਰ ਭਰਾਜ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ ਅਤੇ ਕੱਲ੍ਹ ਯਾਨਿ ਕਿ 7 ਅਕਤੂਬਰ ਨੂੰ ਉਹਨਾਂ ਦਾ ਵਿਆਹ ਹੋਵੇਗਾ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਸ਼ਹਿਨਾਈ ਵੱਜੀ ਅਤੇ ਹੁਣ ਨਰਿੰਦਰ ਕੌਰ ਭਰਾਜ ਦੇ ਘਰ ਵਿਆਹ ਦੀਆਂ ਰੌਣਕਾਂ ਲੱਗਣਗੀਆਂ। ਤੁਹਾਨੂੰ ਦੱਸ ਦਈਏ ਕਿ ਆਪ ਵਿਧਾਇਕ ਨਰਿੰਦਰ ਕੌਰ ਭਰਾਜ ਸਭ ਤੋਂ ਛੋਟੀ ਉਮਰ ਦੀ ਐਮ. ਐਲ. ਏ. ਹੈ ਅਤੇ ਸਿਆਸਤ ਦੇ ਅਖਾੜੇ ਵਿਚ ਉਸਨੇ ਵੱਡੇ ਥੰਮ ਵਿਜੇ ਇੰਦਰ ਸਿੰਘ ਨੂੰ ਮਾਤ ਦਿੱਤੀ ਸੀ।
ਕੌਣ ਹੈ ਨਰਿੰਦਰ ਸਿੰਘ ਕੌਰ ਭਰਾਜ ਦਾ ਲਾੜਾ
28 ਸਾਲਾ ਦੇ ਨਰਿੰਦਰ ਕੌਰ ਭਰਾਜ 29 ਸਾਲਾ ਪਟਿਆਲਾ ਦੇ ਨੌਜਵਾਨ ਨਾਲ ਵਿਆਹ ਰਚਾਉਣ ਜਾ ਰਹੇ ਹਨ।ਉਨਾ ਦੇ ਜੀਵਨਸਾਥੀ ਇਕ ਆਮ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਅੱਜਕੱਲ ਪਟਿਆਲਾ ਵਿਖੇ ਰਹਿ ਰਹੇ ਹਨ। ਉਨ੍ਹਾ ਦੇ ਜੀਵਨ ਸਾਥੀ 2022 ਦੀਆ ਵਿਧਾਨ ਚੋਣਾ ਤੋਂ ਪਹਿਲਾਂ ਨਰਿੰਦਰ ਕੌਰ ਭਰਾਜ ਅਤੇ ਉਨ੍ਹਾ ਦੇ ਪਰਿਵਾਰ ਦੇ ਕਾਫੀ ਕਰੀਬੀ ਰਹੇ ਹਨ। ਦੋਵੇਂ ਪਰਿਵਾਰਾਂ ਅਤੇ ਕੁਝ ਖਾਸ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਵਿਆਹ ਪਟਿਆਲਾ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਬੜੇ ਹੀ ਸਾਦੇ ਢੰਗ ਨਾਲ ਰਚਾਇਆ ਜਾਵੇਗਾ। ਉਨ੍ਹਾ ਦੇ ਜੀਵਨਸਾਥੀ ਦਾ ਕੋਈ ਸਿਆਸੀ ਪਿਛੋਕੜ ਨਹੀ, ਨਾ ਹੀ ਉਹ ਸਿਆਸਤ ਵਿਚ ਸਰਗਰਮ ਹਨ।
ਭਰਾਜ ਦੀ ਸਿਆਸਤ ਵਿਚ ਐਂਟਰੀ ਸੀ ਜ਼ਬਰਦਸਤ
2022 ਵਿਧਾਨ ਸਭਾ ਚੋਣਾਂ ਦੌਰਾਨ ਨਰਿੰਦਰ ਕੌਰ ਭਰਾਜ ਨੇ ਪਹਿਲੀ ਵਾਰ ਚੋਣ ਲੜੀ ਸੀ ਅਤੇ ਪਹਿਲੀ ਵਾਰ ਹੀ ਸਿਆਸਤ ਦੇ ਪੁਰਾਣੇ ਖਿਡਾਰੀਆਂ ਨੂੰ ਧੂੜ ਚਟਾ ਦਿੱਤੀ।ਉਹਨਾਂ ਦਾ ਮੁਕਾਬਲਾ ਕਾਂਗਰਸ ਦੇ ਦਿੱਗਜ ਨੇਤਾ ਵਿਜੇ ਇੰਦਰ ਸਿੰਗਲਾ, ਭਾਜਪਾ ਦੇ ਅਸ਼ਵਨੀ ਸ਼ਰਮਾ ਅਤੇ ਅਕਾਲੀ ਦਲ ਦੇ ਵਿਰਨਜੀਤ ਗੋਲਡੀ ਨਾਲ ਸੀ। ਇਹਨਾਂ ਸਾਰਿਆਂ ਨੂੰ ਪਛਾੜਦੇ ਹੋਏ ਨਰਿੰਦਰ ਕੌਰ ਭਰਾਜ ਨੇ ਵੱਡੀ ਲੀਡ ਦੇ ਨਾਲ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੀ। ਉਹਨਾਂ ਨੇ ਆਪਣਾ ਨਾਮਜ਼ਦਗੀ ਪੱਤਰ ਵੀ ਸਕੂਟੀ 'ਤੇ ਜਾ ਕੇ ਭਰਿਆ ਸੀ ਜਿਸ ਸਮੇਂ ਉਹਨਾਂ ਦੇ ਮਾਤਾ ਉਹਨਾਂ ਦੇ ਨਾਲ ਗਏ ਸਨ।
ਸੰਘਰਸ਼ਮਈ ਸੀ ਭਰਾਜ ਦੀ ਜ਼ਿੰਦਗੀ
ਸਿਆਸਤ ਵਿਚ ਆਉਣ ਤੋਂ ਪਹਿਲਾਂ ਨਰਿੰਦਰ ਕੌਰ ਭਰਾਜ ਨੂੰ ਜ਼ਿੰਦਗੀ ਵਿਚ ਕਾਫ਼ੀ ਸੰਘਰਸ਼ ਕਰਨਾ ਪਿਆ।ਭਰਾਜ ਇਕ ਸਾਧਾਰਣ ਪਰਿਵਾਰ ਨਾਲ ਸਬੰਧ ਰੱਖਦੇ ਹਨ।ਉਹਨਾਂ ਦੇ ਭਰਾ ਦੀ ਮੌਤ ਛੋਟੀ ਉਮਰ ਵਿਚ ਹੋਣ ਤੋਂ ਬਾਅਦ ਸਾਰੀ ਜ਼ਿੰਮੇਦਾਰੀ ਉਹਨਾਂ ਉੱਤੇ ਆ ਗਈ ਅਤੇ ਖੇਤਾਂ ਵਿਚ ਜਾ ਕੇ ਉਹਨਾਂ ਨੇ ਖੁਦ ਖੇਤੀਬਾੜੀ ਦਾ ਕੰਮ ਕੀਤਾ।ਭਰਾਜ ਨੇ 2014 ਵਿਚ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕੀਤੀ ਸੀ ਅਤੇ ਇਕੱਲਿਆਂ ਨੇ ਸੰਗਰੂਰ ਜ਼ਿਲ੍ਹੇ ਵਿਚ ਆਮ ਆਦਮੀ ਪਾਰਟੀ ਦਾ ਬੂਥ ਲਗਾਇਆ ਸੀ ਉਸ ਵੇਲੇ ਕੋਈ ਵੀ ਆਪ ਦਾ ਬੂਥ ਲਗਾਉਣ ਲਈ ਅੱਗੇ ਨਹੀਂ ਆਇਆ ਸੀ।
WATCH LIVE TV