Punjab News: ਪੰਜਾਬ ਵਿੱਚ ਵੱਗ ਰਹੇ ਨਸ਼ੇ ਦੇ ਛੇਵੇਂ ਦਰਿਆ ਤੋਂ ਜਿੱਥੇ ਸਰਕਾਰਾਂ ਤੰਗ ਹਨ ਉੱਥੇ ਹੀ ਹੁਣ ਪੰਜਾਬ ਦੇ ਲੋਕ ਵੀ ਤੰਗ ਹੁੰਦੇ ਜਾ ਰਹੇ ਹਨ। ਕਹਿੰਦੇ ਹਨ ਕਿ ਜਦੋਂ ਸਿਰ ਤੋਂ ਪਾਣੀ ਲੰਘ ਜਾਵੇ ਤਾਂ ਫਿਰ ਪਾਣੀ ਨੂੰ ਠੱਲਣਾ ਹੀ ਪੈਂਦਾ ਹੈ। ਇਸੇ ਤਰ੍ਹਾਂ ਹੁਣ ਇਸ ਨਸ਼ੇ ਦੇ ਕੋਹੜ ਨੂੰ ਜੜੋਂ ਖ਼ਤਮ ਕਰਨ ਲਈ ਡੱਟ ਕੇ ਖੜੇ ਹੁੰਦੇ ਦਿਖਾਈ ਦੇ ਰਹੇ ਹਨ।


COMMERCIAL BREAK
SCROLL TO CONTINUE READING

ਅਜਿਹਾ ਹੀ ਕੁਝ ਕੀਤਾ ਹੈ ਬਟਾਲਾ ਦੇ ਨਜ਼ਦੀਕੀ ਪਿੰਡ ਹਰਦੋ ਝੰਡੇ ਦੇ ਵਸਨੀਕਾਂ ਨੇ ਅਤੇ ਦਰਅਸਲ ਜਦੋਂ ਇਸ ਪਿੰਡ ਦੇ ਲੋਕ ਪਿੰਡ ਵਿੱਚ ਵੇਚੇ ਜਾ ਰਹੇ ਨਸ਼ੇ ਤੋਂ ਤੰਗ ਆ ਗਏ ਤਾਂ ਪਿੰਡ ਵਿੱਚ ਵਿਕਦੇ ਇਸ ਨਸ਼ੇ ਉੱਤੇ ਨਕੇਲ ਕੱਸਣ ਲਈ ਪਹਿਲਾਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਤੇ ਜਦੋਂ ਜ਼ਿਆਦਾ ਕੰਮ ਵੱਧ ਗਿਆ ਤਾਂ ਫਿਰ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਫੈਸਲਾ ਲੈਂਦੇ ਹੋਏ ਪੂਰੇ ਪਿੰਡ ਦੀ ਸਹਿਮਤੀ ਨਾਲ ਮਤਾ ਪਾਸ ਕਰ ਦਿੱਤਾ ਕਿ ਜੇਕਰ ਪਿੰਡ ਵਿੱਚ ਕਿਸੇ ਨੂੰ ਨਸ਼ਾ ਵੇਚਦੇ ਫੜ ਲਿਆ ਗਿਆ ਤਾਂ ਉਸਨੂੰ ਪਿੰਡ ਦੇ ਚੌਂਕ ਵਿੱਚ ਖੁਦ ਸਜਾ ਦੇਵਾਂਗੇ ਤੇ ਇੱਕ ਲੱਖ ਰੁਪਏ ਜੁਰਮਾਨੇ ਸਮੇਤ ਉਸਦਾ ਪੂਰਨ ਤੌਰ ਉੱਤੇ ਬਾਈਕਾਟ ਕੀਤਾ ਜਾਵੇਗਾ ਤੇ ਉਸ ਨਾਲ ਕੋਈ ਸੰਬੰਧ ਨਹੀਂ ਰੱਖਿਆ ਜਾਵੇਗਾ। 


ਉੱਥੇ ਹੀ ਪਿੰਡ ਦੀ ਧਰਮਸ਼ਾਲਾ ਵਿੱਚ ਬੈਠ ਕੇ ਨਸ਼ੇ ਖਿਲਾਫ਼ ਮਤਾ ਪਾਸ ਕਰ ਰਹੇ ਪਿੰਡ ਵਾਸੀਆਂ ਵਿੱਚੋਂ ਰਿਟਾਇਰਡ ਫੌਜ਼ੀ ਸੁਖਜੀਤ ਸਿੰਘ ਨੇ ਕਿਹਾ ਕਿ ਇਹ ਫੈਸਲਾ ਨਸ਼ੇ ਤੋਂ ਦੁਖੀ ਹੋ ਕੇ ਲਿਆ ਗਿਆ ਹੈ ਅਤੇ ਇਹ ਫੈਸਲਾ ਪੂਰੇ ਪਿੰਡ ਦਾ ਹੀ ਹੈ ਕਿਉਂਕਿ ਨਸ਼ਾ ਪਿੰਡ ਅਤੇ ਪਿੰਡ ਦੀ ਜਵਾਨੀ ਤਬਾਹ ਕਰ ਰਿਹਾ ਹੈ। ਪਿੰਡ ਵਿੱਚ ਤਿੰਨ ਤੋਂ ਚਾਰ ਪਰਿਵਾਰ ਐਸੇ ਹਨ ਜੋ ਨਸ਼ਾ ਵੇਚਦੇ ਹਨ ਜਿਸ ਕਰਕੇ ਪਿੰਡ ਦੀ ਜਵਾਨੀ ਮੌਤ ਦੇ ਮੂੰਹ ਵਿੱਚ ਜਾ ਰਹੀ ਹੈ। ਇਸੇ ਕਰਕੇ ਮਤਾ ਪਾਸ ਕਰਦੇ ਹੋਏ ਸਖ਼ਤ ਫੈਸਲੇ ਲਏ ਗਏ ਹਨ ਕਿ ਜੇਕਰ ਪਿੰਡ ਵਿੱਚ ਹੁਣ ਤੋਂ ਜੇ ਕਿਸੇ ਨੇ ਨਸ਼ਾ ਵੇਚਿਆ ਜਾਂ ਨਸ਼ਾ ਵੇਚਦਾ ਫੜਿਆ ਗਿਆ ਤਾਂ ਪਿੰਡ ਦੇ ਚੌਂਕ ਵਿੱਚ ਸਾਰੀਆਂ ਦੇ ਸਾਹਮਣੇ ਸਜਾ ਦਿੱਤੀ ਜਾਵੇਗੀ। 


ਇਹ ਵੀ ਪੜ੍ਹੋ: SYL News: ਪੰਜਾਬ ਕੋਲ ਕਿਸੇ ਵੀ ਸੂਬੇ ਨੂੰ ਪਾਣੀ ਦੇਣ ਲਈ ਇੱਕ ਬੂੰਦ ਵੀ ਨਹੀਂ ਹੈ: ਭਾਰਤੀ ਕਿਸਾਨ ਯੂਨੀਅਨ


ਇੱਕ ਲੱਖ ਰੁਪਏ ਜੁਰਮਾਨੇ ਦੇ ਨਾਲ ਪੂਰਨ ਤੌਰ ਉੱਤੇ ਬਾਈਕਾਟ ਕੀਤਾ ਜਾਵੇਗਾ ਅਤੇ ਨਾ ਹੀ ਕੋਈ ਉਸ ਨਾਲ ਕਿਸੇ ਤਰ੍ਹਾਂ ਸੰਬੰਧ ਰੱਖੇਗਾ ਨਾ ਕੋਈ ਉਸਦੇ ਘਰੇਲੂ ਫ਼ੰਕਸ਼ਨ ਉੱਤੇ ਜਾਵੇਗਾ, ਨਾ ਹੀ ਕੋਈ ਉਸਨੂੰ ਬੁਲਾਵੇਗਾ। ਓਥੇ ਹੀ ਪਿੰਡ ਦੀ ਮਹਿਲਾ ਰੁਪਿੰਦਰ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਘਰ ਚਲਾਉਂਦੀ ਹੈ। 


ਲੇਕਿਨ ਉਸਦਾ ਇਕਲੌਤਾ ਪੁੱਤਰ ਇਸੇ ਨਸ਼ੇ ਦੀ ਗ੍ਰਿਫਤ ਵਿੱਚ ਆ ਗਿਆ ਹੈ ਤੇ ਨਸ਼ੇ ਦੀ ਪੂਰਤੀ ਲਈ ਊਸ ਕੋਲੋ ਪੈਸੇ ਖੋਹ ਕੇ ਲੈ ਜਾਂਦਾ ਹੈ ਪੈਸੇ ਨਾ ਦੇਣ ਦੀ ਸੂਰਤ ਵਿੱਚ ਮਾਰਕੁਟਾਈ ਕਰਦਾ ਹੈ। ਉਸਦੇ ਬੇਟੇ ਨੇ ਨਸ਼ੇ ਲਈ ਘਰ ਦਾ ਸਾਰਾ ਸਮਾਨ ਵੀ ਵੇਚ ਦਿੱਤਾ ਹੈ। ਉੱਥੇ ਹੀ ਪਿੰਡ ਦੇ ਹੀ ਜਗਜੀਤ ਸਿੰਘ ਨੇ ਕਿਹਾ ਕਿ ਪਿੰਡ ਨੇ ਦੁੱਖੀ ਹੋ ਕੇ ਇਹ ਸਖ਼ਤ ਫੈਂਸਲਾ ਲਿਆ ਹੈ ਤੇ ਜੋ ਹਲਾਤ ਪਿੰਡ ਦੇ ਬਣਦੇ ਜਾ ਰਹੇ ਹਨ ਇਹ ਫੈਸਲਾ ਲੈਣਾ ਵੀ ਜ਼ਰੂਰੀ ਹੋ ਗਿਆ ਸੀ। ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਇਕਜੁਟ ਹਾਂ ਤਾਂ ਕਿ ਆਪਣੇ ਪਿੰਡ ਅਤੇ ਜਵਾਨੀ ਨੂੰ ਇਸ ਨਸ਼ੇ ਦੇ ਕੋਹੜ ਤੋਂ ਬਚਾ ਸਕੀਏ। 


(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)