Ludhiana News: ਸ਼ਿਵ ਸੈਨਾ ਆਗੂ ਦੇ ਘਰ ਬਾਈਕ ਸਵਾਰ ਬਦਮਾਸ਼ਾਂ ਨੇ ਸੁੱਟਿਆ ਪੈਟਰੋਲ ਬੰਬ; ਦਹਿਸ਼ਤ ਦਾ ਮਾਹੌਲ
ਲੁਧਿਆਣਾ ਵਿੱਚ ਦੀਵਾਲੀ ਵਾਲੀ ਰਾਤ ਕਰੀਬ ਪੌਣੇ ਤਿੰਨ ਵਜੇ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸ਼ਿਵ ਸੈਨਾ ਆਗੂ ਦੇ ਘਰ ਉਤੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ।
Ludhiana News: ਲੁਧਿਆਣਾ ਵਿੱਚ ਦੀਵਾਲੀ ਵਾਲੀ ਰਾਤ ਕਰੀਬ ਪੌਣੇ ਤਿੰਨ ਵਜੇ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸ਼ਿਵ ਸੈਨਾ ਹਿੰਦੂ ਸਿੱਖ ਵਿੰਗ ਦੇ ਕੌਮੀ ਪ੍ਰਧਾਨ ਹਰਕੀਰਤ ਸਿੰਘ ਖੁਰਾਣਾ ਦੇ ਘਰ ਉਤੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਧਮਾਕੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਮੋਟਰਸਾਈਕਲ ਸਵਾਰ ਸਾਫ ਦਿਖਾਈ ਦੇ ਰਹੇ ਹਨ।
ਤਿੰਨ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਪਿਛਲੇ 15 ਦਿਨਾਂ ਵਿੱਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਭਾਰਤੀ ਆਗੂ ਯੋਗੇਸ਼ ਬਖਸ਼ੀ ਦੇ ਘਰ ਦੇ ਬਾਹਰ ਕੁਝ ਸ਼ਰਾਰਤੀ ਨੌਜਵਾਨਾਂ ਨੇ ਕੱਚ ਦੀ ਬੋਤਲ ਵਿੱਚ ਭਰਿਆ ਡੀਜ਼ਲ ਸੁੱਟ ਦਿੱਤਾ ਸੀ। ਇਸ ਕਾਰਨ ਵੱਡਾ ਧਮਾਕਾ ਹੋਇਆ ਸੀ। ਹਰਕੀਰਤ ਸਿੰਘ ਖੁਰਾਣਾ ਨੇ ਦੱਸਿਆ ਕਿ ਅਣਪਛਾਤੇ ਵਿਦੇਸ਼ੀ ਨੰਬਰਾਂ ਤੋਂ ਅਕਸਰ ਧਮਕੀਆਂ ਦੀਆਂ ਕਾਲਾਂ ਆ ਰਹੀਆਂ ਹਨ। ਬੀਤੀ ਰਾਤ ਵੀ ਇਸ ਧਮਾਕੇ ਤੋਂ ਪਹਿਲਾਂ ਧਮਕੀ ਭਰੀ ਕਾਲ ਆਈ ਸੀ। ਦੋ ਦਿਨਾਂ ਤੋਂ ਲਗਾਤਾਰ ਕੁਝ ਸ਼ਰਾਰਤੀ ਲੋਕ ਉਨ੍ਹਾਂ ਨੂੰ ਫ਼ੋਨ ਉਤੇ ਧਮਕੀਆਂ ਦੇ ਰਹੇ ਸਨ।
ਹਮਲੇ ਤੋਂ ਬਾਅਦ ਅੱਜ ਸਵੇਰੇ ਕਰੀਬ 9.15 ਵਜੇ ਫਿਰ ਕਿਸੇ ਅਣਜਾਣ ਨੰਬਰ ਤੋਂ ਸੁਨੇਹਾ ਆਇਆ ਅਤੇ ਹੁਣ ਇਸ ਦਾ ਪਤਾ ਲੱਗਾ ਹੈ। ਖੁਰਾਣਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਉਨ੍ਹਾਂ ਦੇ ਸੰਪਰਕ ਵਿੱਚ ਹਨ। ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਬਦਮਾਸ਼ਾਂ ਨੂੰ ਫੜ ਲਿਆ ਜਾਵੇਗਾ।
ਹਮਲਾਵਰਾਂ ਨੇ 15 ਦਿਨਾਂ ਵਿੱਚ ਦੂਜੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਦੋਂ ਅਸੀਂ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਅਣਪਛਾਤੇ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਆਏ ਸਨ। ਇਸ ਮਾਮਲੇ ਵਿੱਚ ਕਰੀਬ 5 ਦਿਨ ਪਹਿਲਾਂ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।