Bathinda NIA Raid News: ਐਨਆਈਏ ਟੀਮ ਦੀ ਬਠਿੰਡਾ ਦੇ ਮੌੜ `ਚ ਛਾਪੇਮਾਰੀ, ਗੈਂਗਸਟਰ ਦਾ ਘਰ ਕੀਤਾ ਸੀਲ

Bathinda NIA Raid News: ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਐਨਆਈਏ ਐਕਸ਼ਨ ਮੋਡ ਵਿੱਚ ਦਿਖਾਈ ਦੇ ਰਹੀ ਹੈ। ਵੀਰਵਾਰ ਨੂੰ ਹਰਿਆਣਾ ਤੋਂ ਇਲਾਵਾ ਪੰਜਾਬ ਦੇ ਬਠਿੰਡਾ ਵਿੱਚ ਵੀ ਤੜਕੇ ਛਾਪੇਮਾਰੀ ਕੀਤੀ ਗਈ।
Bathinda NIA Raid News: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਸਵੇਰੇ ਪੰਜਾਬ ਅਤੇ ਹਰਿਆਣਾ ਵਿੱਚ ਛਾਪੇਮਾਰੀ ਕੀਤੀ। ਜਾਂਚ ਏਜੰਸੀ ਦੀ ਟੀਮ ਬਠਿੰਡਾ ਦੀ ਮੌੜ ਮੰਡੀ ਇਲਾਕੇ ਵਿੱਚ ਪੁੱਜੀ ਤੇ ਗੈਂਗਸਟਰ ਹੈਰੀ ਮੌੜ ਦੇ ਘਰ ਛਾਪੇਮਾਰੀ ਕੀਤੀ। ਜਾਂਚ ਤੋਂ ਬਾਅਦ ਗੈਂਗਸਟਰ ਦੇ ਘਰ ਨੂੰ ਸੀਲ ਕਰ ਦਿੱਤਾ। ਕਾਬਿਲੇਗੌਰ ਹੈ ਕਿ ਕੁਝ ਸਮਾਂ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਵੱਲੋਂ ਗੈਂਗਸਟਰ ਹੈਰੀ ਮੌੜ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਬਠਿੰਡਾ ਦੇ ਪਿੰਡ ਲਹਿਰਾਖਾਨਾ ਵਿਖੇ ਹੋਏ ਦੋ ਕਤਲਾਂ ਦੇ ਮਾਮਲਿਆਂ ਅਤੇ ਮੌੜ ਮੰਡੀ ਦੇ ਸੁਨਿਆਰਿਆਂ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਹੈਰੀ ਮੌੜ ਉਤੇ ਮੁਕੱਦਮੇ ਦਰਜ ਹੋਏ ਸਨ। ਇਸ ਤੋਂ ਇਲਾਵਾ ਇੱਕ ਟੀਮ ਸੋਨੀਪਤ 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰਾਂ ਤੇ ਮੁੱਖ ਦੋਸ਼ੀ ਅੰਕਿਤ ਸੇਰਸਾ ਤੇ ਪ੍ਰਿਅਵਰਤ ਫੌਜੀ ਦੇ ਘਰ ਪਹੁੰਚੀ। ਇੱਥੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ ਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ।
ਗਾਇਕ ਨੂੰ ਗੋਲੀ ਮਾਰਨ ਵਾਲਾ ਸ਼ੂਟਰ ਅੰਕਿਤ ਸੋਨੀਪਤ ਦੇ ਪਿੰਡ ਸੇਰਸਾ ਦਾ ਵਸਨੀਕ ਹੈ ਤੇ ਪ੍ਰਿਆਵਰਤ ਫ਼ੌਜੀ ਪਿੰਡ ਗੜ੍ਹੀ ਸਿਸਾਣਾ ਦਾ ਰਹਿਣ ਵਾਲਾ ਹੈ। ਟੀਮ ਸਵੇਰੇ 5 ਵਜੇ ਦੋਹਾਂ ਦੇ ਘਰ ਪਹੁੰਚੀ। ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਦੋਵਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ।
ਇਸ ਤੋਂ ਪਹਿਲਾਂ ਵੀ NIA ਨੇ ਦੋਵਾਂ ਦੇ ਘਰਾਂ 'ਤੇ ਤਿੰਨ ਵਾਰ ਛਾਪੇਮਾਰੀ ਕੀਤੀ ਸੀ। ਇਸ ਤੋਂ ਇਲਾਵਾ ਸਥਾਨਕ ਪੁਲਿਸ ਵੀ ਇਨ੍ਹਾਂ ਪਿੰਡਾਂ ਵਿੱਚ ਲਗਾਤਾਰ ਗਸ਼ਤ ਕਰਦੀ ਰਹਿੰਦੀ ਹੈ। ਹਾਲਾਂਕਿ ਪਰਿਵਾਰਕ ਮੈਂਬਰ ਫਿਲਹਾਲ ਜਾਂਚ ਬਾਰੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ। ਅੰਕਿਤ ਸੇਰਸਾ ਨੇ 9ਵੀਂ ਜਮਾਤ ਤੱਕ ਹੀ ਪੜ੍ਹਾਈ ਕੀਤੀ ਹੈ। ਜਿਸ ਨੇ ਕਤਲ ਤੋਂ ਪਹਿਲਾਂ ਗੋਲੀਆਂ ਨਾਲ ਸਿੱਧੂ ਮੂਸੇਵਾਲਾ ਦਾ ਨਾਮ ਲਿਖ ਕੇ ਉਸਦੀ ਫੋਟੋ ਵੀ ਕਲਿੱਕ ਕਰਵਾਈ ਸੀ।
ਇਹ ਅੰਕਿਤ ਸੀ ਜੋ ਸਿੱਧੂ ਮੂਸੇਵਾਲਾ ਦੇ ਸਭ ਤੋਂ ਨੇੜੇ ਗਿਆ ਅਤੇ ਗੋਲੀਆਂ ਚਲਾਈਆਂ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਨੇ ਆਪਣੇ ਦੋਵੇਂ ਹੱਥਾਂ ਵਿੱਚ ਪਿਸਤੌਲ ਨਾਲ ਮੂਸੇਵਾਲਾ 'ਤੇ ਕਈ ਗੋਲੀਆਂ ਚਲਾਈਆਂ। ਕਤਲ ਤੋਂ ਬਾਅਦ ਉਹ ਗੁਜਰਾਤ ਭੱਜ ਗਿਆ। ਜਦੋਂ ਉਹ ਗੁਜਰਾਤ ਤੋਂ ਦਿੱਲੀ ਆਇਆ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ : ED Raid News: ਨਾਜਾਇਜ਼ ਮਾਈਨਿੰਗ ਮਾਮਲੇ 'ਚ ਚੰਡੀਗੜ੍ਹ, ਹਰਿਆਣਾ ਤੇ ਝਾਰਖੰਡ 'ਚ ਛਾਪੇਮਾਰੀ, ਕਰੋੜਾਂ ਰੁਪਏ ਜ਼ਬਤ