Gurdaspur News: ਆਰਜ਼ੀ ਪੁਲ ਚੁੱਕਣ ਕਾਰਨ 7 ਪਿੰਡਾਂ ਦਾ ਦੇਸ਼ ਨਾਲੋਂ ਟੁੱਟਿਆ ਸੰਪਰਕ
Gurdaspur News: ਰਾਵੀ ਦਰਿਆ ਉਤੇ ਮਕੌਣਾ ਪੱਤਣ ਉਪਰ ਬਣਿਆ ਆਰਜ਼ੀ ਪੁਲ ਚੁੱਕਣ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਕਾਫੀ ਵਾਧਾ ਹੋ ਗਿਆ ਹੈ।
Gurdaspur News (ਅਵਤਾਰ ਸਿੰਘ): ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਖੇਤਰ ਰਾਵੀ ਦਰਿਆ ਉਤੇ ਮਕੌਣਾ ਪੱਤਣ ਉਪਰ ਬਣਿਆ ਆਰਜ਼ੀ ਪੁਲ ਚੁੱਕ ਦਿੱਤਾ ਗਿਆ ਹੈ, ਜਿਸ ਦੇ ਚੱਲਦੇ ਰਾਵੀ ਦਰਿਆ ਦੇ ਪਾਰ ਵੱਸਦੇ 7 ਪਿੰਡ ਦੇ ਲੋਕਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਗਿਆ ਹੈ।
ਸੱਤ ਪਿੰਡ ਦੇ ਲੋਕਾਂ ਦਾ ਆਉਣਾ-ਜਾਣਾ ਬੰਦ ਹੋ ਗਿਆ ਹੈ ਅਤੇ ਲੋਕਾਂ ਨੂੰ ਸਾਮਾਨ ਲਿਆਉਣ ਅਤੇ ਲਿਜਾਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਸਿਰਫ਼ ਕਿਸ਼ਤੀ ਬਚੀ ਹੈ। ਕਿਸ਼ਤੀ ਜ਼ਰੀਏ ਸਫ਼ਰ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਆਜ਼ਾਦੀ ਦੇ 76 ਸਾਲ ਬੀਤ ਜਾਣ ਤੋਂ ਬਾਅਦ ਵੀ ਰਾਵੀ ਦਰਿਆ ਦੇ ਪਾਰ ਵੱਸਦੇ 7 ਪਿੰਡ ਦੇ ਲੋਕਾਂ ਨੂੰ ਪੁਲ ਨਸੀਬ ਨਹੀਂ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਰਾਵੀ ਦਰਿਆ ਦੇ ਪਾਰ ਵੱਸਦੇ ਸੱਤ ਪਿੰਡਾਂ ਦੇ ਨੌਜਵਾਨਾਂ ਦੇ ਨਾਲ ਕੋਈ ਲੜਕੀ ਵਿਆਹ ਕਰਨ ਲਈ ਵੀ ਤਿਆਰ ਨਹੀਂ ਹੈ।
ਲੋਕਾਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਪੱਕੇ ਪੁਲ ਦੀ ਮੰਗ ਹੈ, ਜਿਸ ਨੂੰ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ, ਜੋ ਕਿ ਰਾਵੀ ਦਰਿਆ ਦੇ ਦੂਜੇ ਪਾਸੇ ਵੱਸੇ ਕਰੀਬ 7 ਪਿੰਡ ਤੂਰ, ਚੇਬੇ, ਭਰਿਆਲ, ਲਸੀਆਂ, ਕੁੱਕੜ, ਮੰਮੀ ਚੱਕਰੰਗਾ ਤੇ ਕਜਲੇ ਹਨ, ਜਿਸ ਦੇ ਲੋਕ ਕਿਸ਼ਤੀ ਰਾਹੀਂ ਇਧਰ ਉਧਰ ਜਾਂਦੇ ਹਨ।
ਜੇਕਰ ਰਾਵੀ ਦਰਿਆ 'ਚ ਪਾਣੀ ਦਾ ਵਹਾਅ ਜ਼ਿਆਦਾ ਹੁੰਦਾ ਹੈ ਤਾਂ ਇਹ ਕਿਸ਼ਤੀ ਵੀ ਰੁਕ ਜਾਂਦੀ ਹੈ ਅਤੇ ਲੋਕ ਚਾਰ ਮਹੀਨੇ ਤੱਕ ਟਾਪੂ 'ਤੇ ਬੰਧਕ ਬਣ ਕੇ ਰਹਿ ਜਾਂਦੇ ਹਨ ਅਤੇ ਇਨ੍ਹਾਂ ਲੋਕਾਂ ਦਾ ਦੇਸ਼ ਨਾਲ ਸੰਪਰਕ ਟੁੱਟ ਜਾਂਦਾ ਹੈ ਅਤੇ ਇਹ ਲੋਕ ਪਾਕਿਸਤਾਨ ਦੀ ਸਰਹੱਦ 'ਤੇ ਬਿਲਕੁਲ ਨੇੜੇ ਹਨ।
ਦਰਿਆ 'ਤੇ ਬਣੇ ਆਰਜ਼ੀ ਪੁਲ ਨੂੰ ਚੁੱਕਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲ ਦੇ ਲਿਫ਼ਟਿੰਗ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਖੇਤਾਂ ਤੱਕ ਖਾਦ ਤੇ ਹੋਰ ਜ਼ਰੂਰੀ ਸਮਾਨ ਅਤੇ ਮਸ਼ੀਨਰੀ ਪਹੁੰਚਾਉਣ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੀਡਰ ਚੋਣਾਂ ਦੌਰਾਨ ਆਉਂਦੇ ਹਨ ਅਤੇ ਪੱਕੇ ਪੁਲ ਦੇ ਬਹਾਨੇ ਵੋਟਾਂ ਮੰਗਦੇ ਹਨ ਪਰ ਚੋਣਾਂ ਤੋਂ ਬਾਅਦ ਕੋਈ ਨਹੀਂ ਆਉਂਦਾ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਰਾਵੀ ਦਰਿਆ ਉਤੇ ਕੰਕਰੀਟ ਦਾ ਪੁਲ ਬਣਾਇਆ ਜਾਵੇ।
ਇਹ ਵੀ ਪੜ੍ਹੋ : India win world cup 2024: ਰੋਮਾਂਚ ਨਾਲ ਭਰੇ ਫਾਈਨਲ ਵਿੱਚ ਭਾਰਤ ਦੀ ਜਿੱਤ, ਦੱਖਣੀ ਅਫਰੀਕਾ ਨੂੰ 7 ਦੌੜਾ ਨਾਲ ਹਰਾਇਆ