ਬਰਨਾਲਾ ਵਿਚ ਸਿੱਖਿਆ ਕਰਮਚਾਰੀਆਂ `ਤੇ ਪੁਲਿਸ ਦੀਆਂ ਲਾਠੀਆਂ- ਧੀਆਂ ਦੀਆਂ ਲੱਥੀਆਂ ਚੁੰਨੀਆਂ, ਮੁੰਡਿਆਂ ਦੀਆਂ ਲੱਥੀਆਂ ਪੱਗਾਂ

ਬਰਨਾਲਾ ਵਿੱਚ ਸਿੱਖਿਆ ਵਿਭਾਗ ਦੇ ਵੱਖ-ਵੱਖ 1158 ਕਾਮਿਆਂ ਵੱਲੋਂ ਉਚੇਰੀ ਸਿੱਖਿਆ ਦੇ ਮੰਤਰੀ ਮੀਤ ਹੇਅਰ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਮੰਗਾਂ ਲੈ ਕੇ ਕੱਚੇ ਕਾਮੇ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਗਏ ਸਨ ਅਤੇ ਉਥੇ ਪੁਲਿਸ ਨੇ ਉਹਨਾਂ `ਤੇ ਲਾਠੀਚਾਰਜ ਕੀਤਾ।
ਚੰਡੀਗੜ: ਬਰਨਾਲਾ ਵਿਚ ਕੱਚੇ ਕਾਮਿਆਂ ਉੱਤੇ ਪੰਜਾਬ ਪੁਲਿਸ ਵੱਲੋਂ ਢਾਹੇ ਗਏ ਤਸ਼ੱਦਦ ਦੀਆਂ ਚਰਚਾਵਾਂ ਸਾਰੇ ਪਾਸੇ ਹੋ ਰਹੀਆਂ ਹਨ। ਬੀਤੇ ਦਿਨ ਬਰਨਾਲਾ ਵਿਖੇ ਸਿੱਖਿਆ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਗਏ ਅਧਿਆਪਕਾਂ, ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ 'ਤੇ ਲਾਠੀਚਾਰਜ ਕੀਤਾ ਗਿਆ। ਪੰਜਾਬ ਪੁਲਿਸ ਵੱਲੋਂ ਅਧਿਆਪਕਾਂ ਨੂੰ ਸੜਕਾਂ 'ਤੇ ਦੌੜਾ ਦੌੜਾ ਕੇ ਕੁੱਟਿਆ ਗਿਆ।
ਇੰਨ੍ਹਾ ਹੀ ਨਹੀਂ ਮਹਿਲਾ ਅਧਿਆਪਕ 'ਤੇ ਵੀ ਲਾਠੀਚਾਰਜ ਕੀਤਾ ਗਿਆ। ਮਹਿਲਾ ਅਧਿਆਪਕ ਪੁਲਿਸ ਤੋਂ ਆਪਣਾ ਕਸੂਰ ਪੁੱਛਦੀ ਰਹੀ ਕਿ ਮੇਰਾ ਨੌਕਰੀ ਮੰਗਣਾ ਮੇਰਾ ਕਸੂਰ ਹੋ ਗਿਆ। ਪੁਲਿਸ ਲਾਠੀਚਾਰਜ ਦੌਰਾਨ ਕਈ ਅਧਿਆਪਕ ਫੱਟੜ ਵੀ ਹੋ ਗਏ। ਮਹਿਲਾ ਅਧਿਆਪਕਾਂ ਦੀਆਂ ਚੁੰਨੀਆਂ ਵੀ ਲੱਥ ਗਈਆਂ ਅਤੇ ਬੇਰਹਿਮੀ ਨਾਲ ਇਸ ਕਦਰ ਕੁੱਟ ਮਾਰ ਕੀਤੀ ਗਈ ਕਿ ਪੱਗਾਂ ਸਿਰੋਂ ਲੱਥ ਕੇ ਗਲ੍ਹ ਵਿਚ ਪੈ ਗਈਆਂ ਸਨ। ਅਪਾਹਿਜ ਅਧਿਆਪਕ ਵੀ ਇਸ ਲਾਠੀਚਾਰਜ ਦਾ ਸ਼ਿਕਾਰ ਹੋਇਆ। ਬਾਅਦ ਵਿਚ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਪੁਲਿਸ ਬੱਸਾਂ ਵਿਚ ਬਿਠਾ ਕੇ ਅੱਡੋ-ਅੱਡ ਥਾਣਿਆਂ ਵਿਚ ਲਿਜਾ ਕੇ ਬੰਦ ਕਰ ਦਿੱਤਾ।
ਉਚੇਰੀ ਸਿੱਖਿਆ ਦੇ ਮੰਤਰੀ ਹਨ ਮੀਤ ਹੇਅਰ
ਬਰਨਾਲਾ ਵਿੱਚ ਸਿੱਖਿਆ ਵਿਭਾਗ ਦੇ ਵੱਖ-ਵੱਖ 1158 ਕਾਮਿਆਂ ਵੱਲੋਂ ਉਚੇਰੀ ਸਿੱਖਿਆ ਦੇ ਮੰਤਰੀ ਮੀਤ ਹੇਅਰ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਲੱਗਭੱਗ ਪੂਰੇ ਸੂਬੇ ਵਿਚੋਂ ਵੱਖੋ-ਵੱਖਰੇ ਫਰੰਟ ਦੇ ਅਧਿਆਪਕਾਂ ਨੇ ਇਸ ਰੋਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਭਰਤੀ ਲਈ ਦਿੱਤੇ ਇਸ਼ਤਿਹਾਰ ਨੂੰ ਰੱਦ ਕਰਨ ਦੇ ਲਿਖਤੀ ਫੈਸਲੇ ਤੋਂ ਬਾਅਦ ਸਥਿਤੀ ਬਾਰੇ ਮੁੱਖ ਮੰਤਰੀ ਅਤੇ ਉਚੇਰੀ ਸਿੱਖਿਆ ਮੰਤਰੀ ਨੂੰ ਪੱਤਰ ਲਿਖਿਆ ਜਾਵੇ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਇੱਕ ਪੈਨਲ ਮੀਟਿੰਗ ਇਕੱਠੀ ਹੋਣੀ ਚਾਹੀਦੀ ਹੈ।
ਭਰਤੀ ਰੱਦ ਕਰਨ ਦੇ ਫ਼ੈਸਲੇ ਲਈ ਲੜਿਆ ਜਾਣਾ ਚਾਹੀਦਾ ਕੇਸ
ਇਸ ਦਾ ਪ੍ਰੈਸ ਵਿੱਚ ਐਲਾਨ ਕਰਕੇ ਪੂਰੀ ਤਿਆਰੀ ਨਾਲ ਭਰਤੀ ਰੱਦ ਕਰਨ ਦੇ ਸਰਕਾਰ ਦੇ ਫੈਸਲੇ ਵਿਰੁੱਧ ਹਾਈ ਕੋਰਟ ਵਿਚ ਡਬਲ ਬੈਂਚ ਵਿਚ ਕੇਸ ਲੜਿਆ ਜਾਣਾ ਚਾਹੀਦਾ ਹੈ। ਇਸ ਭਰਤੀ ਪ੍ਰਕਿਰਿਆ ਤਹਿਤ ਕਾਲਜਾਂ ਵਿਚ ਨਿਯੁਕਤ ਕੀਤੇ ਗਏ ਸਹਾਇਕ ਪ੍ਰੋਫੈਸਰਾਂ ਦੀ ਨੌਕਰੀ ਦੀ ਸੁਰੱਖਿਆ ਦੀ ਗਾਰੰਟੀ ਦਿੱਤੀ ਜਾਵੇ। ਇਹ ਸਾਰੀਆਂ ਮੰਗਾਂ ਲੈ ਕੇ ਕੱਚੇ ਕਾਮੇ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਗਏ ਸਨ ਅਤੇ ਉਥੇ ਪੁਲਿਸ ਨੇ ਉਹਨਾਂ 'ਤੇ ਲਾਠੀਚਾਰਜ ਕੀਤਾ।
WATCH LIVE TV