BSF ਨੇ ਪਾਕਿਸਤਾਨੀ ਡਰੋਨ ਡੇਗਣ ’ਚ ਸਫ਼ਲਤਾ ਕੀਤੀ ਹਾਸਲ, ਸਰਚ ਆਪ੍ਰੇਸ਼ਨ ਜਾਰੀ
ਭਾਰਤ-ਪਾਕਿ ਬਾਰਡਰ ’ਤੇ ਪੈਂਦੇ ਅਜਨਾਲਾ ’ਚ ਸੀਮਾ ਸੁਰੱਖਿਆ ਬਲ (BSF) ਨੇ ਪਾਕਿਸਤਾਨੀ ਡਰੋਨ ਨੂੰ ਡੇਗਣ ’ਚ ਸਫ਼ਲਤਾ ਹਾਸਲ ਕੀਤੀ ਹੈ।
ਚੰਡੀਗੜ੍ਹ: ਗੁਆਂਢੀ ਦੇਸ਼ ਪਾਕਿਸਤਾਨ ਆਪਣੀਆਂ ਨਾ-ਪਾਕ ਕੋਸ਼ਿਸ਼ਾਂ ਤੋਂ ਬਾਜ ਨਹੀਂ ਆ ਰਿਹਾ। ਤਿਉਹਾਰਾਂ ਦੇ ਚੱਲਦਿਆਂ ਮਾਹੌਲ ਖ਼ਰਾਬ ਕਰਨ ਲਈ ਨਸ਼ਾ ਅਤੇ ਹਥਿਆਰਾਂ ਦੀ ਖੇਪ ਲਗਾਤਾਰ ਡਰੋਨਾਂ ਰਾਹੀਂ ਪੰਜਾਬ ਭੇਜਿਆ ਜਾ ਰਿਹਾ ਹੈ।
ਬੀਤੇ ਦਿਨ ਭਾਰਤ-ਪਾਕਿ ਬਾਰਡਰ ’ਤੇ ਪੈਂਦੇ ਅਜਨਾਲਾ ’ਚ ਸੀਮਾ ਸੁਰੱਖਿਆ ਬਲ (BSF) ਨੇ ਪਾਕਿਸਤਾਨੀ ਡਰੋਨ ਨੂੰ ਡੇਗਣ ’ਚ ਸਫ਼ਲਤਾ ਹਾਸਲ ਕੀਤੀ ਹੈ। ਘਟਨਾ ਤੋਂ ਤੁਰੰਤ ਬਾਅਦ ਡੀਆਈਜੀ ਪ੍ਰਭਾਕਰ ਜੋਸ਼ੀ ਮੌਕੇ ’ਤੇ ਪਹੁੰਚੇ ਜਿਸ ਤੋਂ ਬਾਅਦ ਇਲਾਕੇ ਨੂੰ ਸੀਲ ਕਰਦਿਆਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ।
ਬੀਐੱਸਐਫ਼ ਨੇ ਦੱਸਿਆ ਕਿ ਬਟਾਲੀਅਨ 73 ਦੇ ਜਵਾਨ ਅਜਨਾਲਾ ਨੇੜੇ ਪਿੰਡ ਸ਼ਾਹਪੁਰ ਦੇ ਬੀਓਪੀ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਤਕਰੀਬਨ ਸਵੇਰੇ 4:30 ਵਜੇ ਡਰੋਨ ਦੀ ਅਵਾਜ਼ ਸੁਣੀ, ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਜਵਾਨਾਂ ਨੇ 17 ਰਾਊਂਡ ਫ਼ਾਇਰ ਕੀਤੇ ਤੇ ਡਰੋਨ ਨੂੰ ਸੁੱਟ ਲਿਆ ਗਿਆ।
ਬਰਾਮਦ ਕੀਤਾ ਗਿਆ ਡਰੋਨ ਚੀਨ ਦੇ ਬਣਿਆ ਕੁਆਡ ਹੈਲੀਕਾਪਟਰ DJI Matrice-300 ਹੈ, ਜੋ 10 ਕਿਲੋ ਤੋਂ ਵੱਧ ਭਾਰ ਚੁੱਕ ਕੇ ਕਈ ਕਿਲੋਮੀਟਰ ਦੂਰ ਤੱਕ ਲੈ ਜਾਣ ਦੇ ਸਮਰੱਥ ਹੈ। ਡੀਆਈਜੀ ਪ੍ਰਭਾਕਰ ਜੋਸ਼ੀ ਦੀ ਅਗਵਾਈ ’ਚ ਬੀਐੱਸਐਫ਼ ਦੇ ਜਵਾਨਾਂ ਵਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ, ਸ਼ੁਰੂਆਤੀ ਦੌਰ ’ਚ ਤਲਾਸ਼ੀ ਦੌਰਾਨ ਹਾਲੇ ਤੱਕ ਕੋਈ ਖੇਪ ਬਰਾਮਦ ਨਹੀਂ ਹੋਈ ਹੈ।