ਹੜਤਾਲ ਦੀ ਭਰਪਾਈ ਕਰਨਗੇ ਪੀ. ਸੀ. ਐੱਸ. ਅਧਿਕਾਰੀ: ਸ਼ਨੀ ਅਤੇ ਐਤਵਾਰ ਨੂੰ ਖੁੱਲਣ੍ਹਗੇ ਸਰਕਾਰੀ ਦਫ਼ਤਰ
ਦੱਸ ਦੇਈਏ ਕਿ RTA ਨਰਿੰਦਰ ਸਿੰਘ ਧਾਲੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੀ. ਸੀ. ਐੱਸ. ਅਧਿਕਾਰੀਆਂ ਨੇ ਬੀਤੇ ਸੋਮਵਾਰ ਨੂੰ ਪੂਰਾ ਦਿਨ ਹੜਤਾਲ ਰੱਖੀ ਸੀ, ਜਿਸਦੀ ਭਰਪਾਈ ਲਈ ਹੁਣ PCS ਅਧਿਕਾਰੀ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਕੰਮ ਕਰਨਗੇ।
Punjab News: ਪੰਜਾਬ ਦੇ ਪੀ. ਸੀ. ਐੱਸ. ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਜਤ ਓਬਰਾਏ ਅਤੇ ਜਨਰਲ ਸਕੱਤਰ ਡਾ. ਅੰਕੁਰ ਮਹਿੰਦਰੂ ਵਲੋਂ ਜਾਰੀ ਬਿਆਨ ’ਚ ਜਾਣਕਾਰੀ ਦਿੱਤੀ ਗਈ ਹੈ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ’ਚ ਰੱਖਦੇ ਹੋਏ 14 ਅਤੇ 15 ਜਨਵਰੀ, ਭਾਵ ਸ਼ਨਿਚਰਵਾਰ ਅਤੇ ਐਤਵਾਰ ਨੂੰ ਸਰਕਾਰ ਦਫ਼ਤਰ ਖੁਲ੍ਹੇ ਰਹਿਣਗੇ।
ਪੀ. ਸੀ. ਐੱਸ. ਅਧਿਕਾਰੀਆਂ ਨੇ ਬੀਤੇ ਦਿਨੀਂ ਕੀਤੀ ‘ਹੜਤਾਲ’ ਕਾਰਨ ਰੁਕੇ ਕੰਮਾਂ ਦੇ ‘ਬੈਕਲਾਗ’ ਦੇ ਨਿਪਟਾਰੇ ਲਈ ਇਹ ਐਲਾਨ ਕੀਤਾ ਹੈ।
ਇਸ ਮੌਕੇ ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ। ਇਸ ਦੇ ਨਾਲ ਹੀ ਐਸੋਸੀਏਸ਼ਨ ਵਲੋਂ ਭਰਾਤਰੀ ਜੱਥੇਬੰਦੀਆਂ ਵਲੋਂ ਸਮਰਥਨ ਕੀਤੇ ਜਾਣ ਲਈ ਧੰਨਵਾਦ ਵੀ ਕੀਤਾ ਹੈ।
ਦੱਸ ਦੇਈਏ ਕਿ RTA ਨਰਿੰਦਰ ਸਿੰਘ ਧਾਲੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੀ. ਸੀ. ਐੱਸ. ਅਧਿਕਾਰੀਆਂ ਨੇ ਬੀਤੇ ਸੋਮਵਾਰ ਨੂੰ ਪੂਰਾ ਦਿਨ ਹੜਤਾਲ ਰੱਖੀ ਸੀ। ਜਿਸ ਕਾਰਨ ਸੂਬੇ ਭਰ ’ਚ ਡੀਸੀ ਦਫ਼ਤਰ, ਆਰਟੀਏ ਦਫ਼ਤਰ ਤੇ ਨਗਰ ਨਿਗਮ ਦਫ਼ਤਰਾਂ ਵਿੱਚ ਕੰਮ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ।
ਹੋਰ ਤਾਂ ਹੋਰ ਪੀ. ਸੀ. ਐੱਸ. ਅਧਿਕਾਰੀਆਂ ਨੇ ਸਮੂਹਿਕ ਤੌਰ ’ਤੇ 13 ਜਨਵਰੀ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਸੀ।
ਪੀ. ਸੀ. ਐੱਸ. ਅਧਿਕਾਰੀਆਂ ਦੀ ਹੜਤਾਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਹੜਤਾਲ 'ਤੇ ਗਏ ਸਮੁੱਚੇ ਅਧਿਕਾਰੀਆਂ ਨੂੰ ਅਲਟੀਮੇਟਮ ਦਿੰਦਿਆ ਡਿਊਟੀ ਜੁਆਇਨ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਜੇਕਰ ਅਧਿਕਾਰੀ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦਾ ਪਿਛਲਾ ਤਜਰਬਾ ਵੀ ਸਿਫ਼ਰ ਹੋ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਖ਼ਤ ਕਾਰਵਾਈ ਦੀ ਚੇਤਾਵਨੀ ਤੋਂ ਬਾਅਦ, ਪੀਸੀਐਸ ਆਫੀਸਰਜ਼ ਐਸੋਸੀਏਸ਼ਨ ਨੇ ਲੰਘੇ ਬੁੱਧਵਾਰ ਨੂੰ ਸਮੂਹਿਕ ਛੁੱਟੀ ਨੂੰ ਰੱਦ ਕਰਦਿਆਂ ਤੁਰੰਤ ਪ੍ਰਭਾਵ ਤੋਂ ਕੰਮ 'ਤੇ ਪਰਤਣ ਦਾ ਫੈਸਲਾ ਕੀਤਾ। ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਕੇ. ਵੇਣੂ ਪ੍ਰਸਾਦ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਰਜਤ ਓਬਰਾਏ ਨੇ ਸਾਂਝੇ ਤੌਰ 'ਤੇ ਹੜਤਾਲ ਨੂੰ ਰੱਦ (PCS officers Call off protest) ਕਰਨ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: CM ਭਗਵੰਤ ਮਾਨ ਵਲੋਂ ਲੋਹੜੀ ਦਾ ਤੋਹਫ਼ਾ, ਪੱਕੇ ਕੀਤੇ ਜਾਣਗੇ 6 ਹਜ਼ਾਰ ਤੋਂ ਵੱਧ ਕੱਚੇ ਮੁਲਾਜ਼ਮ