ਸ਼ੁਭਮਨ ਗਿੱਲ ਦੇ ਸਿਆਸੀ ਲੀਡਰ ਵੀ ਹੋਏ ਮੁਰੀਦ, ਸੋਸ਼ਲ ਮੀਡੀਆ ’ਤੇ ਵੀ ਸੁਰਖੀਆਂ ’ਚ
ਕੱਲ੍ਹ ਖੇਡੇ ਗਏ ਮੈਚ ਦੌਰਾਨ ਕ੍ਰਿਕਟਰ ਗਿੱਲ ਨੇ ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਦਾ ਰਿਕਾਰਡ ਤੋੜ ਦਿੱਤਾ, ਉਸਨੇ ਮੈਚ ਦੌਰਾਨ 19 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ ਦੋਹਰਾਂ ਸੈਂਕੜਾ ਬਣਾਇਆ।
Shubman Gill Double Century: ਪੰਜਾਬ ਦੇ ਨੌਜਵਾਨ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (Shubman Gill) ਨੇ ਨਿਊਜ਼ੀਲੈਂਡ ਖ਼ਿਲਾਫ਼ ਖੇਡਦਿਆਂ ਇਤਿਹਾਸ ਰੱਚ ਦਿੱਤਾ।
ਇਸ ਰਿਕਾਰਡ ਦੇ ਨਾਲ ਹੀ ਸ਼ੁਭਮਨ ਗਿੱਲ ਵਨ ਡੇਅ ਫਾਰਮੇਟ (One day format) ’ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਕੱਲ੍ਹ ਖੇਡੇ ਗਏ ਮੈਚ ਦੌਰਾਨ ਕ੍ਰਿਕਟਰ ਗਿੱਲ ਨੇ ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਦਾ ਰਿਕਾਰਡ ਤੋੜ ਦਿੱਤਾ। ਉਨ੍ਹਾਂ ਮੈਚ ਦੌਰਾਨ 19 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ ਦੋਹਰਾਂ ਸੈਂਕੜਾ ਬਣਾਇਆ।
ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕ੍ਰਿਕਟ ਖਿਡਾਰੀ ਸ਼ੁਭਮਨ ਗਿੱਲ ਨੂੰ ਵਧਾਈ ਦਿੱਤੀ ਹੈ। ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ''ਇਹ ਜਾਣ ਕੇ ਖੁਸ਼ੀ ਹੋਈ ਕਿ ਸਾਡਾ ਜਲਾਲਾਬਾਦ ਸਟਾਰ ਸ਼ੁਭਮਨ ਗਿੱਲ 200 ਦੌੜਾਂ ਬਣਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਅਤੇ ODI ਕ੍ਰਿਕਟ ਵਿੱਚ ਸਭ ਤੋਂ ਤੇਜ਼ 1,000 ਦੌੜਾਂ ਬਣਾਉਣ ਵਾਲਾ ਭਾਰਤੀ ਬਣ ਗਿਆ ਹੈ। ਕੱਲ੍ਹ ਨਿਊਜ਼ੀਲੈਂਡ ਖ਼ਿਲਾਫ਼ 208 ਦੌੜਾਂ ਬਣਾ ਕੇ ਸ਼ੁਭਮਨ ਨੇ ਇਸ ਸੰਦਰਭ ਵਿੱਚ ਭਾਰਤ ਦੇ ਕ੍ਰਿਕਟ ਖਿਡਾਰੀਆਂ ਦਾ ਪਿਛਲਾ ਰਿਕਾਰਡ ਤੋੜ ਦਿੱਤਾ ਹੈ। ਵਧਾਈਆਂ ਚੈਂਪੀਅਨ, ਤੁਸੀਂ ਸਾਨੂੰ ਸਾਰਿਆਂ ਨੂੰ ਮਾਣ ਦਿੱਤਾ ਹੈ।
ਇਸ ਤੋਂ ਇਲਾਵਾ ਜਲਾਲਾਬਾਦ ਤੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਵੀ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਸੋਸ਼ਲ ਮੀਡੀਆ ’ਤੇ ਵਧਾਈ ਦਿੰਦਿਆ ਕਿਹਾ ਕਿ, "ਮੇਰੇ ਹਲਕੇ ਜਲਾਲਾਬਾਦ ਦੇ Shubman Gill ਨੇ ਭਾਰਤ ਬਨਾਮ ਨਿਉਜ਼ੀਲੈਂਡ ਪਹਿਲੇ ਵਨ-ਡੇਅ ਮੈਚ ਚ 145 ਗੇਂਦਾ ਤੇ ਦੋਹਰਾ ਸੈਂਕੜਾ ਮਾਰ ਕੇ ਜਲਾਲਾਬਾਦ ਦਾ ਅਤੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ l ਵਾਹਿਗੁਰੂ ਜੀ ਹਮੇਸ਼ਾ ਸ਼ੁਭਮਨ ਤੇ ਮੇਹਰ ਭਰਿਆ ਹੱਥ ਰੱਖਣ।"
ਹੈਦਰਾਬਾਦ ’ਚ ਨਿਊਜ਼ੀਲੈਂਡ ਖਿਲਾਫ ਪਹਿਲੇ ਇੱਕ ਦਿਨਾ ਮੈਚ 'ਚ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਸ਼ਰਮਾਂ ਦੇ ਨਾਲ ਸ਼ੁਭਮਨ ਗਿੱਲ ਨੇ ਟੀਮ ਨੂੰ ਇੱਕ ਹੋਰ ਚੰਗੀ ਸ਼ੁਰੂਆਤ ਦਿੱਤੀ। ਰੋਹਿਤ 34 ਦੌੜਾਂ ਬਣਾ ਕੇ ਆਊਟ ਹੋ ਗਏ, ਜਿਸ ਤੋਂ ਬਾਅਦ ਪਿਛਲੇ ਮੈਚ ’ਚ ਸੈਂਚੁਰੀ ਬਣਾਉਣ ਵਾਲੇ ਵਿਰਾਟ ਕੋਹਲੀ (Viral Kohli) ਵੀ ਮਿਸ਼ੇਲ ਸੈਂਟਨਰ ਦੀ ਸ਼ਾਨਦਾਰ ਗੇਂਦ 'ਤੇ ਬੋਲਡ ਹੋ ਗਏ। ਈਸ਼ਾਨ ਕਿਸ਼ਨ ਸਿਰਫ 5 ਦੌੜਾਂ ਬਣਾ ਕੇ ਵਿਕਟ ਗੁਆ ਬੈਠੇ।
ਲਗਾਤਾਰ ਵਿਕਟਾਂ ਡਿੱਗਣ ਦੇ ਵਿਚਕਾਰ ਸ਼ੁਭਮਨ ਗਿੱਲ ਦਾ ਬੱਲਾ ਲਗਾਤਾਰ ਦੌੜਾਂ ਦੀ ਵਰਖਾ ਕਰਦਾ ਰਿਹਾ। ਗਿੱਲ ਨੇ ਪਹਿਲੀਆਂ 52 ਗੇਂਦਾਂ ਵਿੱਚ 9 ਚੌਕੇ ਅਤੇ 1 ਛੱਕਾ ਲਗਾ ਕੇ ਪੰਜਾਹ ਦੌੜਾਂ ਪੂਰੀਆਂ ਕੀਤੀਆਂ। ਇਸ ਤੋਂ ਬਾਅਦ ਉਸਦਾ ਹੌਂਸਲਾ ਖੁੱਲ੍ਹ ਗਿਆ ਅਤੇ 87 ਗੇਂਦਾਂ ਦਾ ਸਾਹਮਣਾ ਕਰਦੇ ਹੋਏ 14 ਚੌਕੇ ਅਤੇ 2 ਛੱਕੇ ਲਗਾ ਕੇ ਸੈਂਕੜਾ ਪੂਰਾ ਕੀਤਾ। ਸ਼ੁਭਮਨ ਗਿੱਲ ਦਾ ਇਕ ਦਿਨਾ ਕ੍ਰਿਕਟ ਮੈਚ ’ਚ ਲਗਾਤਾਰ ਦੂਜਾ ਅਤੇ ਕੈਰੀਅਰ ਦਾ ਤੀਜਾ ਸੈਂਕੜਾ ਸੀ। ਫ਼ੇਰ ਆਖਰੀ ਓਵਰ ਤੱਕ ਪਹੁੰਚਦਿਆਂ ਉਸਨੇ 3 ਛੱਕਿਆਂ ਅਤੇ 19 ਚੌਕਿਆਂ ਦੀ ਮਦਦ ਨਾਲ 145 ਗੇਦਾਂ ਖੇਡਦਿਆਂ ਦੋਹਰਾ ਸੈਂਕੜਾ ਪੂਰਾ ਕੀਤਾ।
ਇਹ ਵੀ ਪੜ੍ਹੋ: ਲਗਾਤਾਰ 2 ਛੱਕੇ ਜੜ ਸ਼ੁਭਮਨ ਗਿੱਲ ਨੇ ਪੂਰਾ ਕੀਤਾ ਦੋਹਰਾ ਸੈਂਕੜਾ, ਤੋੜੇ ਕਈ ਰਿਕਾਰਡ