PM Modi Patiala Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਵਿੱਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਸਮਰਥਨ ਵਿੱਚ ਫਤਹਿ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਪੰਜਾਬ ਭਾਜਪਾ ਆਗੂਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰਧਾਨ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਵਰਕਰ ਦੌਰਾਨ ਉਨ੍ਹਾਂ ਨੇ ਪੰਜਾਬ ਵਿੱਚ ਕਾਫੀ ਸਮਾਂ ਬਿਤਾਇਆ ਹੈ।


ਪਟਿਆਲਾ ਦੀਆਂ ਯਾਦਾਂ ਨੂੰ ਕੀਤਾ ਤਾਜ਼ਾ


COMMERCIAL BREAK
SCROLL TO CONTINUE READING

ਉਨ੍ਹਾਂ ਨੇ ਅੱਗੇ ਕਿਹਾ ਕਿ ਇਥੇ ਆ ਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ ਤੇ ਪੁਰਾਣੇ ਸਾਥੀਆਂ ਨੂੰ ਮਿਲਣ ਦਾ ਸਬੱਬ ਵੀ ਬਣਿਆ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਗੁਰੂ ਤੇਗ ਬਹਾਦਰ ਅਤੇ ਕਾਲੀ ਮਾਤਾ ਦੀ ਧਰਤੀ ਤੋਂ ਆਪਣਾ ਚੋਣ ਦੌਰਾ ਸ਼ੁਰੂ ਕਰਨ ਦਾ ਮੌਕਾ ਮਿਲਿਆ ਹੈ। ਮੈਨੂੰ ਪੁਰਾਣਾ ਪਟਿਆਲਾ ਯਾਦ ਹੈ ਜਦੋਂ ਮੈਨੂੰ 12 ਦਰੀ ਗਾਰਡਨ ਜਾਣ ਤੇ ਪਟਿਆਲੇ ਦੀ ਕਚੌਰੀ ਖਾਣ ਦਾ ਮੌਕਾ ਮਿਲਿਆ ਸੀ। ਉਨ੍ਹਾਂ ਨੇ ਕਿਹਾ ਕਿ ਜਨਤਾ ਨੇ ਭਾਜਪਾ ਉਪਰ ਮੋਹਰ ਲਗਾ ਦਿੱਤੀ ਹੈ ਅਤੇ ਪੰਜਾਬ ਵੀ ਜਾਣਦਾ ਹੈ ਉਹ ਆਪਣੀ ਵੋਟ ਬੇਕਾਰ ਨਹੀਂ ਜਾਣ ਦਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹੀ ਸਰਕਾਰ ਬਣਾਉਣੀ ਚਾਹੀਦੀ ਜੋ ਭਾਰਤ ਨੂੰ ਵਿਕਸਿਤ ਬਣਾ ਸਕੇ।


ਇੰਡੀ ਗਠਜੋੜ ਕੋਲ ਨਾ ਨੇਤਾ ਨਾ ਨੀਅਤ


ਉਨ੍ਹਾਂ ਨੇ ਅੱਗੇ ਕਿਹਾ ਕਿ ਇੰਡੀ ਗਠਜੋੜ ਕੋਲ ਨਾ ਨੇਤਾ ਹੈ ਤੇ ਨਾ ਹੀ ਨੀਅਤ ਹੈ। 2024 ਦੀਆਂ ਚੋਣਾਂ ਦੇਸ਼ ਨੂੰ ਮਜ਼ਬੂਤ ਕਰਨ ਲਈ ਹੋ ਰਹੀਆਂ ਹਨ। ਇੰਡੀ ਗਠਜੋੜ ਭਾਰਤ ਨੂੰ ਵੰਡਣਾ ਚਾਹੁੰਦਾ ਤੇ ਭਾਜਪਾ ਭਾਰਤ ਨੂੰ ਜੋੜਨਾ ਚਾਹੁੰਦੀ ਹੈ।


ਮੋਦੀ ਨੇ ਪੰਜਾਬ ਵਿਚਲੇ ਨਸ਼ੇ ਦਾ ਮੁੱਦਾ ਚੁੱਕਿਆ


ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਵਿੱਚ ਗੁਰੂਆਂ ਦੀ ਧਰਤੀ ਉਤੇ ਸਿਰ ਝੁਕਾ ਕੇ ਆਸ਼ੀਰਵਾਦ ਲੈਣ ਆਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਤੇ ਰੇਤ ਮਾਫੀਆ ਦੇ ਬੋਲਬਾਲਾ ਹੈ। ਉਨ੍ਹਾਂ ਨੇ ਮਾਨ ਸਰਕਾਰ ਉਤੇ ਹਮਲਾ ਬੋਲਦੇ ਕਿਹਾ ਕਿ ਪੰਜਾਬ ਸਰਕਾਰ ਕਰਜ਼ੇ ਉਪਰ ਚੱਲ ਰਹੀ ਹੈ। ਭਗਵੰਤ ਮਾਨ ਕਾਗਜ਼ੀ ਮੁੱਖ ਮੰਤਰੀ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਦਿਖਾਵੇ ਲਈ ਦਿੱਲੀ ਦੀ ਕੱਟੜ ਭ੍ਰਿਸ਼ਟ ਪਾਰਟੀ ਅਤੇ ਸਿੱਖ ਹਮਲੇ ਲਈ ਜ਼ਿੰਮੇਵਾਰ ਪਾਰਟੀ ਆਹਮੋ-ਸਾਹਮਣੇ ਲੜਨ ਦਾ ਢੌਂਗ ਰਚ ਰਹੀਆਂ ਹਨ ਪਰ ਸੱਚਾਈ ਇਹ ਹੈ ਕਿ ਦੋ ਪਾਰਟੀਆਂ ਹਨ ਪਰ ਦੁਕਾਨ ਇੱਕੋ ਹੈ। ਇੱਥੇ ਲੋਕ ਭਾਵੇਂ ਕੋਈ ਵੀ ਬਿਆਨ ਦੇਣ ਪਰ ਦਿੱਲੀ ਵਿੱਚ ਇੱਕ ਦੂਜੇ ਨੂੰ ਮੋਢਿਆਂ ਉੱਤੇ ਚੁੱਕ ਕੇ ਨੱਚ ਰਹੇ ਹਨ।


ਭ੍ਰਿਸ਼ਟਾਂ ਨੇ ਪੰਜਾਬ ਦੀ ਕੀ ਹਾਲਤ ਕਰ ਦਿੱਤੀ ਹੈ: ਪ੍ਰਧਾਨ ਮੰਤਰੀ


ਪੀਐਮ ਮੋਦੀ ਨੇ ਕਿਹਾ ਕਿ ਮੈਂ ਅੱਜ ਗੁਰੂਆਂ ਦੀ ਧਰਤੀ 'ਤੇ ਆਸ਼ੀਰਵਾਦ ਲੈਣ ਆਇਆ ਹਾਂ। ਕੌਮ ਦੀ ਰਾਖੀ ਹੋਵੇ ਜਾਂ ਦੇਸ਼ ਦੇ ਵਿਕਾਸ ਲਈ, ਸਿੱਖ ਕੌਮ ਨੇ ਹਮੇਸ਼ਾ ਅੱਗੇ ਹੋ ਕੇ ਕੰਮ ਕੀਤਾ ਹੈ। ਇੱਥੋਂ ਦੇ ਲੋਕਾਂ ਨੇ ਦੇਸ਼ ਦੇ ਵਿਕਾਸ ਨੂੰ ਖੇਤੀ ਤੋਂ ਲੈ ਕੇ ਉੱਦਮ ਤੱਕ ਪਹੁੰਚਾਇਆ ਹੈ ਪਰ ਕੱਟੜ ਭ੍ਰਿਸ਼ਟ ਲੋਕਾਂ ਨੇ ਪੰਜਾਬ ਦਾ ਕੀ ਹਾਲ ਕੀਤਾ ਹੈ। ਇੱਥੋਂ ਦੇ ਸਨਅਤੀ ਕਾਰੋਬਾਰੀ ਹਿਜਰਤ ਕਰ ਰਹੇ ਹਨ। ਨਸ਼ਿਆਂ ਦਾ ਕਾਰੋਬਾਰ ਵਧ-ਫੁੱਲ ਰਿਹਾ ਹੈ।


ਰਾਜ ਸਰਕਾਰ ਦੇ ਹੁਕਮ ਇੱਥੇ ਕੰਮ ਨਹੀਂ ਕਰਦੇ। ਇੱਥੇ ਰੇਤ ਮਾਈਨਿੰਗ ਮਾਫੀਆ, ਡਰੱਗ ਮਾਫੀਆ ਅਤੇ ਸ਼ੂਟਰ ਗੈਂਗਾਂ ਦੇ ਅੱਤਿਆਚਾਰ ਜਾਰੀ ਹਨ।


ਦੋ ਪਾਰਟੀਆਂ ਇੱਕ ਦੁਕਾਨ


ਮੰਤਰੀ ਸੰਤਰੀ ਮੌਜ ਕਰ ਰਹੇ ਹਨ। ਉਨ੍ਹਾਂ ਨੇ ਬਿਨਾਂ ਕਿਸੇ ਸਿਆਸੀ ਪਾਰਟੀ ਦੇ ਨਾਮ ਲਏ ਕਿਹਾ ਕਿ ਪਾਰਟੀਆਂ ਦੋ ਹਨ ਤੇ ਦੁਕਾਨ ਇੱਕ ਹੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕ ਨਾ ਪੰਜਾਬ ਦਾ ਭਲਾ ਕਰ ਸਕਦੇ ਅਤੇ ਨਾ ਹੀ ਤੁਹਾਡੇ ਬੱਚਿਆਂ ਨੂੰ ਕੁਝ ਦੇਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਆਜ਼ਾਦੀ ਦੇ ਦੂਜੇ ਦਿਨ ਮੰਦਿਰ ਬਣਨਾ ਚਾਹੀਦਾ ਸੀ ਪਰ ਹੁਣ ਜਦ ਰਾਮ ਮੰਦਿਰ ਬਣ ਗਿਆ ਹੈ ਤਾਂ ਇਹ ਲੋਕ ਬੁਰਾ-ਭਲਾ ਕਹਿ ਰਹੇ ਹਨ। ਦੇਸ਼ਾਂ-ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਅਯੁੱਧਿਆ ਪੁੱਜ ਰਹੇ ਹਨ।


ਸਾਡੀ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਿਆ


ਭਾਜਪਾ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇ ਮੈਂ ਉਸ ਵੇਲੇ ਹੁੰਦਾ ਤਾਂ ਕਰਤਾਪੁਰ ਸਾਹਿਬ ਅੱਜ ਭਾਰਤ ਵਿੱਚ ਹੁੰਦਾ। ਉਨ੍ਹਾਂ ਨੇ ਕਿਹਾ ਕ ਬਟਵਾਰੇ ਦੇ ਪੀੜਤ ਸਿੱਖ ਭਰਾ-ਭੈਣਾਂ ਤੇ ਹੋਰਾਂ ਨੂੰ ਸਰਕਾਰ ਦੇਸ਼ ਦੀ ਨਾਗਰਿਕਤਾ ਦੇ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਸਮਾਜਿਕ ਨਿਆ ਦੀ ਸਿੱਖਿਆ ਦਿੱਤੀ ਹੈ। ਭਾਜਪਾ ਸਰਕਾਰ ਇਸ ਮਾਰਗ ਉਪਰ ਚੱਲ ਰਹੀ ਹੈ।


ਲੰਗਰ ਨੂੰ ਟੈਕਸ ਵਿੱਚ ਛੋਟ ਦਿੱਤੀ


ਸਾਡੀ ਸਰਕਾਰ ਨੇ ਲੰਗਰ ਨੂੰ ਟੈਕਸ ਤੋਂ ਛੋਟ ਦਿੱਤੀ ਹੈ। ਪਹਿਲਾਂ ਦੀਆਂ ਸਰਕਾਰਾਂ ਵੀ ਇਹ ਕਦਮ ਪੁੱਟ ਸਕਦੀਆਂ ਸਨ। ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਵਿਦੇਸ਼ਾਂ ਤੋਂ ਸ਼ਰਧਾਲੂ ਦਾਨ ਨਹੀਂ ਦੇ ਸਕਦੇ ਸਨ ਪਰ ਮੋਦੀ ਨੇ ਇਸ ਦੇ ਨਿਯਮਾਂ ਵਿੱਚ ਢਿੱਲ ਦਿੱਤੀ। ਅੱਜ ਕੋਈ ਵੀ ਮੰਦਰ ਦੀ ਸੇਵਾ ਕਰ ਸਕਦਾ ਹੈ। ਇਹ ਮੋਦੀ ਸਰਕਾਰ ਹੀ ਹੈ ਜਿਸ ਨੇ ਸ਼ਾਹਿਬਜਾਦਿਆਂ ਲਈ ਵੀਰ ਬਾਲ ਦਿਵਸ ਦਾ ਐਲਾਨ ਕੀਤਾ ਹੈ ਪਰ ਕੁਝ ਲੋਕ ਸਮਝ ਨਹੀਂ ਪਾ ਰਹੇ ਹਨ ਕਿ ਵੀਰ ਬਾਲ ਦਿਵਸ ਐਲਾਨਣ ਦਾ ਕੀ ਅਰਥ ਹੈ। ਮੈਂ ਹੈਰਾਨ ਹਾਂ ਕਿ ਕੁਝ ਲੋਕ ਇਸ ਗੱਲ ਨੂੰ ਨਹੀਂ ਸਮਝਦੇ।
ਦੇਸ਼ ਦੇ ਹੋਰ ਕੋਨੇ-ਕੋਨੇ ਵਿੱਚ ਸ਼ਾਹਿਬਜ਼ਾਦਿਆਂ ਦਾ ਕੋਈ ਥਹੁ-ਪਤਾ ਨਹੀਂ ਹੈ। ਇਸ ਲਈ ਅਸੀਂ ਵੀਰ ਬਾਲ ਦਿਵਸ ਦੇ ਰੂਪ ਵਿੱਚ ਦੇਸ਼ ਭਰ ਵਿੱਚ ਸੰਦੇਸ਼ ਫੈਲਾਉਣ ਦੀ ਕੋਸ਼ਿਸ਼ ਕੀਤੀ। ਜੇਕਰ ਪੰਜਾਬ ਦੇ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਤਾਂ ਇਸ ਤੋਂ ਵੱਧ ਦੁਖਦਾਈ ਹੋਰ ਕੀ ਹੋ ਸਕਦੀ ਹੈ।


ਕਾਂਗਰਸ ਵੇਲੇ ਦੂਰਬੀਨ ਨਾਲ ਆਪਣੇ ਗੁਰੂਆਂ ਦੇ ਦਰਸ਼ਨ ਕਰਦੇ ਸੀ


ਉਨ੍ਹਾਂ ਕਿਹਾ ਕਿ ਇਹ ਕਾਂਗਰਸੀ ਲੋਕ ਹਨ ਜਿਨ੍ਹਾਂ ਨੇ ਸੱਤਾ ਲਈ ਭਾਰਤ ਨੂੰ ਵੰਡਿਆ। ਆਜ਼ਾਦੀ ਤੋਂ ਬਾਅਦ ਉਹ ਦੂਰਬੀਨ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਸਨ। 1971 ਦੀ ਜੰਗ ਵਿੱਚ ਸਾਡੇ ਹੱਥਾਂ ਵਿੱਚ 90 ਹਜ਼ਾਰ ਸੈਨਿਕ ਸਨ। ਹੁਕਮ ਦਾ ਪੱਤਾ ਸਾਡੇ ਹੱਥ ਵਿੱਚ। ਦੋਸਤੋ, ਮੈਂ ਭਰੋਸੇ ਨਾਲ ਕਹਿੰਦਾ ਹਾਂ, ਜੇਕਰ ਮੋਦੀ ਉਸ ਸਮੇਂ ਹੁੰਦੇ ਤਾਂ ਮੈਂ ਉਨ੍ਹਾਂ ਤੋਂ ਕਰਤਾਰਪੁਰ ਸਾਹਿਬ ਲੈ ਲੈਂਦਾ। ਉਦੋਂ ਉਨ੍ਹਾਂ ਦੇ ਜਵਾਨਾਂ ਨੂੰ ਛੱਡਦਾ।


ਸੁਨੀਲ ਜਾਖੜ ਨੇ ਪੀਐਮ ਮੋਦੀ ਨੂੰ ਪੰਜਾਬ ਦੀ ਮਦਦ ਕਰਨ ਦੀ ਕੀਤੀ ਅਪੀਲ


ਇਸ ਤੋਂ ਪਹਿਲਾ ਸੁਨੀਲ ਜਾਖੜ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਨਸ਼ੇ ਦੀ ਦਲਦਲ ਵਿੱਚ ਧਸ ਰਿਹਾ ਹੈ। ਪੰਜਾਬ ਨੂੰ ਅੱਜ ਮਦਦ ਦੀ ਜ਼ਰੂਰਤ ਹੈ। ਉਨ੍ਹਾਂ ਨੇ ਮੋਦੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਦੀ ਫ਼ਸਲ ਅਤੇ ਨਸਲ ਬਚਾਉਣ ਦੀ ਜ਼ਰੂਰਤ ਹੈ।


ਰੈਲੀ ਦੀ ਤਿਆਰੀ ਲਈ ਕੇਂਦਰੀ ਮੰਤਰੀ ਹਰਦੀਪ ਪੁਰੀ ਮੰਗਲਵਾਰ ਨੂੰ ਪੁੱਜੇ ਹੋਏ ਸਨ। ਇਸ ਤੋਂ ਬਾਅਦ ਬੁੱਧਵਾਰ ਨੂੰ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਸੁਨੀਲ ਜਾਖੜ ਰੈਲੀ ਵਾਲੀ ਥਾਂ 'ਤੇ ਪਹੁੰਚੇ।


ਪ੍ਰਧਾਨ ਮੰਤਰੀ ਦੀ ਰੈਲੀ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ ਅਤੇ ਕਿਸਾਨਾਂ ਦਾ ਰੋਸ ਵਿਖਾਵੇ ਦੀ ਚਿਤਾਵਨੀ ਦੇ ਮੱਦੇਨਜ਼ਰ ਪੈਰਾਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਮੌਕੇ ਸੁਨੀਲ ਜਾਖੜ, ਹੰਸ ਰਾਜ ਹੰਸ, ਮਨਪ੍ਰੀਤ ਸਿੰਘ,ਪਰਮਪਾਲ ਕੌਰ, ਭਾਜਪਾ ਉਮੀਦਵਾਰ ਪ੍ਰਨੀਤ ਕੌਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ ਵੀ ਮੌਜੂਦ ਸੀ।