New IAF chief: ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਭਾਰਤੀ ਹਵਾਈ ਫ਼ੌਜ ਦੇ ਅਗਲੇ ਮੁਖੀ ਹੋਣਗੇ, ਜਿਨ੍ਹਾਂ ਦਾ 5000 ਘੰਟਿਆਂ ਤੋਂ ਵੱਧ ਦਾ ਹਵਾਈ ਉਡਾਣਾਂ ਦਾ ਤਜਰਬਾ ਹੈ। ਉਹ ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ ਦੀ ਥਾਂ ਲੈਣਗੇ।


COMMERCIAL BREAK
SCROLL TO CONTINUE READING

ਰੱਖਿਆ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਸ ਸਮੇਂ ਭਾਰਤੀ ਹਵਾਈ ਸੈਨਾ ਦੇ ਉਪ ਮੁਖੀ ਵਜੋਂ ਸੇਵਾ ਨਿਭਾਅ ਰਹੇ ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ 30 ਸਤੰਬਰ ਨੂੰ ਬਾਅਦ ਦੁਪਹਿਰ ਹਵਾਈ ਫ਼ੌਜ ਦੇ ਮੁਖੀ ਵਜੋਂ ਅਹੁਦਾ ਸੰਭਾਲਣਗੇ। ਇਸ ਸਬੰਧੀ ਬਿਆਨ ਵਿਚ ਕਿਹਾ ਗਿਆ ਹੈ, ‘‘ਸਰਕਾਰ ਨੇ ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ, ਪੀਵੀਐੱਸਐੱਮ, ਏਵੀਐੱਸਐੱਮ, ਜੋ ਇਸ ਵੇਲੇ ਹਵਾਈ ਫ਼ੌਜ ਦੇ ਉਪ ਮੁਖੀ ਵਜੋਂ ਸੇਵਾ ਨਿਭਾਅ ਰਹੇ ਹਨ, ਨੂੰ ਏਅਰ ਚੀਫ਼ ਮਾਰਸ਼ਲ ਦੇ ਰੈਂਕ ਵਿਚ ਹਵਾਈ ਫ਼ੌਜ ਦਾ ਅਗਲਾ ਮੁਖੀ ਨਿਯੁਕਤ ਕੀਤਾ ਹੈ। ਇਹ ਹੁਕਮ 30 ਸਤੰਬਰ ਬਾਅਦ ਦੁਪਹਿਰ ਤੋਂ ਅਮਲ ਵਿਚ ਆਉਣਗੇ।’’ ਮੌਜੂਦਾ ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ 30 ਸਤੰਬਰ ਨੂੰ ਸੇਵਾ ਮੁਕਤ ਹੋ ਜਾਣਗੇ।


ਸਾਬਕਾ ਮੁੱਖ ਮੰਤਰੀ ਅਤੇ ਬੀਜੇਪੀ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਨੂੰ ਭਾਰਤੀ ਹਵਾਈ ਫ਼ੌਜ ਦੇ ਅਗਲੇ ਮੁਖੀ ਬਣਾਏ ਜਾਣ ਮੌਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਨੂੰ ਭਾਰਤੀ ਹਵਾਈ ਸੈਨਾ ਦੇ ਅਗਲੇ ਮੁਖੀ ਵਜੋਂ ਨਿਯੁਕਤੀ 'ਤੇ ਹਾਰਦਿਕ ਵਧਾਈ। ਮੈਂ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ!



ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਦਾ ਜਨਮ 27 ਅਕਤੂਬਰ, 1964 ਨੂੰ ਹੋਇਆ, ਜਿਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਦੀ ਫਾਈਟਰ ਪਾਇਲਟ ਸਟਰੀਮ ਵਿਚ ਦਸੰਬਰ 1984 ’ਚ ਕਮਿਸ਼ਨ ਪ੍ਰਾਪਤ ਹੋਇਆ ਸੀ। ਉਨ੍ਹਾਂ ਆਪਣੀ ਕਰੀਬ 40 ਸਾਲ ਲੰਬੀ ਸੇਵਾ ਦੌਰਾਨ ਵੱਖੋ-ਵੱਖ ਜ਼ਿੰਮੇਵਾਰੀਆਂ ਤਹਿਤ ਸੇਵਾ ਨਿਭਾਈ, ਜਿਨ੍ਹਾਂ ਵਿਚ ਵਿਦੇਸ਼ਾਂ ’ਚ ਨਿਯੁਕਤੀਆਂ ਵੀ ਸ਼ਾਮਲ ਹਨ।