Punjab News: ਹਾਈਕੋਰਟ ਨੇ DGP ਪੰਜਾਬ ਨੂੰ ਲਗਾਈ ਫਟਕਾਰ! ਭਲਕੇ ਜਵਾਬ ਦਾਖਿਲ ਕਰਨ ਦੇ ਹੁਕਮ
Punjab and Haryana High Court News: ਦੱਸਣਯੋਗ ਹੈ ਕਿ NDPS ਦੇ ਇੱਕ ਮਾਮਲੇ `ਚ ਅਦਾਲਤ ਵੱਲੋਂ ਜਮਾਨਤ ਅਰਜੀ `ਤੇ ਸੁਣਵਾਈ ਕੀਤੀ ਜਾ ਰਹੀ ਸੀ।
Punjab and Haryana High Court Case Hearing News Today: ਨਸ਼ੇ ਦੇ ਮਾਮਲੇ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਖ਼ਤ ਰੁੱਖ ਅਪਣਾਇਆ ਗਿਆ ਹੈ ਅਤੇ ਅੱਜ ਪੰਜਾਬ ਦੇ ਡੀਜੀਪੀ, ਗ੍ਰਹਿ ਵਿਭਾਗ ਦੇ ਸਕੱਤਰ ਸਮੇਤ ਮੁਕਤਸਰ ਜ਼ਿਲ੍ਹੇ ਦੇ ਐੱਸ ਐੱਸ ਪੀ ਨੂੰ ਤਲਬ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਮਾਮਲੇ 'ਚ ਅੱਜ ਸੁਣਵਾਈ ਹੋਈ ਅਤੇ ਇਸ ਦੌਰਾਨ ਡੀਜੀਪੀ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਹਾਈਕੋਰਟ ਨੇ ਉਨ੍ਹਾਂ ਨੂੰ ਫਟਕਾਰ ਲਗਾਈ ਅਤੇ ਭਲਕੇ ਜਵਾਬ ਦੇਣ ਲਈ ਹੁਕਮ ਜਾਰੀ ਕੀਤੇ।
ਦੱਸਣਯੋਗ ਹੈ ਕਿ NDPS ਦੇ ਇੱਕ ਮਾਮਲੇ 'ਚ ਅਦਾਲਤ ਵੱਲੋਂ ਜਮਾਨਤ ਅਰਜੀ 'ਤੇ ਸੁਣਵਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਇਹ ਗੱਲ ਨੋਟ ਕੀਤੀ ਗਈ ਕਿ ਨਸ਼ੇ ਦੇ ਪਰਚੇ ਅਤੇ ਚਲਾਨ ਤੋਂ ਬਾਅਦ ਅਜਿਹੇ ਮਾਮਲਿਆਂ 'ਚ ਗਵਾਹ ਪੇਸ਼ ਨਹੀਂ ਹੁੰਦੇ ਅਤੇ ਗਵਾਹ ਨਾ ਪੇਸ਼ ਹੋਣ ਦੇ ਚੱਲਦੇ ਟ੍ਰਾਇਲ ਚ ਦੇਰੀ ਹੁੰਦੀ ਹੈ। ਇਸ ਦੌਰਾਨ ਅਦਾਲਤ ਵੱਲੋਂ ਨਸ਼ੇ ਨੂੰ ਗੰਭੀਰ ਸਮੱਸਿਆ ਦੱਸਿਆ ਗਿਆ।
ਇਸ ਦੌਰਾਨ ਮਾਣਯੋਗ ਅਦਾਲਤ ਦੇ ਜੱਜ ਮੰਜਾਰੀ ਨਹਿਰੂ ਕੌਲ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਰਾਜ ਵਿੱਚ ਇਹ ਇੱਕ ਨਿਯਮਤ ਵਿਸ਼ੇਸ਼ਤਾ ਬਣ ਗਈ ਹੈ ਕਿ ਇਸਤਗਾਸਾ ਦੇ ਗਵਾਹ, ਜੋ ਕਿ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਮਾਮਲਿਆਂ ਵਿੱਚ ਜ਼ਿਆਦਾਤਰ ਸਰਕਾਰੀ ਗਵਾਹ ਹੁੰਦੇ ਹਨ, ਮੁਕੱਦਮੇ ਦੌਰਾਨ ਆਪਣੇ ਸਬੂਤ ਦਰਜ ਕਰਵਾਉਣ ਲਈ ਪੇਸ਼ ਨਹੀਂ ਹੋ ਰਹੇ, ਜਿਸ ਦੇ ਨਤੀਜੇ ਵਜੋਂ ਮੁਕੱਦਮੇ ਚੱਲਦੇ ਜਾ ਰਹੇ ਹਨ ਅਤੇ ਕੁਦਰਤੀ ਤੌਰ 'ਤੇ ਦੇਰੀ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਅਤੀਤ ਵਿੱਚ ਕਈ ਮੌਕਿਆਂ 'ਤੇ, ਇਸ ਅਦਾਲਤ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਸੁਪਰਡੈਂਟਾਂ ਦੀ ਹਾਜ਼ਰੀ ਦੇ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਨੇ ਇਸ ਅਦਾਲਤ ਨੂੰ ਵਾਰ-ਵਾਰ ਭਰੋਸਾ ਦਿਵਾਇਆ ਸੀ ਕਿ ਭਵਿੱਖ ਵਿੱਚ ਇਸਤਗਾਸਾ ਪੱਖ ਦੇ ਗਵਾਹਾਂ ਦੀ ਹਾਜ਼ਰੀ ਨਾ ਹੋਣ ਕਾਰਨ ਸੁਣਵਾਈ ਵਿੱਚ ਦੇਰੀ ਨਹੀਂ ਹੋਵੇਗੀ। ਹਾਲਾਂਕਿ, ਇਹ ਅਦਾਲਤ ਇਹ ਦੇਖ ਕੇ ਦੁਖੀ ਹੈ ਕਿ ਇਹ ਭਰੋਸੇ ਵਿਅਰਥ ਰਹੇ ਹਨ ਅਤੇ ਸੰਭਵ ਤੌਰ 'ਤੇ ਸਿਰਫ ਇਸ ਅਦਾਲਤ ਨੂੰ ਤਸੱਲੀ ਦੇਣ ਲਈ ਦਿੱਤੇ ਗਏ ਹਨ।
ਇਸ ਦੌਰਾਨ ਅੱਗੇ ਕਿਹਾ ਗਿਆ ਕਿ ਅਜਿਹੇ ਹਾਲਾਤਾਂ ਵਿੱਚ, ਇਹ ਅਦਾਲਤ ਮੂਕ ਦਰਸ਼ਕ ਨਹੀਂ ਬਣੇਗੀ। ਇਸ ਅਦਾਲਤ ਕੋਲ ਸਕੱਤਰ, ਗ੍ਰਹਿ ਮਾਮਲੇ, ਪੰਜਾਬ; ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਅਤੇ ਸੀਨੀਅਰ ਪੁਲਿਸ ਕਪਤਾਨ, ਸ੍ਰੀ ਮੁਕਤਸਰ ਸਾਹਿਬ ਨੂੰ ਇਸ ਅਦਾਲਤ ਵਿੱਚ ਅਗਲੀ ਸੁਣਵਾਈ ਲਈ ਹਾਜ਼ਰ ਹੋਣ ਦੇ ਨਿਰਦੇਸ਼ ਦੇਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚਿਆ ਹੈ।
ਇਹ ਵੀ ਪੜ੍ਹੋ: Bihar Train Accident: ਬਿਹਾਰ 'ਚ ਟਰੇਨ ਦੀਆਂ 23 ਬੋਗੀਆਂ ਪਟੜੀ ਤੋਂ ਉਤਰੀਆਂ, 4 ਲੋਕਾਂ ਦੀ ਮੌਤ; 100 ਤੋਂ ਵੱਧ ਜ਼ਖਮੀ