Punjab Election Commission: ਮੁੱਖ ਚੋਣ ਅਧਿਕਾਰੀ ਨੇ ਵੋਟਿੰਗ ਫ਼ੀਸਦੀ ਵਧਾਉਣ ਵਾਲੇ ਬੀਐਲਓਜ਼ ਲਈ ਇਨਾਮ ਐਲਾਨਿਆ, ਜਾਣੋ ਕਿੰਨੀ ਮਿਲੇਗੀ ਰਾਸ਼ੀ
Punjab Election Commission: ਮੁੱਖ ਚੋਣ ਅਧਿਕਾਰੀ ਨੇ ਐਲਾਨ ਕੀਤਾ ਹੈ ਜੋ ਬੀਐਲਓਜ਼ ਆਪੋ-ਆਪਣੇ ਬੂਥਾਂ ਉਤੇ ਵੋਟਿੰਗ ਫ਼ੀਸਦੀ ਵਧਾਉਣਗੇ, ਉਨ੍ਹਾਂ ਨੂੰ ਦਫ਼ਤਰ ਵੱਲੋਂ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
Punjab Election Commission: ਸਵੀਪ (ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ) ਟੀਮਾਂ ਅਤੇ ਸੋਸ਼ਲ ਮੀਡੀਆ ਦੇ ਜ਼ਿਲ੍ਹਾ ਨੋਡਲ ਅਫਸਰਾਂ ਨਾਲ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਐਲਾਨ ਕੀਤਾ ਹੈ ਕਿ ਜਿਹੜੇ ਬੂਥ ਲੈਵਲ ਅਫਸਰ (ਬੀ.ਐਲ.ਓਜ਼) ਆਪੋ-ਆਪਣੇ ਬੂਥਾਂ ਉਤੇ ਵੋਟਿੰਗ ਫ਼ੀਸਦੀ ਵਧਾਉਣਗੇ, ਉਨ੍ਹਾਂ ਨੂੰ ਦਫ਼ਤਰ ਵੱਲੋਂ ਇਨਾਮੀ ਰਾਸ਼ੀ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਵੋਟਿੰਗ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ 2019 ਦੇ ਮੁਕਾਬਲੇ 10 ਫ਼ੀਸਦੀ ਜਾਂ ਇਸ ਤੋਂ ਵੱਧ ਵੋਟਰ ਫੀਸਦੀ ਵਿੱਚ ਇਜ਼ਾਫਾ ਕਰਨ ਵਾਲੇ ਬੀ.ਐਲ.ਓਜ਼ ਨੂੰ 5000 ਰੁਪਏ ਦਾ ਨਕਦ ਇਨਾਮ ਅਤੇ ਸੂਬਾ ਪੱਧਰੀ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਬੂਥਾਂ ਉੱਤੇ ਵੋਟਿੰਗ ਫ਼ੀਸਦੀ 75 ਫ਼ੀਸਦੀ ਤੋਂ ਵੱਧ ਹੋਵੇਗੀ, ਉੱਥੋਂ ਦੇ ਬੀ.ਐਲ.ਓਜ਼ ਨੂੰ ਵੀ 5000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੀਐਲਓਜ਼ ਵੋਟਰ ਸਲਿੱਪਾਂ ਅਤੇ ‘ਵੋਟਿੰਗ ਸੱਦਾ ਪੱਤਰ’ ਘਰ-ਘਰ ਜਾ ਕੇ ਖੁਦ ਵੰਡਣ ਅਤੇ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਨਾ ਸੌਂਪੀ ਜਾਵੇ। ਇਸ ਮੌਕੇ ਉਨ੍ਹਾਂ ਬੀਐਲਓਜ਼ ਅਤੇ ਸਵੀਪ ਟੀਮਾਂ ਦੀ ਹੁਣ ਤੱਕ ਕੀਤੀ ਸ਼ਾਨਦਾਰ ਕਾਰਗੁਜ਼ਾਰੀ ਦੀ ਤਾਰੀਫ ਕੀਤੀ ਅਤੇ ਅਪੀਲ ਕੀਤੀ ਕਿ ਸਾਰੇ ਜ਼ਿਲ੍ਹੇ “ਇਸ ਵਾਰ 70 ਪਾਰ” ਦੇ ਟੀਚੇ ਦੀ ਪ੍ਰਾਪਤੀ ਲਈ ਵੋਟਾਂ ਪੈਣ ਤੱਕ ਆਪਣੀਆਂ ਗਤੀਵਿਧੀਆਂ ਜ਼ੋਰ-ਸ਼ੋਰ ਨਾਲ ਜਾਰੀ ਰੱਖਣ।
ਮੀਟਿੰਗ ਦੌਰਾਨ ਵਧੀਕ ਮੁੱਖ ਚੋਣ ਅਧਿਕਾਰੀ ਹਰੀਸ਼ ਨਈਅਰ ਨੇ ਕਿਹਾ ਕਿ ਜ਼ਿਲ੍ਹਾ ਸਵੀਪ ਤੇ ਸੋਸ਼ਲ ਮੀਡੀਆ ਟੀਮਾਂ ਪੋਲਿੰਗ ਸਟੇਸ਼ਨਾਂ, ਮਾਡਲ ਬੂਥਾਂ, ਔਰਤਾਂ ਤੇ ਦਿਵਿਆਂਗ ਵਿਅਕਤੀਆਂ ਲਈ ਬੂਥਾਂ ਉਤੇ ਮੁਹੱਈਆ ਕਰਵਾਈਆਂ ਗਈਆਂ ਸਹੂਲਤਾਂ ਅਤੇ ਹੋਰ ਪਹਿਲਕਦਮੀਆਂ ਦੀ ਫੋਟੋਗ੍ਰਾਫੀ/ਵੀਡੀਓਗ੍ਰਾਫੀ ਕਰਨ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਉਨ੍ਹਾਂ ਇਹ ਵੀ ਕਿਹਾ ਕਿ ਵੋਟਰਾਂ ਦੇ ਤਜਰਬੇ ਤੇ ਪ੍ਰਤੀਕਿਰਿਆਵਾਂ ਵੀ ਰਿਕਾਰਡ ਕੀਤੀਆਂ ਜਾਣ। ਵਧੀਕ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਜ਼ਿਲ੍ਹਿਆਂ ਵੱਲੋਂ ਭੇਜੀਆਂ ਬਿਹਤਰੀਨ ਫੋਟੋਆਂ/ਵੀਡੀਓਜ਼ ਚੋਣ ਕਮਿਸ਼ਨ ਨੂੰ ਭੇਜੀਆਂ ਜਾਣਗੀਆਂ।
ਇਹ ਵੀ ਪੜ੍ਹੋ : Zirakpur Fire News: ਬਲਟਾਣਾ ਦੀ ਫਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ; ਭਾਰੀ ਨੁਕਸਾਨ ਦਾ ਖ਼ਦਸ਼ਾ