ਫ਼ਿਰੌਤੀ ਲਈ ਜੇਲ੍ਹ ’ਚੋਂ ਜਾ ਰਹੇ ਸਨ ਗੈਂਗਸਟਰਾਂ ਦੇ ਫ਼ੋਨ, ਜੇਲ੍ਹ ਸੁਪਰਡੈਂਟ ਦੀ ਗ੍ਰਿਫ਼ਤਾਰੀ ’ਤੇ ਖੁੱਲ੍ਹਿਆ ਭੇਤ!

ਬਲਬੀਰ ਸਿੰਘ ’ਤੇ ਦੋਸ਼ ਹੈ ਕਿ ਉਸਨੇ ਅਹੁਦੇ ’ਤੇ ਰਹਿੰਦਿਆਂ ਖ਼ਤਰਨਾਕ ਕੈਦੀਆਂ ਦੀਆਂ ਬੈਰਕਾਂ ਦੀ ਤਲਾਸ਼ੀ ਨਹੀਂ ਹੋਣ ਦਿੱਤੀ।
ਚੰਡੀਗੜ੍ਹ: ਗੈਂਗਸਟਰ ਦੀਪਕ ਟੀਨੂੰ ਦੇ ਵਿਦੇਸ਼ ਭੱਜਣ ’ਚ ਦੀਆਂ ਖ਼ਬਰਾਂ ਨਾਲ ਹੋਈ ਕਿਰਕਿਰੀ ਮਗਰੋਂ ਪੰਜਾਬ ਪੁਲਿਸ ਆਪਣੀ ਪੀੜ੍ਹੀ ਹੇਠ ਸੋਟਾ ਮਾਰਦੀ ਨਜ਼ਰ ਆ ਰਹੀ ਹੈ, ਜਿਸਦੇ ਚੱਲਦਿਆਂ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਡਿਪਟੀ ਜੇਲ੍ਹ ਸੁਪਰਡੈਂਟ ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਗੈਂਗਸਟਰਾਂ ਦੀਆਂ ਬੈਰਕਾਂ ਦੀ ਤਲਾਸ਼ੀ ਨਹੀਂ ਹੋਣ ਦਿੰਦਾ ਸੀ ਜੇਲ੍ਹ ਸੁਪਰਡੈਂਟ
ਬਲਬੀਰ ਸਿੰਘ ’ਤੇ ਦੋਸ਼ ਹੈ ਕਿ ਉਸਨੇ ਅਹੁਦੇ ’ਤੇ ਰਹਿੰਦਿਆਂ ਖ਼ਤਰਨਾਕ ਕੈਦੀਆਂ ਦੀਆਂ ਬੈਰਕਾਂ ਦੀ ਤਲਾਸ਼ੀ ਨਹੀਂ ਹੋਣ ਦਿੱਤੀ। ਜਦੋਂ ਵੀ ਹੋਰਨਾਂ ਕੈਦੀਆਂ ਵਾਂਗ ਇਨ੍ਹਾਂ ਖ਼ਤਰਨਾਕ ਗੈਂਗਸਟਰਾਂ ਦੀਆਂ ਬੈਰਕਾਂ ਦੀ ਤਲਾਸ਼ੀ ਹੋਣੀ ਹੁੰਦੀ ਤਾਂ ਜੇਲ੍ਹ ਸੁਪਰਡੈਂਟ ਅਜਿਹਾ ਕਰਨ ਤੋਂ ਰੋਕ ਦਿੰਦਾ ਸੀ।
ਜੇਲ੍ਹ ਸੁਪਰਡੈਂਟ ਮੁਹੱਈਆ ਕਰਵਾਉਂਦਾ ਸੀ ਮੋਬਾਈਲ ਫ਼ੋਨ
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਐੱਸਟੀਐੱਫ਼ ਨੇ ਜੇਲ੍ਹ ਸੁਪਰਡੈਂਟ ਖ਼ਿਲਾਫ਼ ਕਾਰਵਾਈ ਤੋਂ ਪਹਿਲਾਂ ਇੱਕ ਹੋਰ ਮੁਲਜ਼ਮ ਤੋਂ ਵੀ ਪੁਛਗਿੱਛ ਕੀਤੀ ਸੀ। ਐੱਸਟੀਐੱਫ਼ ਦੀ ਟੀਮ ਮੁਤਾਬਕ ਬਲਬੀਰ ਸਿੰਘ ਜੇਲ੍ਹ ’ਚ ਬੈਠੇ ਗੈਂਗਸਟਰਾਂ ਨੂੰ ਮੋਬਾਈਲ ਫ਼ੋਨ ਮੁਹੱਈਆ ਕਰਵਾਉਂਦਾ ਸੀ, ਜਿਸ ਦੀ ਮਦਦ ਨਾਲ ਗੈਂਗਸਟਰ ਅੰਦਰ ਬੈਠਿਆਂ ਹੀ ਨਸ਼ਾ ਤਸਕਰੀ ਅਤੇ ਫ਼ਿਰੌਤੀ ਮੰਗਣ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ।
ਗੈਂਗਸਟਰ ਦੀਪਕ ਟੀਨੂੰ ਵੀ ਇਸੇ ਜੇਲ੍ਹ ’ਚ ਸੀ ਬੰਦ
ਇੱਥੇ ਦੱਸਣਾ ਬਣਦਾ ਹੈ ਕਿ ਕਰੀਬ 15 ਦਿਨ ਪਹਿਲਾਂ ਗੋਇੰਦਵਾਲ ਜੇਲ੍ਹ ’ਚੋਂ ਮੋਬਾਈਲ ਬਰਾਮਦ ਹੋਏ ਸਨ। ਇਹ ਮੋਬਾਈਲ ਭਾਰਤ-ਪਾਕਿ ਸਰਹੱਦ ’ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਲਈ ਵਰਤੇ ਜਾਂਦੇ ਸਨ। ਹੋਰ ਤਾਂ ਹੋਰ ਪੁਲਿਸ ਹਿਰਾਸਤ ’ਚੋਂ ਫ਼ਰਾਰ ਹੋਇਆ ਗੈਂਗਸਟਰ ਦੀਪਕ ਟੀਨੂੰ ਵੀ ਇਸ ਜੇਲ੍ਹ ’ਚ ਰਿਹਾ ਸੀ।
ਐੱਸਟੀਐੱਫ਼ (STF) ਦੁਆਰਾ ਡੀਐੱਸਪੀ ਬਲਬੀਰ ਸਿੰਘ ਦਾ ਮੋਬਾਈਲ ਕਬਜ਼ੇ ’ਚ ਲੈ ਲਿਆ ਗਿਆ ਹੈ, ਉਸ ਕੋਲੋ ਪੁਛਗਿੱਛ ਕੀਤੀ ਜਾ ਰਹੀ ਹੈ। ਜੇਲ੍ਹ ਸੁਪਰਡੈਂਟ ਬਲਬੀਰ ਸਿੰਘ ਤੋਂ ਇਲਾਵਾ 5 ਹੋਰ ਮੁਲਜ਼ਮਾਂ ਨੂੰ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਜਾਣੋ, ਪੂਰੀ ਖ਼ਬਰ