Khanna Murder News: ਖੰਨਾ 'ਚ ਐਨਆਰਆਈ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਲਾਸ਼ ਘਰ ਦੀ ਬੇਸਮੈਂਟ 'ਚੋਂ ਮਿਲੀ। ਵਾਰਦਾਤ ਤੋਂ ਬਾਅਦ ਕਾਤਲ ਨੇ ਵਿਦੇਸ਼ 'ਚ ਬੈਠੇ ਔਰਤ ਦੇ ਪਤੀ ਅਤੇ ਬੇਟੇ ਨੂੰ ਫੋਨ 'ਤੇ ਧਮਕੀਆਂ ਵੀ ਦਿੱਤੀਆਂ। ਇੰਨਾ ਹੀ ਨਹੀਂ ਘਰ ਦੀ ਕੰਧ 'ਤੇ ਮ੍ਰਿਤਕਾ ਦੇ ਜੇਠ ਦਾ ਨਾਂ ਲਿਖ ਕੇ ਹੇਠਾਂ ਲਿਖਿਆ ਗਿਆ ਕਿ ਕਤਲ ਕਰ ਦਿੱਤਾ ਹੈ। ਮ੍ਰਿਤਕਾ ਦੀ ਪਛਾਣ 43 ਸਾਲਾ ਰਣਜੀਤ ਕੌਰ ਵਜੋਂ ਹੋਈ। ਜਾਣਕਾਰੀ ਅਨੁਸਾਰ ਰਣਜੀਤ ਕੌਰ ਦਾ ਪਤੀ ਇਟਲੀ ਰਹਿੰਦਾ ਹੈ। ਇੱਕ ਪੁੱਤਰ ਕੈਨੇਡਾ ਵਿੱਚ ਹੈ ਅਤੇ ਦੂਜਾ ਪੁਰਤਗਾਲ ਵਿੱਚ ਹੈ। ਪਾਇਲ ਵਿਖੇ ਮਕਾਨ ਦੇ ਹੇਠਾਂ ਦੁਕਾਨਾਂ ਹਨ ਜੋ ਕਿਰਾਏ 'ਤੇ ਦਿੱਤੀਆਂ ਹੋਈਆਂ ਹਨ। ਉਪਰ ਵਾਲੇ ਪਾਸੇ ਰਿਹਾਇਸ਼ੀ ਮਕਾਨ ਬਣਿਆ ਹੈ।


COMMERCIAL BREAK
SCROLL TO CONTINUE READING

ਰਣਜੀਤ ਕੌਰ ਘਰ ਵਿੱਚ ਇਕੱਲੀ ਰਹਿੰਦੀ ਸੀ। 4 ਸਤੰਬਰ ਦੀ ਸ਼ਾਮ ਨੂੰ ਆਂਢ-ਗੁਆਂਢ ਦੇ ਲੋਕਾਂ ਨੇ ਉਸਨੂੰ ਠੀਕਠਾਕ ਦੇਖਿਆ। ਇਸਤੋਂ ਬਾਅਦ ਰਣਜੀਤ ਕੌਰ ਨਜ਼ਰ ਨਹੀਂ ਆਈ। 5 ਸਤੰਬਰ ਦੀ ਸ਼ਾਮ ਨੂੰ ਰਣਜੀਤ ਕੌਰ ਦਾ ਫੋਨ ਬੰਦ ਆ ਰਿਹਾ ਸੀ। ਕੈਨੇਡਾ ਰਹਿੰਦੇ ਪੁੱਤ ਨੇ ਪਾਇਲ ਰਹਿੰਦੇ ਆਪਣੇ ਇੱਕ ਦੋਸਤ ਨੂੰ  ਘਰ ਭੇਜਿਆ।ਘਰ ਦੀ ਬੇਸਮੈਂਟ ਚ ਇਸ ਨੌਜਵਾਨ ਨੇ ਖੂਨ ਨਾਲ ਲੱਥਪੱਥ ਰਣਜੀਤ ਕੌਰ ਦੀ ਲਾਸ਼ ਦੇਖੀ ਜਿਸਤੋਂ ਬਾਅਦ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। 


ਇਹ ਵੀ ਪੜ੍ਹੋ: Bathinda News: ਹਾਦਸਾ ਜਾਂ ਖੁਦਕੁਸ਼ੀ! ਬਠਿੰਡਾ 'ਚ ਥਾਣੇਦਾਰ ਦੀ ਖੜ੍ਹੀ ਕਾਰ 'ਚੋਂ ਮਿਲੀ ਲਾਸ਼

ਇਟਲੀ ਤੋਂ ਰਣਜੀਤ ਕੌਰ ਦਾ ਪਤੀ ਅਤੇ ਕੈਨੇਡਾ ਤੋਂ ਪੁੱਤ ਵੀਰਵਾਰ ਨੂੰ ਇੱਥੇ ਪਹੁੰਚੇ। ਜਿਸਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ। ਕੰਧ ਉਪਰ ਮ੍ਰਿਤਕਾ ਰਣਜੀਤ ਕੌਰ ਦੇ ਜੇਠ ਦਾ ਨਾਂਅ ਲਿਖਿਆ ਗਿਆ ਜੋਕਿ ਇਸ ਸਮੇਂ ਕਿਸੇ ਮੁਕੱਦਮੇ 'ਚ ਲੁਧਿਆਣਾ ਜੇਲ੍ਹ ਬੰਦ ਹੈ। ਇਸ ਕੇਸ ਸਬੰਧੀ ਪੁਲਿਸ ਉਸਨੂੰ ਜੇਲ੍ਹ ਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਸਕਦੀ ਹੈ। 


ਮ੍ਰਿਤਕਾ ਦੇ ਫੋਨ ਤੋਂ ਕਾਤਲ ਦੀਆਂ ਧਮਕੀਆਂ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਣਜੀਤ ਕੌਰ ਦੇ ਕਤਲ ਤੋਂ ਬਾਅਦ ਘਰ ਵਿੱਚੋਂ ਸਾਮਾਨ ਵੀ ਗਾਇਬ ਹੈ। ਰਣਜੀਤ ਕੌਰ ਦਾ ਫੋਨ ਵੀ ਕਾਤਲ ਨਾਲ ਲੈ ਗਿਆ ਸੀ ਜਿਸਦਾ ਸਿਮ ਬੰਦ ਕਰ ਦਿੱਤਾ ਗਿਆ ਸੀ। ਰਣਜੀਤ ਕੌਰ ਦੇ ਪਤੀ ਅਤੇ ਪੁੱਤ ਨੂੰ ਇਸੇ ਫੋਨ ਤੋਂ ਵਟਸਐਪ 'ਤੇ ਵਾਈ-ਫਾਈ ਰਾਹੀਂ ਕਾਲ ਕਰਕੇ ਧਮਕੀਆਂ ਦਿੱਤੀਆਂ ਗਈਆਂ। ਕਿਹਾ ਗਿਆ ਕਿ ਰਣਜੀਤ ਕੌਰ ਦਾ ਕਤਲ ਕਰਵਾ ਦਿੱਤਾ ਹੈ। ਦੱਸੋ ਅੰਤਿਮ ਸੰਸਕਾਰ ਕਦੋਂ ਕਰਨਾ ਹੈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਕਾਤਲ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ਜਾਵੇ।


ਅਗਲੇ ਮਹੀਨੇ ਕੈਨੇਡਾ ਜਾ ਰਹੀ ਸੀ ਰਣਜੀਤ 
ਰਣਜੀਤ ਕੌਰ ਇੱਥੇ ਇਕੱਲੀ ਰਹਿੰਦੀ ਸੀ। ਉਸਦੇ ਬੇਟੇ ਨੇ ਉਸਨੂੰ ਕੈਨੇਡਾ ਬੁਲਾਉਣ ਲਈ ਵੀਜ਼ਾ ਵੀ ਲਗਵਾ ਲਿਆ ਸੀ। ਅਗਲੇ ਮਹੀਨੇ ਰਣਜੀਤ ਕੌਰ ਆਪਣੇ ਪੁੱਤ ਕੋਲ ਕੈਨੇਡਾ ਜਾ ਰਹੀ ਸੀ। ਇਸਤੋਂ ਪਹਿਲਾਂ ਉਸਦਾ ਕਤਲ ਕਰ ਦਿੱਤਾ ਗਿਆ।


ਐਸਐਚਓ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਲੁੱਟ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਤਿੰਨ ਡਾਕਟਰਾਂ ਦਾ ਬੋਰਡ ਲਾਸ਼ ਦਾ ਪੋਸਟਮਾਰਟਮ ਕਰੇਗਾ ਜਿਸ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪੀ ਜਾਵੇਗੀ। ਜਲਦੀ ਹੀ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Amritsar News: ਇੰਲੀਗਲ ਮਾਈਨਿੰਗ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ! 15 ਦੇ ਕਰੀਬ ਲੋਕਾਂ ਨੇ ਅਧਿਕਾਰੀਆਂ 'ਤੇ ਕੀਤਾ ਹਮਲਾ 


(ਧਰਮਿੰਦਰ ਸਿੰਘ ਦੀ ਰਿਪੋਰਟ)