ਚੰਡੀਗੜ੍ਹ: ਅੰਮ੍ਰਿਤਸਰ ’ਚ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠ ਲਗਾਏ ਗਏ ਬੰਬ ਮਾਮਲੇ ’ਚ ਵੱਡਾ ਖ਼ੁਲਾਸਾ ਹੋਇਆ ਹੈ। ਗ੍ਰਿਫ਼ਤਾਰ ਕੀਤੇ ਗਏ 2 ਦੋਸ਼ੀਆਂ ’ਚੋਂ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਹਰਪਾਲ ਸਿੰਘ ਹੈ।


COMMERCIAL BREAK
SCROLL TO CONTINUE READING

 



ਵਿਦੇਸ਼ ਭੱਜਣ ਦੀ ਫ਼ਿਰਾਕ ’ਚ ਸਨ ਦੋਵੇਂ ਮੁਲਜ਼ਮ
ਪੁਲਿਸ ਦੁਆਰਾ ਦਿੱਲੀ ਦੇ ਏਅਰਪੋਰਟ ਤੋਂ ਇਨ੍ਹਾਂ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਵਿਦੇਸ਼ ਭੱਜਣ ਦੀ ਫ਼ਿਰਾਕ ’ਚ ਸਨ। ਗ੍ਰਿਫ਼ਤਾਰ ਕੀਤੇ ਗਏ ਦੋਹਾਂ ਮੁਲਜ਼ਮਾਂ ਦਾ ਸਬੰਧ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਗੈਂਗ ਨਾਲ ਹੈ, ਬੰਬ ਫਿੱਟ ਕਰਨ ਵਾਲੇ ਮੁਲਜ਼ਮ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। 


ਇਸ ਘਟਨਾ ਦੀ ਜਾਂਚ ਲਈ ਏਡੀਜੀਪੀ ਕਾਊਂਟਰ ਇੰਟੈਲੀਜੈਂਸ ਆਰ. ਐੱਨ ਢੋਕੇ (RN Dhoke) ਸਬ-ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਘਟਨਾ ਵਾਲੀ ਥਾਂ ’ਤੇ ਪੁੱਜੇ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਸਬ-ਇੰਸਪੈਕਟਰ ਦਿਲਬਾਗ ਸਿੰਘ ਨੂੰ ਹੀ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਬਲੇਰੋ ਗੱਡੀ ’ਚ ਆਈਈਡੀ (IED) ਫਿੱਟ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਾਂਚ ਟੀਮ ਕੁਝ ਸਮੇਂ ’ਚ ਸਾਰੇ ਮਾਮਲੇ ਦਾ ਖ਼ੁਲਾਸਾ ਕਰੇਗੀ, ਕਿਉਂਕਿ ਇਸ ਘਟਨਾ ਸਬੰਧੀ ਕਈ ਅਹਿਮ ਸੁਰਾਗ ਪੁਲਿਸ ਦੇ ਹੱਥ ਲੱਗੇ ਹਨ। 


 



ਸਬ-ਇੰਸਪੈਕਟਰ ਦਿਲਬਾਗ ਸਿੰਘ ਨੂੰ ਮਿਲ ਰਹੀਆਂ ਸਨ ਧਮਕੀਆਂ
ਪੁਲਿਸ ਵਲੋਂ ਇਸ ਘਟਨਾ ਨੂੰ ਅੱਤਵਾਦ ਨਾਲ ਜੋੜਕੇ ਵੇਖਿਆ ਜਾ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਅੱਤਵਾਦ ਦੇ ਦੌਰ ’ਚ ਸਬ-ਇੰਸਪੈਕਟਰ ਦਿਲਬਾਗ ਸਿੰਘ ਨੇ ਕਾਫ਼ੀ ਸਰਗਰਮ ਭੂਮਿਕ ਨਿਭਾਈ ਸੀ, ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਵੀ ਮਿਲ ਰਹੀਆਂ ਸਨ। ਜਿਸਦੇ ਚੱਲਦਿਆਂ ਉਨ੍ਹਾਂ ਦੇ ਘਰ ਬਾਹਰ ਖੜ੍ਹੀ ਬੋਲੈਰੋ ਗੱਡੀ ਹੇਠ 2 ਕਿਲੋ (RDX) ਫਿੱਟ ਕੀਤਾ ਗਿਆ ਸੀ।


ਭਾਵੇਂ ਕਿ ਬੰਬ ਦੇ ਫੱਟਣ ਤੋਂ ਪਹਿਲਾਂ ਹੀ ਘਟਨਾ ਦਾ ਪਤਾ ਲੱਗ ਜਾਣ ਕਾਰਨ ਬਚਾਅ ਹੋ ਗਿਆ ਪਰ ਫੇਰ ਵੀ ਸੁਰੱਖਿਆ ’ਚ ਵਰਤੀ ਗਈ ਕੁਤਾਹੀ ਨੂੰ ਲੈਕੇ ਪੁਲਿਸ ਦੀ ਕਾਰਵਾਈ ’ਤੇ ਇੱਕ ਵਾਰ ਫੇਰ ਸਵਾਲੀਆ ਚਿੰਨ੍ਹ ਲੱਗਿਆ ਹੈ।