ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਖਹਿਰਾ ਨੂੰ ਭੇਜਿਆ ਨੋਟਿਸ, ਸੰਦੀਪ ਜਾਖੜ ਦੇ ਤੇਵਰ ਬਰਕਰਾਰ
ਪੰਜਾਬ ’ਚ ਕਾਂਗਰਸੀ ਵਿਧਾਇਕ ਖਹਿਰਾ ਵਲੋਂ ਸੁਲਾਹ ਸਫ਼ਾਈ ਤਾਂ ਸੰਦੀਪ ਜਾਖੜ ਦੇ ਤੇਵਰ ਬਰਕਰਾਰ।
ਚੰਡੀਗੜ੍ਹ: ਪੰਜਾਬ ਕਾਂਗਰਸ ’ਚ ਆਗੂਆਂ ਦੀ ਬਗਾਵਤੀ ਸੁਰਾਂ ਨੂੰ ਦਬਾਉਣ ਲਈ ਹਾਈਕਮਾਨ ਨੇ ਘੁਰਕੀ ਦਿੱਤੀ ਹੈ। ਜਿੱਥੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨਰਮ ਪੈਂਦੇ ਦਿਖਾਈ ਦੇ ਰਹੇ ਹਨ, ਉੱਥੇ ਹੀ ਅਬੋਹਰ ਤੋਂ ਸੰਦੀਪ ਜਾਖੜ ਨੇ ਖਹਿਰਾ ਦੀ ਪਿੱਠ ਥਪਥਪਾਈ ਹੈ।
ਵਿਧਾਇਕ ਜਾਖੜ ਨੇ ਥਪਥਪਾਈ ਖਹਿਰਾ ਦੀ ਪਿੱਠ
ਸੰਦੀਪ ਜਾਖੜ ਨੇ ਟਵੀਟ ਕੀਤਾ ਕਿ ਕਾਂਗਰਸ ਪ੍ਰਧਾਨ ਦੀ ਘੋਰ ਨਫ਼ਰਤ ਹੈ ਦਾ ਪ੍ਰਮਾਣ ਹੈ ਜਦੋਂ ਸੁਖਪਾਲ ਖਹਿਰਾ ਵਰਗੇ ਸੀਨੀਅਰ ਆਗੂ ਨੂੰ ਜਨਤਕ ਤੌਰ ’ਤੇ ਝਿੜਕਦੇ ਹਨ ਅਤੇ ਫਿਰ ਕਾਂਗਰਸ ਦੇ ਕਾਡਰ ਤੋਂ ਸਤਿਕਾਰ ਦੀ ਉਮੀਦ ਕਰਦੇ ਹਨ। ਉਨ੍ਹਾਂ ਅੱਗੇ ਲਿਖਿਆ ਕਿ "ਇੱਜ਼ਤ ਹਮੇਸ਼ਾ ਕਮਾਈ ਜਾਂਦੀ ਹੈ।"
ਖਹਿਰਾ ਨੇ ਟਵੀਟ ਸਬੰਧੀ ਮੀਡੀਆ ਨੂੰ ਦਿੱਤਾ ਸਪੱਸ਼ਟੀਕਰਣ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਖਪਾਲ ਖਹਿਰਾ (Sukhpal Singh Khaira) ਦੁਆਰਾ 27 ਅਗਸਤ ਨੂੰ 07:02 PM ’ਤੇ ਟਵੀਟ ਕਰਦਿਆਂ ਸਪੱਸ਼ਟੀਕਰਣ ਦਿੱਤਾ ਗਿਆ ਕਿ ਮੀਡੀਆ ਵਲੋਂ ਅਜਿਹਾ ਸੁਨੇਹਾ ਨੇ ਦਿੱਤਾ ਜਾਵੇ ਕਿ ਕਾਂਗਰਸ ਛੱਡਕੇ ਜਾ ਰਹੇ ਆਗੂਆਂ ਦੀ ਤਰ੍ਹਾਂ ਸੋਚ ਸਮਝੀ ਚਾਲ ਤਹਿਤ ਉਨ੍ਹਾਂ ਵਲੋਂ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਟਵੀਟ ’ਚ ਲਿਖਿਆ ਕਿ "ਮੈਂ ਪੂਰੀ ਇਮਾਨਦਾਰੀ ਨਾਲ ਪੰਜਾਬ ’ਚ ਪਾਰਟੀ ਦੇ ਡਿੱਗਦੇ ਅਕਸ ਨੂੰ ਬਚਾਉਣ ਲਈ ਇਹ ਸੁਝਾਅ ਦਿੱਤਾ ਸੀ। ਖਹਿਰਾ ਨੇ ਕਿਹਾ ਕਿ ਆਗੂਆਂ ਨੂੰ ਚਾਹੀਦਾ ਹੈ ਕਿ ਪਾਰਟੀ ਦੇ ਇੱਕ ਛੋਟੇ ਵਰਕਰ ਦੇ ਸੁਝਾਅ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।"
ਟਵੀਟ ਰਾਹੀਂ ਪ੍ਰਧਾਨ ਰਾਜਾ ਵੜਿੰਗ ਦਾ ਕੀਤਾ ਧੰਨਵਾਦ
ਖਹਿਰਾ ਨੇ ਉਸੇ ਦਿਨ ਫੇਰ ਇੱਕ ਟਵੀਟ ਕੀਤਾ ਜਿਸ ’ਚ ਲਿਖਿਆ ਕਿ "ਮੈਂ ਰਾਜਾ ਵੜਿੰਗ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਮੇਰੇ ਸੁਝਾਅ ਨੂੰ ਮੰਨਦਿਆਂ ਲੁਧਿਆਣਾ ਦੇ ਵਿਜੀਲੈਂਸ ਦਫ਼ਤਰ ਅਗਿਓਂ ਧਰਨਾ ਚੁੱਕ ਲਿਆ ਹੈ, ਇਹ ਕਾਂਗਰਸ ਪਾਰਟੀ ਦੇ ਹਿੱਤ ’ਚ ਹੈ।
ਇੱਥੇ ਦਿਲਚਸਪ ਗੱਲ ਇਹ ਹੈ ਕਿ ਭਾਵੇਂ ਹਾਈਕਮਾਨ ਦੇ ਕਹਿਣ ’ਤੇ ਵਿਧਾਇਕ ਸੁਖਪਾਲ ਖਹਿਰਾ ਨੇ ਪ੍ਰਧਾਨ ਰਾਜਾ ਵੜਿੰਗ (Amarinder singh raja warring) ਨੂੰ ਦਿੱਤੀ ਸਲਾਹ ਸਬੰਧੀ ਕੀਤਾ ਟਵੀਟ ਨਹੀਂ ਹਟਾਇਆ ਪਰ ਕਿਤੇ ਨਾ ਕਿਤੇ ਉਨ੍ਹਾਂ ਦੁਆਰਾ ਯੂ-ਟਰਨ ਜ਼ਰੂਰ ਲਿਆ ਗਿਆ ਹੈ।
ਪੰਜਾਬ ਮਾਮਲਿਆਂ ਦੇ ਇੰਚਾਰਜ ਚੌਧਰੀ ਨੇ ਭੇਜਿਆ ਖਹਿਰਾ ਨੂੰ ਨੋਟਿਸ
ਹੁਣ ਇਹ ਖਹਿਰਾ ਦਾ ਟਵੀਟ ਵਿਵਾਦ ਥੰਮ੍ਹਦਾ ਨਜ਼ਰ ਨਹੀਂ ਆ ਰਿਹਾ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ (Harish Chaudhary) ਵਲੋਂ ਸੁਖਪਾਲ ਖਹਿਰਾ ਨੂੰ "ਕਾਰਨ ਦੱਸੋ" ਨੋਟਿਸ ਭੇਜਿਆ ਗਿਆ ਹੈ।