Samrala News(ਵਰੁਣ ਕੌਸ਼ਲ): ਸਮਰਾਲਾ ਨਜ਼ਦੀਕ ਪਿੰਡ ਮੁਸਕਾਬਾਦ ਵਿਖੇ ਲੱਗ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ਦਾ ਮਾਮਲਾ ਦਿਨੋਂ ਦਿਨ ਸੁਲਝਣ ਦੀ ਬਜਾਏ ਉਲਝਦਾ ਜਾ ਰਿਹਾ ਹੈ। ਪਿਛਲੇ 44 ਦਿਨਾਂ ਤੋਂ ਫੈਕਟਰੀ ਦੇ ਸਾਹਮਣੇ ਧਰਨੇ ਉਤੇ ਡਟੇ ਪਿੰਡ ਮੁਸ਼ਕਾਬਾਦ ਅਤੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਇਸ ਧਰਨੇ ਦੇ ਨਾਲ ਨਾਲ ਹੁਣ ਇਸ ਫੈਕਟਰੀ ਨੂੰ ਜਾਂਦੇ ਰਸਤੇ ਵੀ ਰੋਕ ਦਿੱਤੇ ਹਨ।


COMMERCIAL BREAK
SCROLL TO CONTINUE READING

ਪਿੰਡ ਮੁਸ਼ਕਬਾਦ ਦੇ ਸਰਪੰਚ ਮਾਲਵਿੰਦਰ ਸਿੰਘ ਲਵਲੀ ਨੇ ਦੱਸਿਆ ਕਿ ਪ੍ਰਦੂਸ਼ਿਤ ਗੈਸ ਫੈਕਟਰੀ ਖਿਲਾਫ ਵਿਰੁੱਧ 2 ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਹੁਣ ਧਰਨਾ 44ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਲਵਲੀ ਅਨੁਸਾਰ ਪਿੰਡ ਅਖਾੜਾ , ਭੂੰਦੜੀ ਅਤੇ ਘੁੰਗਰਾਲੀ ਰਾਜਪੂਤਾਂ ਵਿਖੇ ਵੀ ਲੱਗ ਰਹੇ ਅਜਿਹੇ ਬਾਇਓ ਗੈਸ ਪਲਾਂਟਾਂ ਦੇ ਵਿਰੋਧ ਕਰਨ ਕਾਰਨ ਪਹਿਲਾਂ ਹੀ ਕੰਮ ਬੰਦ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਪਿੰਡ ਮੁਸ਼ਕਾਬਾਦ ਕਮੇਟੀ ਨਾਲ ਮੀਟਿੰਗ ਕਰਕੇ ਉਹੀ ਪੁਰਾਣੇ ਡੰਗ ਟਪਾਊ ਅਤੇ ਟਾਲਾ ਵੱਟੂ ਨੀਤੀ ਹੀ ਅਪਣਾਈ ਗਈ ਹੈ।


ਇਸ ਤੋਂ ਤੰਗ ਆ ਕੇ ਬਣਾਈ ਗਈ ਸੰਘਰਸ਼ ਕਮੇਟੀ ਵੱਲੋਂ ਅੱਜ ਤੋਂ ਮੁਸ਼ਕਾਬਾਦ ਵਿੱਚ ਗੈਸ ਫੈਕਟਰੀ ਨੂੰ ਜਾਂਦੀ ਹਰ ਤਰ੍ਹਾਂ ਦੀ ਸਪਲਾਈ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਐਕਸ਼ਨ ਕਮੇਟੀ ਮੈਂਬਰਾ ਨੇ ਦੱਸਿਆ ਕਿ ਫੈਕਟਰੀ ਨੂੰ ਜਾਣ ਵਾਲੇ ਸਮਾਨ ਨੂੰ ਰੋਕ ਦਿੱਤਾ ਗਿਆ ਅਤੇ ਬਾਹਰੋਂ ਆਉਂਦੀ ਲੇਬਰ ਨੂੰ ਸਮਝਾ ਦਿੱਤਾ ਗਿਆ ਕਿ ਗੈਸ ਫੈਕਟਰੀ ਦੇ ਮਾਰੂ ਪ੍ਰਭਾਵ ਕਰਕੇ ਰਸਤੇ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।


ਏਡੀਸੀ ਲੁਧਿਆਣਾ ਵੱਲੋਂ ਮੁਸ਼ਕਾਬਾਦ ਐਕਸ਼ਨ ਕਮੇਟੀ ਨੂੰ ਇੱਕ ਚਿੱਠੀ ਦਾ ਹਵਾਲਾ ਦੇ ਕੇ ਗੱਲ ਕਹੀ ਕਿ ਜੇਕਰ ਕਿਸੇ ਪਿੰਡ ਵਿੱਚ 70% ਪਿੰਡ ਵਾਸੀਆਂ ਵੱਲੋਂ ਫੈਕਟਰੀ ਦਾ ਵਿਰੋਧ ਹੈ ਤਾਂ ਫੈਕਟਰੀ ਨਹੀਂ ਲੱਗ ਸਕਦੀ ਪਰ ਐਕਸ਼ਨ ਕਮੇਟੀ ਮੈਂਬਰ ਨਿਰਮਲ ਸਿੰਘ ਮੁਸ਼ਕਾਬਾਦ ਨੇ ਦੱਸਿਆ ਕਿ ਪਿੰਡ ਮੁਸ਼ਕਾਬਾਦ ,ਖੀਰਨੀਆਂ ਅਤੇ ਟੱਪਰੀਆਂ ਤੋਂ ਇਲਾਵਾ ਹੋਰ ਵੱਖ-ਵੱਖ ਯੂਨੀਅਨ ਤੋਂ ਵੱਡਾ ਇਕੱਠ ਹੋਇਆ ਹੈ। ਐਕਸ਼ਨ ਕਮੇਟੀ ਵੱਲੋਂ ਦੱਸਿਆ ਗਿਆ ਕਿ ਇਹ ਧਰਨਾ ਕਿਸੇ ਨੇ ਨਿਰਣਾਇਕ ਫੈਸਲੇ ਤੱਕ ਜਾਰੀ ਰਹੇਗਾ।


ਲੁਧਿਆਣਾ ਜ਼ਿਲ੍ਹੇ ਵਿੱਚ ਲੱਗ ਰਹੇ ਤਿੰਨ ਨਵੇਂ ਅਤੇ ਇੱਕ ਪਹਿਲਾਂ ਹੀ ਸਥਾਪਤ ਹੋ ਚੁੱਕੇ ਬਾਇਓ ਗੈਸ ਪਲਾਂਟਾਂ ਵਿਰੁੱਧ ਪਿੰਡਾਂ ਦੇ ਵਸਨੀਕਾਂ ਦਾ ਰੋਹ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਪਿੰਡ ਮੁਸ਼ਕਾਬਾਦ ਖੀਰਨੀਆਂ ਅਤੇ ਟੱਪਰੀਆਂ ਦੇ ਵਸਨੀਕ ਵੋਟਰਾਂ ਵੱਲੋਂ ਹਾਲ ਵਿੱਚ ਹੀ ਹੋਈਆਂ ਲੋਕ ਸਭਾ ਚੋਣਾਂ ਦਾ ਬਾਈਕਾਟ ਵੀ ਕੀਤਾ ਗਿਆ ਸੀ। ਅੱਜ ਤੋਂ ਹੋਰ ਵੀ ਤਿੱਖੇ ਹੋਏ ਇਸ ਸੰਘਰਸ਼ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਫੈਕਟਰੀ ਅਤੇ ਸੰਘਰਸ਼ਕਾਰੀਆਂ ਦੇ ਧਰਨੇ ਵਾਲੀ ਥਾਂ ਉਤੇ ਨਿਯੁਕਤ ਕੀਤੇ ਹੋਏ ਹਨ।


ਇਸ ਸਬੰਧੀ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਪਿੰਡ ਮੁਸ਼ਕਾਬਾਦ ਵਾਸੀਆਂ ਵੱਲੋਂ ਫੈਕਟਰੀ ਦੇ ਦੋਨੇ ਪਾਸੇ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਹੈ ਅਗਰ ਕਿਸੇ ਤਰ੍ਹਾਂ ਦਾ ਕੋਈ ਕਨੂੰਨ ਵਿਰੁੱਧ ਜਾਵੇਗਾ ਉਸ ਤੇ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ।