Mohali News: ਥਾਣਾ ਹੰਡੇਸਰਾ ਦੀ ਪੁਲਿਸ ਨੇ ਮਥੁਰਾ ਤੋਂ ਠੱਗ ਜੋੜੇ ਨੂੰ ਕੀਤਾ ਕਾਬੂ, 6 ਲੱਖ ਦੀ ਠੱਗੀ ਮਾਰ ਕੇ ਹੋਇਆ ਸੀ ਫ਼ਰਾਰ
Mohali News: ਥਾਣਾ ਹੰਡੇਸਰਾ ਦੀ ਪੁਲਿਸ ਨੇ ਬੜੀ ਮੁਸ਼ੱਕਤ ਤੋਂ ਬਾਅਦ ਮਥੁਰਾ ਤੋਂ ਠੱਗ ਜੋੜੇ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।
Mohali News: ਪੰਜਾਬ ਵਿੱਚ ਆਏ ਦਿਨ ਠੱਗ ਨਵੇਂ-ਨਵੇਂ ਤਰੀਕੇ ਵਰਤ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਹਨ। ਮਥੁਰਾ ਦਾ ਰਹਿਣ ਵਾਲਾ ਰਾਜ ਕੁਮਾਰ ਆਪਣੀ ਪਤਨੀ ਤਾਨੀਆਂ ਨਾਲ ਤਾਂਤਰਿਕ ਤਰੀਕੇ ਨਾਲ ਲੋਕਾਂ ਨੂੰ ਵੱਖ-ਵੱਖ ਥਾਵਾਂ ਤੋਂ ਜ਼ਮੀਨ ਵਿੱਚੋਂ ਸੋਨਾ ਚਾਂਦੀ ਕੱਢਣ ਦੇ ਸਬਜ਼ਬਾਗ ਦਿਖਾ ਕੇ ਮੋਟੀ ਰਕਮ ਬਟੋਰ ਕੇ ਫਰਾਰ ਹੋ ਗਿਆ ਸੀ। ਜਿਸ ਨੂੰ ਥਾਣਾ ਹੰਡੇਸਰਾ ਦੀ ਪੁਲਿਸ ਨੇ ਅੱਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਤੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਦੇ ਸਹਿਯੋਗ ਨਾਲ ਬੜੀ ਮੁਸ਼ੱਕਤ ਤੋਂ ਬਾਅਦ ਮਥੁਰਾ ਤੋਂ ਕਾਬੂ ਕਰ ਲਿਆ।
ਇਸ ਠੱਗ ਖਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਉਸ ਉਤੇ ਕਾਰਵਾਈ ਕਰਦਿਆਂ ਐਸਐਚਓ ਗੁਰਵਿੰਦਰ ਸਿੰਘ ਨੇ ਇੱਕ ਸਪੈਸ਼ਲ ਟੀਮ ਮਥੁਰਾ ਲਈ ਰਵਾਨਾ ਕੀਤੀ। ਇਸ ਟੀਮ ਨੇ ਕਈ ਜਗ੍ਹਾ ਉਤੇ ਛਾਪੇਮਾਰੀ ਕੀਤੀ ਤੇ ਅਖੀਰ ਇਸ ਠੱਗ ਜੋੜੇ ਨੂੰ ਗ੍ਰਿਫਤਾਰ ਕਰਕੇ ਥਾਣਾ ਹੰਡੇਸਰਾ ਵਿੱਚ ਪੇਸ਼ ਕੀਤਾ। ਇਸ ਠੱਗ ਜੋੜੇ ਨੂੰ ਅੱਜ ਡੇਰਾ ਬੱਸੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਉਤੇ ਇਸ ਜੋੜੇ ਨੂੰ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਹੈ।
ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਜੋੜਾ ਲੋਕਾਂ ਦੇ ਘਰਾਂ ਵਿਚੋਂ ਜ਼ਮੀਨ ਵਿੱਚੋਂ ਸੋਨਾ ਚਾਂਦੀ ਕੱਢਣ ਦੇ ਨਾਂ ਉਤੇ 6 ਲੱਖ ਰੁਪਏ ਠੱਗ ਕੇ ਰਾਤੋ-ਰਾਤ ਭੱਜ ਗਿਆ ਸੀ। ਜਿਸ ਦੇ ਪੀੜਤ ਗੁਰਜੀਤ ਸਿੰਘ ਪਿੰਡ ਕੁੰਬੜਾ ਅਤੇ ਮਹਿੰਦਰ ਸਿੰਘ ਗਰੀਨ ਇਨਕਲੇਵ ਨੇ ਮੇਰੇ ਕੋਲ ਆ ਕੇ ਆਪਣੇ ਨਾਲ ਹੋਈ ਠੱਗੀ ਬਾਰੇ ਹੱਡਬੀਤੀ ਸੁਣਾਈ। ਅਸੀਂ ਇੱਕ ਲਿਖਤੀ ਦਰਖਾਸਤ ਐਸਐਸਪੀ ਮੋਹਾਲੀ ਨੂੰ ਦਿੱਤੀ।
ਇਹ ਵੀ ਪੜ੍ਹੋ : Punjab News: PM ਦੀ ਮੀਟਿੰਗ ਤੋਂ ਪਹਿਲਾਂ ਹਾਈ ਅਲਰਟ 'ਤੇ ਪੰਜਾਬ ਦੇ ਅਫਸਰ! ਮੁੱਖ ਸਕੱਤਰ ਨੇ DGP ਨੂੰ ਲਿਖਿਆ ਪੱਤਰ
ਉਸ ਦਰਖਾਸਤ ਉਤੇ ਕਾਰਵਾਈ ਕਰਦਿਆਂ ਪੁਲਿਸ ਨੇ ਇਨ੍ਹਾਂ ਠੱਗਾਂ ਨੂੰ ਕਾਬੂ ਕੀਤਾ। ਕੁੰਭੜਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੁਛ ਲੋਕ ਆਨਲਾਈਨ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ ਤੇ ਕੁਝ ਇਸ ਤਰ੍ਹਾਂ ਦੇ ਠੱਗ ਭਰਮ ਫੈਲਾਕੇ ਜਾਂ ਲਾਲਚ ਦੇ ਕੇ ਠੱਗਦੇ ਹਨ, ਵੱਡੇ ਵੱਡੇ ਸਬਜ਼ਬਾਗ ਦਿਖਾਉਂਦੇ ਹਨ।
ਇਹ ਵੀ ਪੜ੍ਹੋ : Punjab Weather Update: ਪੰਜਾਬ 'ਚ ਅੱਜ ਤੋਂ ਐਕਟਿਵ ਹੋਇਆ ਮਾਨਸੂਨ; 15 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ