Nurpur Bedi: ਵਿਆਹ `ਚ ਸ਼ਰਾਬ ਪੀਣ ਤੋਂ ਰੋਕਣ `ਤੇ ਭਤੀਜੇ ਨੇ ਤਾਏ ਉਪਰ ਕਿਰਪਾਨ ਨਾਲ ਕੀਤਾ ਹਮਲਾ, ਮੌਤ
Nurpur Bedi: ਨੂਰਪੁਰ ਬੇਦੀ ਦੇ ਪਿੰਡ ਕੀਮਾ ਬਾਸ ਖੱਡ ਰਾਜਗਿਰੀ ਵਿਖੇ ਬੀਤੀ ਰਾਤ ਇੱਕ ਵਿਆਹ ਸਮਾਗਮ ਤੋਂ ਬਾਅਦ ਸ਼ਰਾਬ ਪੀਣ ਤੋਂ ਰੋਕਣ `ਤੇ ਗੁੱਸੇ ਵਿੱਚ ਆਏ ਭਤੀਜੇ ਵੱਲੋਂ ਆਪਣੇ ਤਾਏ `ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ।
Nurpur Bedi (ਬਿਮਲ ਸ਼ਰਮਾ): ਨੂਰਪੁਰ ਬੇਦੀ ਦੇ ਪਿੰਡ ਕੀਮਾ ਬਾਸ ਖੱਡ ਰਾਜਗਿਰੀ ਵਿਖੇ ਬੀਤੀ ਰਾਤ ਇੱਕ ਵਿਆਹ ਸਮਾਗਮ ਤੋਂ ਬਾਅਦ ਸ਼ਰਾਬ ਪੀਣ ਤੋਂ ਰੋਕਣ 'ਤੇ ਗੁੱਸੇ ਵਿੱਚ ਆਏ ਭਤੀਜੇ ਵੱਲੋਂ ਆਪਣੇ ਤਾਏ 'ਤੇ ਕਿਰਪਾਨ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਸੀ, ਜਿਸਦੀ ਕੁਝ ਸਮੇਂ ਬਾਅਦ ਮੌਤ ਹੋ ਗਈ।
ਇਸ ਮਾਮਲੇ ਵਿੱਚ ਨੂਰਪੁਰ ਬੇਦੀ ਪੁਲਿਸ ਨੇ 3 ਮੁਲਜ਼ਮਾਂ ਨੂੰ 24 ਘੰਟੇ ਅੰਦਰ ਗ੍ਰਿਫਤਾਰ ਕਰ ਲਿਆ। ਨੂਰਪੁਰ ਬੇਦੀ ਪੁਲਿਸ ਨੇ ਮ੍ਰਿਤਕ ਦੀ ਪੁੱਤਰੀ ਹਰਜੀਤ ਕੌਰ ਨਿਵਾਸੀ ਪਿੰਡ ਕੁਲਗਰਾਂ ਦੇ ਬਿਆਨਾਂ ਦੇ ਆਧਾਰ 'ਤੇ ਉਸਦੇ ਪਿਤਾ ਰੋਸ਼ਨ ਲਾਲ ਦੇ ਕਤਲ ਦੇ ਦੋਸ਼ ਹੇਠ ਚਾਚੇ ਦੇ ਲੜਕੇ ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਸਵ. ਸੋਹਣ ਸਿੰਘ, ਚਾਚੇ ਦੀ ਲੜਕੀ ਅਮਰਜੀਤ ਕੌਰ ਪੁੱਤਰੀ ਸੋਹਣ ਸਿੰਘ ਤੇ ਚਾਚੀ ਨਛੱਤਰ ਕੌਰ ਪਤਨੀ ਸੋਹਣ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਸੀ।
ਇਸ ਸਬੰਧੀ ਥਾਣਾ ਮੁੱਖੀ ਨੂਰਪੁਰ ਬੇਦੀ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਕਤਲ ਤੋਂ ਬਾਅਦ ਫਰਾਰ ਹੋਏ ਤਿੰਨਾਂ ਮੁਲਜ਼ਮਾਂ ਨੂੰ ਦੇਰ ਸ਼ਾਮ ਅੱਡਾ ਹਰੀਪੁਰ ਲਾਗਿਓਂ ਗ੍ਰਿਫਤਾਰ ਕਰ ਲਿਆ ਹੈ ਅਤੇ ਜਿਨ੍ਹਾਂ ਤੋਂ ਕਤਲ ਲਈ ਇਸਤੇਮਾਲ ਕੀਤੀ ਗਈ ਕਿਰਪਾਨ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦਸਿਆ ਕਿ ਲਖਵਿੰਦਰ ਸਿੰਘ, ਉਸਦੀ ਮਾਤਾ ਨਛੱਤਰ ਕੌਰ ਅਤੇ ਭੈਣ ਅਮਰਜੀਤ ਕੌਰ ਵਿਰੁਧ ਕਤਲ ਦਾ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਆਰੰਭ ਦਿਤੀ ਹੈ।
ਇਹ ਵੀ ਪੜ੍ਹੋ : Dera Baba Nanak News: ਜ਼ਿਮਨੀ ਚੋਣਾਂ ਵਿਚਾਲੇ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ; ਡੇਰਾ ਬਾਬਾ ਨਾਨਕ ਦੇ ਡੀਐਸਪੀ ਨੂੰ ਕੀਤਾ ਲਾਂਭੇ
ਉਨ੍ਹਾਂ ਦੱਸਿਆ ਕਿ ਉਕਤ ਕਥਿਤ ਤਿੰਨਾਂ ਦੋਸ਼ੀਆਂ ਨੂੰ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਜੱਜ ਨੇ ਉਨ੍ਹਾਂ ਨੂੰ 12 ਨਵੰਬਰ ਤੱਕ 1 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਣ ਦਾ ਆਦੇਸ਼ ਦਿੱਤਾ। ਇਸ ਘਟਨਾ ਨਾਲ ਮ੍ਰਿਤਕ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ ਅਤੇ ਪੀੜਤ ਪਰਿਵਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ : Punjab Breaking Live Updates: SGPC ਅੰਤ੍ਰਿੰਗ ਕਮੇਟੀ ਦੀ ਮੀਟਿੰਗ ਅੱਜ, ਪੰਥਕ ਮੁੱਦਿਆਂ ਤੇ ਹੋਵੇਗੀ ਚਰਚਾ, ਜਾਣੋ ਪੰਜਾਬ ਦੀਆਂ ਵੱਡੀਆਂ ਖ਼ਬਰਾਂ