Farmers Protest News: ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਦੀ ਮੋਗਾ ਵਿੱਚ ਅਹਿਮ ਮੀਟਿੰਗ ਹੋਈ। ਇਸ ਬੈਠਕ ਵਿੱਚ 5 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਣ ਜਾ ਰਹੀ ਮੀਟਿੰਗ ਸਬੰਧੀ ਡੂੰਘਾਈ ਨਾਲ ਵਿਚਾਰ-ਚਰਚਾ ਕੀਤੀ ਗਈ। ਕਿਸਾਨਾਂ ਨੂੰ ਸੀਐਮ ਭਗਵੰਤ ਮਾਨ ਨਾਲ ਹੋਣ ਵਾਲੀ ਮੀਟਿੰਗ ਤੋਂ ਕਾਫੀ ਆਸਾਂ ਹਨ।


COMMERCIAL BREAK
SCROLL TO CONTINUE READING

ਇਸ ਮੌਕੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਫਿਰ ਵੀ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਵਿੱਚ ਦਿੱਲੀ ਮੋਰਚੇ ਦੀ ਤਰਜ ਉਤੇ ਅੰਦੋਲਨ ਵਿੱਢਿਆ ਜਾਵੇਗਾ। ਕਿਸਾਨਾਂ ਦੀਆਂ ਮੰਗਾਂ ਹਨ ਕਿ ਪਰਾਲੀ ਸਾੜਨ ਦੇ ਨਾਂ ਉਤੇ ਕੀਤੇ ਗਏ ਪਰਚੇ ਜੁਰਮਾਨੇ ਤੇ ਰੈਡ ਐਂਟਰੀ ਨੂੰ ਤੁਰੰਤ ਰੱਦ ਕੀਤਾ ਜਾਵੇ ਤੇ ਕੋਈ ਵੀ ਅਧਿਕਾਰੀ ਕਿਸਾਨਾਂ ਨੂੰ ਪਰੇਸ਼ਾਨ ਨਾ ਕਰੇ।


ਨਰਮੇ ਦੀ ਖ਼ਰੀਦ ਨੂੰ ਯਕੀਨੀ ਬਣਾਵੇ ਤੁਰੰਤ ਸੀਸੀਆਈ ਨੂੰ ਖ਼ਰੀਦ ਦੇ ਹੁਕਮ ਜਾਰੀ ਕਰੇ ਸਰਕਾਰ ਤੇ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਮੁਆਵਜ਼ਾ ਦਿੱਤੇ ਬਗੈਰ ਕਿਸੇ ਵੀ ਜ਼ਮੀਨ ਉਤੇ ਕਬਜ਼ਾ ਨਾ ਕੀਤਾ ਜਾਵੇ। ਇਸ ਮੀਟਿੰਗ ਵਿੱਚ ਜਗਜੀਤ ਸਿੰਘ ਡੱਲੇਵਾਲ, ਸਰਵਨ ਸਿੰਘ ਪੰਧੇਰ , ਬਲਦੇਵ ਸਿੰਘ ਜੀਰਾ, ਬਲਦੇਵ ਸਿੰਘ ਸਰਸਾ ਸਮੇਤ ਕਈ ਕਿਸਾਨ ਆਗੂ ਹਾਜ਼ਰ ਰਹੇ।


ਕਾਬਿਲੇਗੌਰ ਹੈ ਕਿ ਦੂਜੇ ਪਾਸੇ ਬੀਤੇ ਦਿਨ ਕਿਸਾਨ ਗੰਨੇ ਦਾ ਰੇਟ 400 ਰੁਪਏ ਪ੍ਰਤੀ ਕੁਇੰਟਲ ਅਤੇ ਖਰਾਬ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮੁਕੇਰੀਆਂ ਵਿੱਚ ਖੰਡ ਮਿੱਲ ਦੇ ਸਾਹਮਣੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਬੈਠੇ ਸਨ। ਰਾਤ ਤੋਂ ਹੀ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੱਥੋਪਾਈ ਚੱਲ ਰਹੀ ਸੀ। ਰਾਤ ਸਮੇਂ ਪੁਲਿਸ ਨੇ ਜਲੰਧਰ-ਪਠਾਨਕੋਟ ਕੌਮੀ ਸ਼ਾਹਰਾਹ ਦਾ ਇੱਕ ਪਾਸਾ ਖੋਲ੍ਹ ਦਿੱਤਾ ਸੀ, ਜਿਸ ਮਗਰੋਂ ਇੱਕ ਪਾਸੇ ਤੋਂ ਆਵਾਜਾਈ ਜਾਮ ਹੋ ਗਈ ਸੀ।


ਇਸ ਤੋਂ ਬਾਅਦ ਵੀਰਵਾਰ ਸਵੇਰੇ ਜਦੋਂ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਿਸਾਨ ਰੋਹ ਵਿੱਚ ਆ ਗਏ। ਕਿਸਾਨਾਂ ਨੇ ਗੁਰਦਾਸਪੁਰ 'ਚ 'ਆਪ' ਦੀ ਰੈਲੀ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਸੈਂਕੜੇ ਕਿਸਾਨ ਰੈਲੀ ਵਿੱਚ ਜਾਣ ਲਈ ਤਿਆਰ ਹੋ ਗਏ ਪਰ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਇਸ ਤੋਂ ਬਾਅਦ ਗੁੱਸੇ 'ਚ ਆਏ ਕਿਸਾਨਾਂ ਨੇ ਪੂਰਾ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ। ਮਾਹੌਲ ਵਿਗੜਦਾ ਦੇਖ ਕੇ ਹੋਰ ਪੁਲਿਸ ਫੋਰਸ ਬੁਲਾ ਲਈ ਗਈ। ਪੁਲਿਸ ਨੇ ਕਿਸਾਨਾਂ ਦਾ ਪਿੱਛਾ ਕੀਤਾ ਅਤੇ ਕੁਝ ਨੂੰ ਹਿਰਾਸਤ ਵਿੱਚ ਲੈ ਲਿਆ।


ਇਹ ਵੀ ਪੜ੍ਹੋ : Punjab News: ਗੁਰਦਾਸਪੁਰ ਨੂੰ ਅੱਜ ਵੱਡਾ ਤੋਹਫਾ ਦੇਣਗੇ ਕੇਜਰੀਵਾਲ ਤੇ CM ਮਾਨ, ਅੰਤਰਰਾਜੀ ਬੱਸ ਟਰਮੀਨਲ ਦਾ ਕਰਨਗੇ ਉਦਘਾਟਨ


ਮੋਗਾ ਤੋਂ ਨਵਦੀਪ ਸਿੰਘ ਦੀ ਰਿਪੋਰਟ