ਪਸ਼ੂਆਂ ਵਿੱਚ `Lampi Skin` ਬੀਮਾਰੀ ਫ਼ੈਲਣ ਤੋਂ ਬਾਅਦ ਜਾਗੀ ਸਰਕਾਰ
ਇਨਸਾਨਾਂ ਤੋਂ ਬਾਅਦ ਹੁਣ ਪਸ਼ੂਆਂ ’ਤੇ ਨਵੀਂ ਬਿਪਤਾ ਆਣ ਪਈ ਹੈ। ਜੀ ਹਾਂ, ਹਜ਼ਾਰਾਂ ਦੀ ਗਿਣਤੀ ’ਚ ਦੁਧਾਰੂ ਤੇ ਹੋਰ ਜਾਨਵਰ `ਲੰਪੀ ਸਕਿੱਨ` ਨਾਮ ਦੀ ਬੀਮਾਰੀ ਦੀ ਲਪੇਟ ’ਚ ਆ ਗਏ ਹਨ।
ਚੰਡੀਗੜ੍ਹ: ਇਨਸਾਨਾਂ ਤੋਂ ਬਾਅਦ ਹੁਣ ਪਸ਼ੂਆਂ ’ਤੇ ਨਵੀਂ ਬਿਪਤਾ ਆਣ ਪਈ ਹੈ। ਜੀ ਹਾਂ, ਹਜ਼ਾਰਾਂ ਦੀ ਗਿਣਤੀ ’ਚ ਦੁਧਾਰੂ ਤੇ ਹੋਰ ਜਾਨਵਰ 'ਲੰਪੀ ਸਕਿੱਨ' ਨਾਮ ਦੀ ਬੀਮਾਰੀ ਦੀ ਲਪੇਟ ’ਚ ਆ ਗਏ ਹਨ। ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਭੁੱਲਰ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਸਰਹੱਦੀ ਜ਼ਿਲ੍ਹਿਆਂ ’ਚ ਜ਼ਿਆਦਾ ਫ਼ੈਲ ਰਹੀ 'ਲੰਪੀ ਸਕਿੱਨ'
ਮੰਤਰੀ ਭੁੱਲਰ ਨੇ ਦੱਸਿਆ ਕਿ ਦਵਾਈਆਂ ਦੀ ਖ਼ਰੀਦ ਤੇ ਹੋਰਨਾ ਰੋਕਥਾਮ ਤੇ ਜਾਗਰੂਕ ਗਤੀਵਿਧੀਆਂ ਲਈ ਹਰ ਜ਼ਿਲ੍ਹੇ ’ਚ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਨਾਰਥ ਰੀਜਨਲ ਡਿਵੀਜ਼ਨ ਡਾਇਗਨੌਸਟਿਕ ਲੈਬ (ਜਲੰਧਰ) ਦੀ ਟੀਮ ਨੂੰ ਸਮੂਹ ਜ਼ਿਲ੍ਹਿਆਂ ਦਾ ਦੌਰਾ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਰਹੱਦੀ ਜ਼ਿਲ੍ਹੇ ’ਚ ਇਸ ਬੀਮਾਰੀ ਦੇ ਜ਼ਿਆਦਾ ਮਾਰ ਹੇਠ ਆਏ ਹਨ। ਉਨ੍ਹਾਂ ਦੱਸਿਆ ਕਿ ਦਵਾਈਆਂ ਦੀ ਖ਼ਰੀਦ ਤੇ ਰੋਕਥਾਮ ਪ੍ਰਬੰਧਾ ਲਈ ਸਰਕਾਰ ਦੁਆਰਾ 76 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ। ਮੰਤਰੀ ਨੇ ਕਿਸਾਨ ਭਰਾਵਾਂ ਨੂੰ ਭਰੋਸਾ ਦਵਾਇਆ ਕਿ ਉਹ ਕਿਸੇ ਘਬਰਾਹਟ ’ਚ ਨਾ ਆਉਣ ਤੇ ਅਫ਼ਵਾਹਾਂ ਤੋਂ ਬਚਣ।
ਬੀਮਾਰੀ ਤੋਂ 2 ਹਫ਼ਤਿਆਂ ਬਾਅਦ ਵਿਭਾਗ ਨੇ ਰਿਪੋਰਟ ਲੈਣੀ ਕੀਤੀ ਸ਼ੁਰੂ
ਬੀਮਾਰੀ ਦੇ ਭਿਆਨਕ ਰੂਪ ਧਾਰਨ ਕਰ ਲੈਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਵੀ ਨੀਂਦ ’ਚੋਂ ਜਾਗਿਆ ਹੈ। ਵਿਭਾਗ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਫ਼ੀਲਡ ਅਧਿਕਾਰੀਆਂ ਨੂੰ ਰੋਜ਼ਾਨਾ ਜ਼ਮੀਨੀ ਪੱਧਰ ’ਤੇ ਰਿਪੋਰਟ ਤਿਆਰ ਕਰ ਉੱਚ-ਅਧਿਕਾਰੀਆਂ ਨੂੰ ਭੇਜਣ ਲਈ ਫ਼ੁਰਮਾਨ ਜਾਰੀ ਹੋਏ ਹਨ। ਦੱਸ ਦੇਈਏ ਕਿ ਬੀਮਾਰੀ ਦੇ ਫੈਲਣ ਦੇ 2 ਹਫ਼ਤਿਆਂ ਮਗਰੋਂ ਵਿਭਾਗ ਨੇ ਫ਼ੀਲਡ ਅਧਿਕਾਰੀਆਂ ਕੋਲੋਂ ਰੋਜ਼ਾਨਾਂ ਰਿਪੋਰਟ ਲੈਣ ਦੀ ਕਾਰਵਾਈ ਸ਼ੁਰੂ ਕੀਤੀ ਹੈ।
ਬੀਮਾਰੀ ਦੀ ਰੋਕਥਾਮ ਲਈ ਕੀ-ਕੀ ਸਾਵਧਾਨੀਆਂ ਵਰਤਣ ਕਿਸਾਨ
ਪੂਸ਼ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਸੁਭਾਸ਼ ਚੰਦਰ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਇਸ ਬੀਮਾਰੀ ਕਾਰਨ ਪਸ਼ੂ ਨੂੰ ਤੇਜ਼ ਬੁਖ਼ਾਰ ਚੜ੍ਹਦਾ ਹੈ ਤੇ ਉਨ੍ਹਾਂ ਦੀ ਚਮੜੀ ’ਤੇ ਛਾਲੇ ਹੋ ਜਾਂਦੇ ਹਨ। ਜੇਕਰ ਕਿਸਾਨ ਨੂੰ ਆਪਣੇ ਕਿਸੇ ਪਸ਼ੂ ’ਚ ਅਜਿਹੀ ਬੀਮਾਰੀ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਨੇੜੇ ਦੇ ਵੈਟਰਨਰੀ ਡਾਕਟਰ ਨਾਲ ਸਪੰਰਕ ਕੀਤਾ ਜਾਵੇ। ਇਤਹਿਆਤ ਦੇ ਤੌਰ ’ਤੇ ਬਾਕੀ ਪਸ਼ੂਆਂ ਨੂੰ ਪੀੜਤ ਪਸ਼ੂ ਤੋਂ ਵੱਖ ਕਰ ਦੇਣਾ ਚਾਹੀਦਾ ਹੈ। ਡਾ. ਸੁਭਾਸ਼ ਚੰਦਰ ਨੇ ਕਿਹਾ ਕਿ ਬਰਸਾਤਾਂ ’ਚ ਇਹ ਬੀਮਾਰੀ ਜ਼ਿਆਦਾ ਫੈਲਦੀ ਹੈ। ਕਿਉਂਕਿ ਮੱਛਰ ਮੱਖੀ ਦੇ ਕੱਟਣ ਨਾਲ ਇਸ ਬੀਮਾਰੀ ਦੇ ਅੱਗੇ ਤੋਂ ਅੱਗੇ ਫ਼ੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਪਸ਼ੂਆਂ ਦੇ ਆਲ਼ੇ-ਦੁਆਲ਼ੇ ਜ਼ਿਆਦਾ ਤੋਂ ਜ਼ਿਆਦਾ ਸਫ਼ਾਈ ਰੱਖੀ ਜਾਵੇ।
ਡਾ. ਸੁਭਾਸ਼ ਚੰਦਰ ਦੇ ਦੱਸਣ ਮੁਤਾਬਕ ਹੁਣ ਤੱਕ ਕੁੱਲ 10 ਹਜ਼ਾਰ ਪਸ਼ੂ ਇਸ ਬੀਮਾਰੀ ਤੋਂ ਪੀੜਤ ਪਾਏ ਗਏ ਹਨ। ਕੁੱਲ 40 ਫ਼ੀਸਦ ਗਊਆਂ ਇਸ ਬੀਮਾਰੀ ਦੀ ਮਾਰ ਹੇਠ ਹਨ, ਜਿਨ੍ਹਾਂ ’ਚੋਂ 10 ਤੋਂ 15 ਫ਼ੀਸਦ ਗਊਆਂ ਦੀ ਹਾਲਤ ਗੰਭੀਰ ਹੈ।