ਸਰਕਾਰ ਵਲੋਂ ਸੜਕਾਂ ਦੇ ਨਾਲ ਲਗਦੇ ਵਪਾਰਕ ਅਦਾਰਿਆਂ ਤੋਂ ਬਕਾਇਆ ਵਸੂਲਣ ਦੇ ਨਿਰਦੇਸ਼
ਪੰਜਾਬ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਦੁਆਰਾ ਅੱਜ ਫ਼ੀਲਡ ’ਚ ਕੰਮ ਕਰ ਰਹੇ ਅਧਿਕਾਰੀਆਂ ਨੂੰ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ।
ਚੰਡੀਗੜ੍ਹ: ਪੰਜਾਬ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ (Harbhajan Singh ETO) ਦੁਆਰਾ ਅੱਜ ਫ਼ੀਲਡ ’ਚ ਕੰਮ ਕਰ ਰਹੇ ਅਧਿਕਾਰੀਆਂ ਨੂੰ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ।
ਮੰਤਰੀ ਈਟੀਓ ਨੇ ਸੜਕਾਂ ਦੇ ਨਾਲ ਲੱਗਦੇ ਵਪਾਰਕ ਅਦਾਰਿਆਂ ਤੋਂ ਤੁਰੰਤ ਵਸੂਲੀ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਵਪਾਰਕ ਅਦਾਰਿਆਂ ’ਚ ਸੜਕਾਂ ਦੇ ਨਾਲ ਲੱਗਦੇ ਪ੍ਰਾਈਵੇਟ ਸਕੂਲ, ਹਸਪਤਾਲ, ਹੋਟਲ/ਢਾਬਿਆਂ ਤੋਂ ਇਲਾਵਾ ਸਥਾਪਿਤ ਕੀਤੀਆਂ ਗਈਆਂ ਫੈਕਟਰੀਆਂ ਸ਼ਾਮਲ ਹਨ। ਮੰਤਰੀ ਨੇ ਇਨ੍ਹਾਂ ਵਪਾਰਕ ਅਦਾਰਿਆਂ ਦੁਆਰਾ ਬਣਦੀ ਫ਼ੀਸ ਜਮ੍ਹਾਂ ਨਾ ਕਰਵਾਉਣ ਕਾਰਨ ਸਰਕਾਰੀ ਮਾਲੀਏ ਦਾ ਹੋਣ ਵਾਲੇ ਨੁਕਸਾਨ ’ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ।
ਸਮਾਂਬੱਧ ਯੋਜਨਾ ਤਿਆਰ ਕਰਕੇ ਕੀਤੀ ਜਾਵੇ ਵਸੂਲੀ: ਈਟੀਓ
ਮੰਤਰੀ ਨੇ ਫ਼ੀਲਡ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਸਮਾਂਬੱਧ ਯੋਜਨਾ ਤਿਆਰ ਕਰਕੇ ਮਾਲੀਏ ਦੀ ਵਸੂਲੀ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਅਧਿਕਾਰੀ ਇਸ ਸਬੰਧੀ ਲਾਪਰਵਾਹੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਸ ਮੀਟਿੰਗ ’ਚ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ, ਚੀਫ਼ ਇੰਜੀਨੀਅਰ ਅਰੁਣ ਕੁਮਾਰ, ਸਮੂਹ ਸਰਕਲਾਂ ਦੇ ਨਿਗਰਾਨ ਇੰਜੀਨੀਅਰਾਂ ਤੋਂ ਇਲਾਵਾ ਜੰਗਲਾਤ, ਸੀਵਰੇਜ਼ ਬੋਰਡ ਅਤੇ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।