Ludhiana News: 16 ਦਿਨ ਪਹਿਲਾਂ ਲੁਧਿਆਣਾ ਤੋਂ ਚੋਰੀ ਹੋਈ ਬੱਚੀ ਦਾ ਨਹੀਂ ਮਿਲਿਆ ਕੋਈ ਸੁਰਾਗ; ਪਰਿਵਾਰ ਕੱਢ ਰਿਹਾ ਚੱਕਰ
Ludhiana News: ਲੁਧਿਆਣਾ ਰੇਲਵੇ ਸਟੇਸ਼ਨ ਤੋਂ ਕਈ ਦਿਨ ਪਹਿਲਾਂ ਚੋਰੀ ਹੋਈ ਬੱਚੀ ਦੇ ਮਾਮਲੇ ਵਿੱਚ ਇੱਕ ਸੀਸੀਟੀਵੀ ਸਾਹਮਣੇ ਆਈ ਹੈ।
Ludhiana News (ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਰੇਲਵੇ ਸਟੇਸ਼ਨ ਤੋਂ 16 ਦਿਨ ਪਹਿਲਾਂ 30 ਜੂਨ ਨੂੰ ਚੋਰੀ ਹੋਈ 8 ਮਹੀਨੇ ਦੀ ਬੱਚੀ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਇਕ ਔਰਤ ਇਕ ਲੜਕੀ ਨੂੰ ਮੋਢੇ ਉਤੇ ਚੁੱਕ ਕੇ ਰੇਲਵੇ ਸਟੇਸ਼ਨ ਦੇ ਮੁੱਖ ਗੇਟ ਉਤੇ ਘੁੰਮਦੀ ਨਜ਼ਰ ਆ ਰਹੀ ਹੈ।
ਉਹ ਇੱਕ ਆਟੋ ਵਿੱਚ ਜਾ ਰਹੀ ਸੀ। ਸੀਸੀਟੀਵੀ ਫੁਟੇਜ ਮਿਲਣ ਦੇ ਬਾਵਜੂਦ ਲੁਧਿਆਣਾ ਜੀਆਰਪੀ ਤੇ ਆਰਪੀਐਫ ਲੜਕੀ ਨੂੰ ਲੱਭਣ ਵਿੱਚ ਨਾਕਾਮ ਸਾਬਤ ਹੋ ਰਹੇ ਹਨ। ਰੇਲਵੇ ਪੁਲਿਸ ਇੰਟੈਲੀਜੈਂਸ ਤੇ ਸੀਆਈਏ ਸਟਾਫ਼ ਦਾ ਸਿਸਟਮ ਨਾਕਾਮ ਸਾਬਤ ਹੋ ਰਿਹਾ ਹੈ। ਲਾਪਤਾ ਲੜਕੀ ਦਾ ਨਾਂ ਖੁਸ਼ੀ ਪਟੇਲ ਹੈ।
ਪਰਿਵਾਰ ਪਿੰਡ ਕੱਕਾ ਦਾ ਵਸਨੀਕ ਹੈ। ਪਰਿਵਾਰ ਹਰ ਰੋਜ਼ ਜੀਆਰਪੀ ਥਾਣੇ ਦੇ ਚੱਕਰ ਮਾਰ ਰਿਹਾ ਹੈ ਪਰ ਜੀਆਰਪੀ ਦੇ ਅਧਿਕਾਰੀ ਸੀਟ ਉਤੇ ਨਹੀਂ ਮਿਲਦਾ। ਪਰਿਵਾਰ ਦਾ ਦੋਸ਼ ਹੈ ਕਿ ਪਰਵਾਸੀ ਪਰਿਵਾਰ ਹੋਣ ਕਾਰਨ ਜੀਆਰਪੀ ਪੁਲਿਸ ਉਨ੍ਹਾਂ ਦੀ ਗੱਲ ਨਹੀਂ ਸੁਣਦੀ। ਪੁਲਿਸ ਅਧਿਕਾਰੀ ਨਿੱਤ ਨਵੇਂ ਬਹਾਨੇ ਘੜਦੇ ਹਨ।
ਕਈ ਵਾਰ ਤਾਂ ਪੁਲਿਸ ਵਾਲੇ ਵੀ ਉਨ੍ਹਾਂ ਨੂੰ ਇਹ ਕਹਿ ਕੇ ਥਾਣੇ ਤੋਂ ਦੂਰ ਭੇਜ ਦਿੰਦੇ ਹਨ ਕਿ ਆਖਦੇ ਨੇ ਸਹਿਬ ਤਾਂ ਮੀਟਿੰਗ ਵਿਚ ਹਨ। ਰੇਲਵੇ ਸਟੇਸ਼ਨ ਦੇ ਪਲੇਟਫਾਰਮ ਉਤੇ ਲੱਗੇ ਸੀਸੀਟੀਵੀ ਕੈਮਰੇ ਵੀ ਕੰਮ ਨਹੀਂ ਕਰ ਰਹੇ ਹਨ। ਕੈਮਰੇ ਖ਼ਰਾਬ ਹੋਣ ਕਾਰਨ ਪਲੇਟਫਾਰਮ ਉਤੇ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਪੀੜਤ ਨੇ ਦੱਸਿਆ ਕਿ ਉਹ ਕਈ ਵਾਰ ਥਾਣੇ ਜਾ ਚੁੱਕਾ ਹੈ ਪਰ ਕੋਈ ਵੀ ਪੁਲਿਸ ਅਧਿਕਾਰੀ ਉਸ ਨੂੰ ਲੜਕੀ ਬਾਰੇ ਸਹੀ ਜਾਣਕਾਰੀ ਨਹੀਂ ਮਿਲ ਰਹੀ। ਪਰਿਵਾਰ ਜੀਆਰਪੀ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈ।
ਕਾਬਿਲੇਗੌਰ ਹੈ ਕਿ ਘਟਨਾ ਵਾਲੀ ਰਾਤ ਜਿਥੇ ਪਰਿਵਾਰ ਸੁੱਤਾ ਹੋਇਆ ਸੀ, ਉਥੇ ਨੇੜੇ ਹੀ ਸੀਸੀਟੀਵੀ ਕੈਮਰਾ ਲੱਗਾ ਹੋਇਆ ਸੀ। ਉਥੋਂ ਬਾਹਰ ਵੱਲ ਜਾਂਦੇ ਹੋਏ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਸੀਸੀਟੀਵੀ ਕੈਮਰੇ ’ਚ ਕੁਝ ਨਹੀਂ ਆ ਰਿਹਾ ਕਿਉਂਕਿ ਤਕਰੀਬਨ ਸਾਰੇ ਕੈਮਰੇ ਬੰਦ ਜਾਂ ਖ਼ਰਾਬ ਪਏ ਹਨ। ਉਸ ਤੋਂ ਇਲਾਵਾ ਅੱਗੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਵੀ ਪੁਲਿਸ ਨੂੰ ਕੁਝ ਹਾਸਲ ਨਹੀਂ ਹੋਇਆ ਸੀ।