National Teacher Awards: ਨੈਸ਼ਨਲ ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਨੇ ਸਾਲ 2023 ਦੇ ਨੈਸ਼ਨਲ ਅਧਿਆਪਕ ਐਵਾਰਡ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸਾਲ ਦੇਸ਼ ਭਰ ’ਚੋਂ ਆਈਆਂ ਅਰਜ਼ੀਆਂ ਦੇ ਆਧਾਰ ’ਤੇ 50 ਅਧਿਆਪਕਾਂ ਨੂੰ ਇਸ ਖ਼ਿਤਾਬ ਲਈ ਚੁਣਿਆ ਗਿਆ ਹੈ, ਜਿਸ ਵਿਚ ਪੰਜਾਬ ਦੇ ਹਿੱਸੇ ਦੋ ਐਵਾਰਡ ਆਏ ਹਨ ਅਤੇ ਦੋਵੇਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ।

 

ਇਨ੍ਹਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਪਾਰ ਪੱਖੋਵਾਲ ਲੁਧਿਆਣਾ ਦੇ ਅੰਮ੍ਰਿਤਪਾਲ ਸਿੰਘ ਅਤੇ ਸਤਪਾਲ ਮਿੱਤਲ ਸਕੂਲ ਦੇ ਭੁਪਿੰਦਰ ਗੋਗੀਆ ਦਾ ਨਾਂਅ ਸ਼ਾਮਲ ਹੈ। ਦੋਵੇਂ ਅਧਿਆਪਕਾਂ ਨੂੰ 5 ਸਤੰਬਰ 2023 ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ 50 ਹਜ਼ਾਰ ਰੁਪਏ ਅਤੇ ਚਾਂਦੀ ਦੇ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਅਧਿਆਪਕਾਂ ਦੇ ਰਹਿਣ ਦੇ ਸਾਰੇ (3 ਤੋਂ 6 ਸਤੰਬਰ ) ਤਕ ਪ੍ਰਬੰਧ ਹੋਟਲ ਅਸ਼ੋਕ ਨਵੀਂ ਦਿੱਲੀ ਵਿਖੇ ਕੀਤੇ ਗਏ ਹਨ।

 



ਮਿਲੀ ਜਾਣਕਾਰੀ ਦੇ ਮੁਤਾਬਿਕ ਪੰਜਾਬ ਭਰ 'ਚੋਂ ਤੈਅ ਯੋਗਤਾਵਾਂ ਨੂੰ ਪੂਰਾ ਕਰਦੇ 6 ਅਧਿਆਪਕਾਂ ਨੇ ਅਰਜ਼ੀਆਂ ਦਾਖ਼ਲ ਕੀਤੀਆਂ ਸਨ। ਦੇਸ਼ ਭਰ ਵਿਚੋਂ  ਕੁੱਲ 154 ਨਾਮਜ਼ਦਗੀਆਂ ਹੋਈਆਂ ਸਨ ਜਿਨ੍ਹਾਂ ਵਿਚੋਂ ਨੈਸ਼ਨਲ ਲੈਵਲ ਦੇ ਜੱਜਮੈਂਟ ਪੈਨਲ ਨੇ 100 ਅੰਕਾਂ ਦੇ ਵੱਖ- ਵੱਖ ਮਾਪਦੰਡਾਂ ਦੇ ਆਧਾਰ ’ਤੇ 50 ਦੀ ਚੋਣ ਕੀਤੀ ਹੈ। 

 


 

ਕਾਂਗੜਾ ਜ਼ਿਲ੍ਹੇ ਦੇ ਇੰਦੌਰਾ ਬਲਾਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਹਤਲੀ ਦੇ ਬੁਲਾਰੇ ਵਿਜੇ ਕੁਮਾਰ ਡੋਗਰਾ ਨੂੰ ਦੇਸ਼ ਦੇ ਸਰਵਉੱਚ ਅਧਿਆਪਕ ਸਨਮਾਨ ਲਈ ਚੁਣਿਆ ਗਿਆ ਹੈ।ਅਧਿਆਪਕ ਦਿਵਸ ਦੇ ਮੌਕੇ 'ਤੇ 5 ਸਤੰਬਰ ਨੂੰ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿਖੇ ਆਯੋਜਿਤ ਹੋਣ ਵਾਲੇ ਪ੍ਰੋਗਰਾਮ 'ਚ ਅਧਿਆਪਕ ਵਿਜੇ ਕੁਮਾਰ ਨੂੰ ਸਨਮਾਨਿਤ ਕੀਤਾ ਜਾਵੇਗਾ। ਹਿਮਾਚਲ ਪ੍ਰਦੇਸ਼ ਦੇ ਤਿੰਨ ਅਧਿਆਪਕਾਂ ਦੇ ਨਾਂ ਨੈਸ਼ਨਲ ਐਵਾਰਡ ਲਈ ਭੇਜੇ ਗਏ ਸਨ।

 

ਕੇਂਦਰੀ ਸਿੱਖਿਆ ਮੰਤਰਾਲੇ ਨੇ ਸ਼ਨੀਵਾਰ ਦੇਰ ਸ਼ਾਮ ਰਾਸ਼ਟਰੀ ਪੁਰਸਕਾਰਾਂ ਦੀ ਸੂਚੀ ਜਾਰੀ ਕੀਤੀ। ਇਸ ਵਿੱਚ ਹਿਮਾਚਲ ਪ੍ਰਦੇਸ਼ ਦੇ ਅਧਿਆਪਕ ਵਿਜੇ ਕੁਮਾਰ ਡੋਗਰਾ ਦਾ ਨਾਂ ਦੂਜੇ ਸਥਾਨ ’ਤੇ ਹੈ।