ਅੰਮ੍ਰਿਤਸਰ ’ਚ ਪੰਜ ਸਿਹਤ ਕੇਂਦਰਾਂ ਦੇ ਨਾਮ ਬਦਲਣ ’ਤੇ ਹੋਇਆ ਵਿਵਾਦ, SGPC ਨੇ ਦਿੱਤੀ ਚਿਤਾਵਨੀ
ਸਿਹਤ ਦੇ ਖੇਤਰ ’ਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਦੇ ਖੇਤਰ ’ਚ ਕੰਮ ਕਰਦਿਆਂ ਪੰਜਾਬ ਸਰਕਾਰ ਵਲੋਂ 500 ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ। ਸ਼ੁਰੂਆਤ ’ਚ ਹੀ ਇਨ੍ਹਾਂ ਕਲੀਨਿਕਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਦਰਅਸਲ ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ’ਚ 5 ਸਿਹਤ ਕੇਂਦਰਾਂ ਦਾ ਨਾਮ ਬਦਲ ਕੇ ਆਮ ਆਦਮੀ ਕਲੀਨਿਕ ਕਰ ਦਿੱਤਾ ਗਿ
AAP Mohalla Clinics in Amritsar: ਸਿਹਤ ਦੇ ਖੇਤਰ ’ਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਦੇ ਖੇਤਰ ’ਚ ਕੰਮ ਕਰਦਿਆਂ ਪੰਜਾਬ ਸਰਕਾਰ ਵਲੋਂ 500 ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ। ਸ਼ੁਰੂਆਤ ’ਚ ਹੀ ਇਨ੍ਹਾਂ ਕਲੀਨਿਕਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ।
ਦਰਅਸਲ ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ’ਚ 5 ਸਿਹਤ ਕੇਂਦਰਾਂ ਦਾ ਨਾਮ ਬਦਲ ਕੇ ਆਮ ਆਦਮੀ ਕਲੀਨਿਕ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ‘ਆਪ’ ਸਰਕਾਰ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ।
ਦੱਸਣਯੋਗ ਹੈ ਕਿ ਅਕਾਲੀ ਸਰਕਾਰ ਦੌਰਾਨ ਪੰਜ ਪਿਆਰਿਆਂ ਦੇ ਨਾਂ ’ਚ ਅੰਮ੍ਰਿਤਸਰ ’ਚ ਪੰਜ ਸਿਹਤ ਕੇਂਦਰ ਸਥਾਪਿਤ ਕੀਤੇ ਗਏ ਸਨ। ਮੌਜੂਦ ਮਾਨ ਸਰਕਾਰ ਵਲੋਂ ਇਨ੍ਹਾਂ ਪੰਜ ਪਿਆਰਿਆਂ ਦੇ ਨਾਂ ਵਾਲੇ ਸਿਹਤ ਕੇਂਦਰਾਂ ’ਤੇ ਆਮ ਆਦਮੀ ਕਲੀਨਿਕ ਦੇ ਸਾਈਨ ਬੋਰਡ ਲਗਾ ਦਿੱਤੇ ਗਏ ਹਨ।
ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ’ਤੇ ਵਿਰੋਧ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ’ਚ ਗੁਰੂ ਸਾਹਿਬਾਨ ਤੋਂ ਬਾਅਦ ਪੰਜ ਪਿਆਰਿਆਂ ਨੂੰ ਉੱਚਾ ਦਰਜਾ ਹਾਸਲ ਹੈ ਪਰ ਦੁੱਖ ਦੀ ਗੱਲ ਹੈ ਕਿ ਸ੍ਰੀ ਭਗਵੰਤ ਮਾਨ ਪੰਜਾਬ ਦੇ ਇਤਿਹਾਸ ਅਤੇ ਵਿਰਾਸਤ ਨੂੰ ਖੋਰਾ ਲਗਾ ਰਿਹਾ ਹੈ।
ਧਾਮੀ ਨੇ ਪੁੱਛਿਆ, ਕੀ CM ਭਗਵੰਤ ਮਾਨ, ਪੰਜ ਪਿਆਰਿਆਂ ਤੋਂ ਉੱਪਰ ਹੈ?
ਉਨ੍ਹਾਂ ਸਰਕਾਰ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜ ਪਿਆਰਿਆਂ ਤੋਂ ਉੱਪਰ ਹੋ ਗਿਆ ਹੈ, ਜੋ ਇਨ੍ਹਾਂ ਧਾਰਮਿਕ ਸਖਸ਼ੀਅਤਾਂ ਦੇ ਨਾਮ ’ਤੇ ਰੱਖੇ ਸਿਹਤ ਕੇਂਦਰਾਂ ਨੂੰ ਆਪਣੀ ਪਾਰਟੀ ਦੇ ਨਾਮ ’ਤੇ ਉਭਾਰ ਰਿਹਾ ਹੈ।
ਸਿੱਖ ਕੌਮ ’ਚ ਰੋਹ ਵਧਣ ਦੀ ਜਿੰਮੇਵਾਰ ਹੋਵੇਗੀ ਸਰਕਾਰ: ਧਾਮੀ
ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ, ਮੌਜੂਦਾ ਸਰਕਾਰ ਇਸ ਕਾਰਵਾਈ ਨੂੰ ਤੁਰੰਤ ਵਾਪਸ ਲੈਣ ਦੀ ਤਾੜਨਾ ਕਰਦੀ ਹੈ ਅਤੇ ਜੇਕਰ ਇਸ ਵਿਚ ਦੇਰੀ ਕੀਤੀ ਗਈ ਤਾਂ ਸਿੱਖ ਰੋਹ ਵਧਣ ਦੀ ਜਿੰਮੇਵਾਰ ਸਰਕਾਰ ਹੋਵੇਗੀ।
ਨਾਮ ਬਦਲੇ ਜਾਣ ਵਾਲੇ ਪੰਜ ਸਿਹਤ ਕੇਂਦਰਾਂ ਦਾ ਬਿਓਰਾ
ਜ਼ਿਕਰਯੋਗ ਹੈ ਕਿ ਸਾਲ 1999 ’ਚ 300ਵੇਂ ਖ਼ਾਲਸਾ ਸਾਜਨਾ ਦਿਵਸ ਮੌਕੇ ਅੰਮ੍ਰਿਤਸਰ ’ਚ ਪੰਜ ਪਿਆਰਿਆਂ ਦੇ ਨਾਮ ’ਚ ਪੰਜ ਸਿਹਤ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ ਸੀ। ਇਨ੍ਹਾਂ ’ਚ ਭਾਈ ਦਇਆ ਸਿੰਘ ਜੀ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਮੁਸਤਫਾਬਾਦ, ਭਾਈ ਧਰਮ ਸਿੰਘ ਜੀ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਰਣਜੀਤ ਐਵੀਨਿਊ, ਭਾਈ ਹਿੰਮਤ ਸਿੰਘ ਜੀ ਸੈਟੇਲਾਈਟ ਹਸਪਤਾਲ ਘਣੂਪੁਰ ਕਾਲੇ, ਭਾਈ ਮੋਹਕਮ ਸਿੰਘ ਜੀ ਸੈਟੇਲਾਈਟ ਹਸਪਤਾਲ ਸਕੱਤਰੀ ਬਾਗ ਅਤੇ ਭਾਈ ਸਾਹਿਬ ਸਿੰਘ ਜੀ ਸਰਕਾਰੀ ਹਸਪਤਾਲ ਫਤਾਹਪੁਰ ਸ਼ਾਮਲ ਹਨ।
ਇਹ ਵੀ ਪੜ੍ਹੋ: ਪੰਜਾਬ ਦੀ ਤਸਵੀਰ ਬਦਲਣਗੇ 'ਸਕੂਲ ਆਫ਼ ਐਮੀਨੈਂਸ': CM ਭਗਵੰਤ ਮਾਨ