Patiala News: ਪਟਿਆਲਾ ਵਿੱਚ ਕੇਕ ਖਾ ਕੇ ਬੱਚੀ ਦੀ ਮੌਤ ਦੇ ਮਾਮਲੇ ਵਿੱਚ ਪੋਸਟਮਾਰਟਮ ਰਿਪੋਰਟ ਵਿੱਚ ਬੱਚੀ ਦੀ ਮੌਤ ਦੇ ਕਾਰਨ ਸਪੱਸ਼ਟ ਨਹੀਂ ਹੋਏ। ਹੁਣ ਪੈਥੋਲਾਜੀ ਲੈਬ ਰਾਹੀਂ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਰਾਜਿੰਦਰਾ ਹਸਪਤਾਲ ਦੇ ਫੈਰੋਂਸਿਕ ਵਿਭਾਗ ਨੇ ਪੋਸਟਮਾਰਟਮ ਰਿਪੋਰਟ ਜਾਰੀ ਕੀਤੀ ਹੈ ਪਰ ਉਸ ਵਿੱਚ ਮਾਨਵੀ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਪੋਸਟਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਨਵੀ ਦੇ ਪੋਸਟਮਾਰਟਮ ਦੌਰਾਨ ਉਸ ਦੇ ਪੇਟ ਤੋਂ ਜੋ ਸੈਂਪਲ ਲਏ ਗਏ ਹਨ, ਉਨ੍ਹਾਂ ਨੂੰ 16 ਤਰ੍ਹਾਂ ਨਾਲ  ਸੀਲ ਲਗਾ ਪੈਥੋਲਾਜੀ ਅਤੇ ਕੈਮੀਕਲ ਲੈਬ ਵਿੱਚ ਜਾਂਚ ਲਈ ਭੇਜਿਆ ਗਿਆ ਹੈ। ਇਨ੍ਹਾਂ ਦੋਵੇਂ ਸੈਂਪਲਾਂ ਦੀ ਰਿਪੋਰਟ ਤੋਂ ਬਾਅਦ ਹੀ ਮਾਨਵੀ ਦੇ ਮੌਤ ਦੇ ਕਾਰਨਾਂ ਦਾ ਸਹੀ ਰਾਜ਼ ਖੁੱਲ੍ਹ ਸਕੇਗਾ।


ਪੋਸਟਮਾਰਟਮ ਕਰਨ ਵਾਲੇ ਡਾਕਟਰ ਮੁਤਾਬਕ ਮਾਨਵੀ ਦੇ ਸਰੀਰ ਦੇ ਪੇਟ, ਵੱਡੀ ਅੰਤੜੀ, ਛੋਟੀ ਅੰਤੜੀ, ਕਿਡਨੀ, ਲੀਵਰ, ਫੂਡ ਪਾਈਪ ਹਾਰਟ, ਹਾਲ ਬਲੈਡਰ ਅਤੇ ਸਿਰ ਤੋਂ ਸੈਂਪਲ ਲਏ ਗਏ ਹਨ ਅਤੇ ਇਨ੍ਹਾਂ ਨੂੰ ਜਾਂਚ ਲਈ ਪੈਥੋਲਾਜੀ ਲੈਬ ਦੇ ਨਾਲ ਕੈਮੀਕਲ ਐਗਜ਼ਾਮਿਨਰ ਕੋਲ ਭੇਜਿਆ ਗਿਆ ਹੈ। ਜੇਕਰ ਕਿਸੇ ਵੀ ਪ੍ਰਕਾਰ ਦਾ ਜ਼ਹਿਰ ਨਿਕਲਿਆ ਤਾਂ ਇਸ ਦਾ ਪਤਾ ਪੇਟ ਤੋਂ ਲਏ ਗਏ ਸੈਂਪਲ ਵਿੱਚ ਕੈਮੀਕਲ ਐਗਜ਼ਾਮਿਨਰ ਦੱਸ ਸਕਣਗੇ ਅਤੇ ਇਹ ਰਿਪੋਰਟ ਅਜੇ ਆਉਣ ਵਿੱਚ 3 ਤੋਂ 4 ਮਹੀਨੇ ਲੱਗ ਸਕਦੇ ਹਨ।


ਸਿਹਤ ਵਿਭਾਗ ਨੇ ਮੁੜ ਬੇਕਰੀ ਤੋਂ ਸੈਂਪਲ ਲਏ


ਪਟਿਆਲਾ ਦੇ ਸਿਹਤ ਵਿਭਾਗ ਨੇ ਮੁੜ ਉਸੇ ਬੇਕਰੀ ਤੋਂ ਸੈਂਪਲ ਲਏ ਹਨ ਜਿੱਥੋਂ ਕੇਕ ਮਾਨਵੀ ਦੇ ਘਰ ਭੇਜਿਆ ਗਿਆ ਸੀ। ਪੁਲਿਸ ਅਤੇ ਸਿਹਤ ਵਿਭਾਗ ਦੀ ਮੁਢਲੀ ਰਿਪੋਰਟ ਨੇ ਸਪੱਸ਼ਟ ਕੀਤਾ ਹੈ ਕਿ ਬੇਕਰੀ ਮਾਲਕ ਕਲਾਉਡ ਕਿਚਨ ਚਲਾ ਰਿਹਾ ਸੀ। ਮੁਲਜ਼ਮ ਬੇਕਰੀ ਵਾਲਿਆਂ ਨੂੰ ਤਾਜ਼ੇ ਕੇਕ ਨਹੀਂ ਵੇਚਦੇ ਸਨ। ਉਹ ਪਹਿਲਾਂ ਹੀ 30 ਤੋਂ 40 ਅਰਧ ਬੇਕ ਕੇਕ ਬਣਾ ਲੈਂਦਾ ਸੀ ਅਤੇ 75 ਡਿਗਰੀ ਤਾਪਮਾਨ 'ਤੇ ਫਰਿੱਜ ਵਿਚ ਰੱਖਦਾ ਸੀ।


ਅਜਿਹੇ 'ਚ ਸਵੇਰੇ ਜਦੋਂ ਉਨ੍ਹਾਂ ਨੂੰ ਆਨਲਾਈਨ ਆਰਡਰ ਮਿਲਦਾ ਸੀ ਤਾਂ ਉਹ ਉਨ੍ਹਾਂ ਕੇਕ ਨੂੰ ਸਜਾ ਕੇ ਲੋਕਾਂ ਨੂੰ ਭੇਜ ਦਿੰਦੇ ਸਨ। ਇੰਨਾ ਹੀ ਨਹੀਂ ਇਸ ਦੌਰਾਨ ਇਹ ਵੀ ਚੈੱਕ ਨਹੀਂ ਕੀਤਾ ਜਾਂਦਾ ਕਿ ਕੇਕ ਚੰਗਾ ਹੈ ਜਾਂ ਮਾੜਾ ਅਤੇ ਇਸ ਵਿਚ ਕਿਹੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ।