Punjab Congress Controversy: ਕਾਂਗਰਸ `ਚ ਕਾਟੋ-ਕਲੇਸ਼; ਕਾਂਗਰਸੀ ਨੇਤਾਵਾਂ ਨੇ ਸਿੱਧੂ ਨੂੰ ਬੇਸਮੈਂਟ `ਚ ਬੰਬ ਕਰਾਰ ਦਿੱਤਾ, ਕਿਹਾ ਫਟਣ ਦੀ ਕਰ ਰਿਹੈ ਉਡੀਕ
Punjab Congress Controversy: ਪੰਜਾਬ ਕਾਂਗਰਸ ਵਿੱਚ ਖਾਨਾਜੰਗੀ ਸਿਖਰਾਂ ਉਤੇ ਪੁੱਜ ਗਈ ਹੈ। ਨਵਜੋਤ ਸਿੰਘ ਸਿੱਧੂ ਸਿੱਧੂ ਵੱਲੋਂ ਬਠਿੰਡਾ ਵਿੱਚ ਕੀਤੇ ਗਏ ਸਿਆਸੀ ਪ੍ਰੋਗਰਾਮ ਤੋਂ ਬਾਅਦ ਕਾਟੋ-ਕਲੇਸ਼ ਕਾਫੀ ਵਧਦਾ ਨਜ਼ਰ ਆ ਰਿਹਾ ਹੈ।
Punjab Congress Controversy: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਖਾਨਾਜੰਗੀ ਸ਼ੁਰੂ ਹੋ ਗਈ ਹੈ। ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਵਿਧਾਇਕ ਦਲ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋਣ 'ਤੇ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੀ ਇਸ 'ਚ ਕੁੱਦ ਪਈ ਹੈ। ਸਿੱਧੂ ਖੇਮੇ ਵੱਲੋਂ ਪ੍ਰਤਾਪ ਬਾਜਵਾ 'ਤੇ ਸਵਾਲ ਚੁੱਕਣ ਤੋਂ ਬਾਅਦ ਕੁਝ ਕਾਂਗਰਸੀ ਨੇਤਾਵਾਂ ਨੇ ਮੁੜਵਾਂ ਜਵਾਬ ਦਿੱਤਾ ਹੈ।
ਕਾਂਗਰਸ ਵੱਲੋਂ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ, ਨਵਜੋਤ ਦਹੀਆ, ਇੰਦਰਬੀਰ ਸਿੰਘ ਬੁਲਾਰੀਆ, ਲਖਬੀਰ ਲੱਖਾ, ਦਵਿੰਦਰ ਘੁਬਾਇਆ, ਵਿਧਾਇਕ ਵਰਿੰਦਰਮੀਤ ਸਿੰਘ ਪਾਹੜਾ, ਕਾਂਗਰਸੀ ਆਗੂ ਮੋਹਿਤ ਮਹਿੰਦਰਾ, ਖੁਸ਼ਬਾਜ਼ ਜਟਾਣਾ ਅਤੇ ਅਮਿਤ ਵਿੱਜ ਨੇ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਬੇਸਮੈਂਟ ਵਿੱਚ ਬੰਬ ਵਾਂਗ ਹੈ, ਫਟਣ ਦੀ ਉਡੀਕ ਕਰ ਰਿਹਾ ਹੈ। ਕਾਂਗਰਸ ਸਿੱਧੂ ਨੂੰ ਪਾਰਟੀ 'ਚੋਂ ਕੱਢ ਦੇਣ ਦੀ ਮੰਗ ਉੱਠ ਰਹੀ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਦੀ ਬਜਾਏ ਸਿੱਧੂ ਆਪਣੇ ਆਪ ਨੂੰ ਪਾਲਿਸ਼ ਕਰਨ ਵਿੱਚ ਰੁੱਝੇ ਹੋਏ ਹਨ। ਇਸ ਕਾਰਨ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਦਾ ਕਾਫੀ ਨੁਕਸਾਨ ਹੋਇਆ ਸੀ ਅਤੇ ਹੁਣ ਉਹ ਮੁੜ ਉਹੀ ਗੱਲਾਂ ਕਹਿਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਸਿੱਧੂ ਫੇਲ੍ਹ ਹੋ ਚੁੱਕੇ ਹਨ। ਸਿੱਧੂ ਨੇ ਕੁਝ ਦਿਨ ਪਹਿਲਾਂ ਬਠਿੰਡਾ ਵਿੱਚ ਰੈਲੀ ਕੀਤੀ ਸੀ। ਜਿਸ ਵਿੱਚ ਉਨ੍ਹਾਂ ਕਾਂਗਰਸ ਸਮੇਤ ਪੰਜਾਬ ਦੇ ਪਿਛਲੇ ਮੁੱਖ ਮੰਤਰੀਆਂ ਦੀ ਖਿਚਾਈ ਕਰਦਿਆਂ ਕਿਹਾ ਕਿ ਉਹ ਪੰਜਾਬ ਦਾ ਨਹੀਂ ਸਗੋਂ ਆਪਣੇ ਹਿੱਤਾਂ ਬਾਰੇ ਸੋਚਦੇ ਹਨ।
ਇਸ ਦੇ ਜਵਾਬ ਵਿੱਚ ਪ੍ਰਤਾਪ ਬਾਜਵਾ ਨੇ ਕਿਹਾ ਕਿ ਸਿੱਧੂ ਨੂੰ ਆਪਣੀ ਸਟੇਜ ਨਹੀਂ ਲਗਾਉਣੀ ਚਾਹੀਦੀ। ਉਨ੍ਹਾਂ ਦੀ ਅਗਵਾਈ ਵਿੱਚ ਕਾਂਗਰਸ 78 ਤੋਂ 18 ਸੀਟਾਂ 'ਤੇ ਆ ਗਈ। ਹੁਣ ਸਿੱਧੂ ਨੇ ਆਪਣੇ ਸਮਰਥਕਾਂ ਰਾਹੀਂ ਬਾਜਵਾ 'ਤੇ ਸਵਾਲ ਖੜ੍ਹੇ ਕੀਤੇ ਹਨ। ਸਿੱਧੂ ਦੇ ਸੋਸ਼ਲ ਮੀਡੀਆ 'ਤੇ ਬਾਜਵਾ ਨੂੰ ਸਵਾਲ ਕੀਤਾ ਗਿਆ ਕਿ ਜੇ ਸਿੱਧੂ ਨੇ ਵਰਕਰਾਂ ਦਾ ਹੱਥ ਫੜਿਆ ਹੈ ਤਾਂ ਇਹ ਕੁਝ ਨੇਤਾਵਾਂ ਨੂੰ ਕਿਉਂ ਦੁਖੀ ਕਰ ਰਿਹਾ ਹੈ? ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦੇ ਸਿੱਧੂ ਅਤੇ ਬਾਜਵਾ ਖੇਮੇ ਵਿੱਚ ਸ਼ਬਦੀ ਜੰਗ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।
ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਦੇ ਸਾਂਝੇ ਸਟੈਂਡ ਦੇ ਉਲਟ ਹੋਣ ਦਾ ਇਤਿਹਾਸ ਰਿਹਾ ਹੈ। ਜਿਸ ਤਰ੍ਹਾਂ ਉਹ ਕੰਮ ਕਰਦਾ ਹੈ, ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਟੀਮ ਦਾ ਖਿਡਾਰੀ ਨਹੀਂ ਹੈ, ਜੋ ਹਮੇਸ਼ਾ ਪਾਰਟੀ ਅਤੇ ਇਸ ਦੇ ਵਰਕਰਾਂ ਦੀਆਂ ਕੋਸ਼ਿਸ਼ਾਂ ਨੂੰ ਘੱਟ ਕਰਦਾ ਹੈ। ਇਹ ਗੱਲ ਨਕੋਦਰ ਦੇ ਸਾਬਕਾ ਵਿਧਾਇਕ ਨਵਜੋਤ ਸਿੰਘ ਦਹੀਆ ਨੇ ਕਹੀ।
ਹੁਣ ਸਿੱਧੂ ਖੇਮੇ ਵੱਲੋਂ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਰਜਿੰਦਰ ਸਿੰਘ ਸਮਾਣਾ, ਮਹੇਸ਼ਇੰਦਰ ਸਿੰਘ, ਰਮਿੰਦਰ ਆਵਲਾ, ਜਗਦੇਵ ਕਮਾਲੂ ਆਦਿ ਨੇ ਕਿਹਾ ਕਿ ਬਾਜਵਾ ਸਾਹਿਬ, ਅਸੀਂ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਨਾ ਹੀ ਸਾਨੂੰ ਅਤੇ ਨਾ ਹੀ ਸਿੱਧੂ ਨੂੰ ਪਾਰਟੀ ਪ੍ਰੋਗਰਾਮਾਂ ਲਈ ਸੱਦਾ ਕਿਉਂ ਨਹੀਂ ਦਿੱਤਾ ਜਾਂਦਾ। ਜੇ ਅਸੀਂ ਕਾਂਗਰਸ ਦੀ ਬਿਹਤਰੀ ਲਈ ਵਰਕਰਾਂ ਦੇ ਕਹਿਣ 'ਤੇ 8 ਹਜ਼ਾਰ ਲੋਕਾਂ ਦੀ ਭੀੜ ਇਕੱਠੀ ਕੀਤੀ ਸੀ ਤਾਂ ਸਾਨੂੰ ਬੁਰਾ ਕਿਉਂ ਕਿਹਾ ਜਾ ਰਿਹਾ ਹੈ? ਪਿਛਲੇ ਇੱਕ ਮਹੀਨੇ ਤੋਂ ਤੁਸੀਂ ਵਿਰੋਧੀ ਪਾਰਟੀ ਵਜੋਂ ਕੋਈ ਵੱਡਾ ਪ੍ਰੋਗਰਾਮ ਨਹੀਂ ਕੀਤਾ ਹੈ। ਉਮੀਦ ਹੈ ਕਿ ਪੰਜਾਬ ਦੀ ਲੀਡਰਸ਼ਿਪ ਸਿੱਧੂ ਤੇ ਵਰਕਰਾਂ ਪ੍ਰਤੀ ਪੱਖ ਨਹੀਂ ਦਿਖਾਏਗੀ।
ਇਹ ਵੀ ਪੜ੍ਹੋ : Punjab News: ਫਾਇਰਮੈਨ, ਡਰਾਈਵਰ ਤੇ ਆਪ੍ਰੇਰਟਰਾਂ ਦੀ ਆਸਾਮੀ ਦੇ ਉਮੀਦਵਾਰਾਂ ਨੂੰ ਹਾਈ ਕੋਰਟ ਦਾ ਝਟਕਾ