Health Updates: ਬਰਸਾਤੀ ਮੌਸਮ ਤੋਂ ਪਹਿਲਾਂ ਸਿਹਤ ਮੰਤਰੀ ਵੱਲੋਂ ਲੋਕਾਂ ਨੂੰ ਅਪੀਲ-ਪਾਣੀ ਦੇ ਖੜੋਤ ਵਾਲੇ ਸਥਾਨਾਂ ਨੂੰ ਰੱਖੋ ਸਾਫ਼-ਸੁਥਰਾ
Health Updates: ਵੈਕਟਰ-ਬੋਰਨ ਅਤੇ ਵਾਟਰ-ਬੋਰਨ ਬਿਮਾਰੀਆਂ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰਨ ਵਾਸਤੇ ਸਟੇਟ ਟਾਸਕ ਫੋਰਸ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ
Health Updates: ਆਉਣ ਵਾਲੇ ਬਰਸਾਤੀ ਮੌਸਮ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸੂਬੇ ਵਿੱਚ ਵੈਕਟਰ-ਬੋਰਨ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਸਟੇਟ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਦੱਸਣਯੋਗ ਹੈ ਕਿ ਵੈਕਟਰ-ਬੋਰਨ ਬਿਮਾਰੀਆਂ ਵਿੱਚ ਡੇਂਗੂ, ਚਿਕਨਗਨੀਆ, ਮਲੇਰੀਆ, ਲਿੰਫੈਟਿਕ ਫਾਲਰਾਇਸਿਸ, ਜਾਪਾਨੀ ਐਨਸੇਫਲਾਈਟਿਸ ਅਤੇ ਕਲਾ ਅਜ਼ਰ ਸ਼ਾਮਲ ਹੈ।
ਡੇਂਗੂ, ਮਲੇਰੀਆ ਅਤੇ ਹੋਰ ਵੈਕਟਰ-ਬੋਰਨ ਅਤੇ ਵਾਟਰ-ਬੋਰਨ ਬਿਮਾਰੀਆਂ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਗਤੀਵਿਧੀਆਂ ਦੀ ਸਮੀਖਿਆ ਕਰਦਿਆਂ ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਇਹਨਾਂ ਬਿਮਾਰੀਆਂ ਦੇ ਪਹਿਲਾਂ ਪਛਾਣੇ ਗਏ ਹੌਟਸਪਾਟਾਂ ‘ਤੇ ਨਜ਼ਰ ਰੱਖਣ ਅਤੇ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਬਾਰੇ ਜਾਣੂ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ, ਦਫਤਰਾਂ ਜਾਂ ਅਜਿਹੀਆਂ ਥਾਵਾਂ ਜਿੱਥੇ ਪਾਣੀ ਇਕੱਠਾ ਹੋਣ ਦੀ ਸੰਭਾਵਨਾ ਹੈ, ਵਿੱਚ ਕੂਲਰਾਂ, ਕੰਟੇਨਰਾਂ, ਬਰਤਨਾਂ, ਛੱਤਾਂ ਆਦਿ ਸਮੇਤ ਸਾਰੇ ਸੰਵੇਦਨਸ਼ੀਲ ਥਾਵਾਂ ‘ਤੇ ਨਜ਼ਰ ਰੱਖਣ ਅਤੇ ਸਾਫ਼ ਰੱਖਣ। ਉਨ੍ਹਾਂ ਕਿਹਾ ਕਿ ਮੱਛਰ ਦੇ ਪ੍ਰਜਨਨ ਚੱਕਰ ਨੂੰ ਤੋੜਨਾ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਦਾ ਇਕੋ ਇਕ ਹੱਲ ਹੈ। ਮੱਛਰ ਨੂੰ ਅੰਡੇ ਤੋਂ ਲੈ ਕੇ ਬਾਲਗ ਬਣਨ ਵਿੱਚ ਸਿਰਫ ਇਕ ਹਫਤੇ ਦਾ ਸਮਾ ਲੱਗਦਾ ਹੈ।
ਇਹ ਵੀ ਪੜ੍ਹੋ: Punjab News: ਡਾ. ਬਲਬੀਰ ਸਿੰਘ ਦਾ ਵੱਡਾ ਦਾਅਵਾ- ਪੰਜਾਬ ਦੇ 865 ਪਿੰਡ ਨੇ ਆਪਣੇ ਆਪ ਨੂੰ ਤੰਬਾਕੂ ਮੁਕਤ ਐਲਾਨਿਆ
ਸਿਹਤ ਮੰਤਰੀ ਨੇ ਸਿਹਤ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਮ ਲੋਕਾਂ ਅਤੇ ਐਨ.ਜੀ.ਓਜ਼ ਨਾਲ ਮੀਟਿੰਗਾਂ ਕਰਨ ਤਾਂ ਜੋ ਉਹਨਾਂ ਨੂੰ ਮੱਛਰਾਂ ਦੇ ਲਾਰਵੇ 'ਤੇ ਬਾਰੇ ਜਾਗਰੂਕ ਕਰਕੇ ਅਜਿਹੀਆਂ ਬਿਮਾਰੀਆਂ ਵਿਰੁੱਧ ਲੜਾਈ ਦਾ ਹਿੱਸਾ ਬਣਾਇਆ ਜਾ ਸਕੇ। ਸਬੰਧਤ ਕਰਮਚਾਰੀਆਂ ਨੂੰ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਫੌਗਿੰਗ ਵਧਾਉਣ ਲਈ ਵੀ ਨਿਰਦੇਸ਼ ਦਿੱਤੇ ਗਏ।
ਉਨ੍ਹਾਂ ਅਧਿਕਾਰੀਆਂ ਨੂੰ ਸਿੱਖਿਆ ਵਿਭਾਗ ਨੂੰ ਇਸ ਵਿੱਚ ਸ਼ਾਮਲ ਕਰਨ ਅਤੇ ਇਨ੍ਹਾਂ ਬਿਮਾਰੀਆਂ ਦੇ ਲੱਛਣਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਦੇ ਨਿਰਦੇਸ਼ ਦਿੱਤੇ ਕਿਉਂਕਿ ਵਿਦਿਆਰਥੀ ਆਪਣੇ ਘਰਾਂ ਜਾਂ ਆਸ ਪਾਸ ਇਕੱਠਾ ਹੋਏ ਪਾਣੀ ‘ਤੇ ਨਜ਼ਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਡਾ. ਬਲਬੀਰ ਸਿੰਘ ਨੇ 829 ਆਮ ਆਦਮੀ ਕਲੀਨਿਕਾਂ ਦੀ ਵਰਤੋਂ ਕਰਨ ਦੀ ਤਜਵੀਜ਼ ਵੀ ਰੱਖੀ। ਉਨ੍ਹਾਂ ਕਿਹਾ ਕਿ ਇਹਨਾਂ ਕਲੀਨਿਕਾਂ ਵਿੱਚ ਰੋਜ਼ਾਨਾ 50000 ਤੋਂ ਵੱਧ ਲੋਕ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕਲੀਨਿਕ ਦੇ ਸਟਾਫ ਨੂੰ ਡੇਂਗੂ ਤੋਂ ਬਚਾਉਣ ਸਬੰਧੀ ਸਿਖਲਾਈ ਦੇ ਕੇ ਜਾਂ ਕਲੀਨਿਕਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਪੈਂਫਲਿਟ ਦੇ ਕੇ ਇਹਨਾਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾ ਸਕਦਾ ਹੈ।
ਸਿਹਤ ਮੰਤਰੀ ਨੇ ਆਮ ਆਦਮੀ ਕਲੀਨਿਕ, ਫਰਿਸ਼ਤੇ ਸਕੀਮ ਅਤੇ ਸਿਹਤ ਵਿਭਾਗ ਦੇ ਚੱਲ ਰਹੇ ਹੋਰ ਪ੍ਰਾਜੈਕਟਾਂ ਦੇ ਕੰਮਕਾਜ ਦਾ ਵੀ ਜਾਇਜ਼ਾ ਲਿਆ।
ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸਿਹਤ ਅਜੋਏ ਸ਼ਰਮਾ, ਐਮਡੀ ਨੈਸ਼ਨਲ ਹੈਲਥ ਮਿਸ਼ਨ ਡਾ: ਅਭਿਨਵ ਤ੍ਰਿਖਾ, ਮੈਂਬਰ ਪੰਜਾਬ ਵਿਕਾਸ ਕਮਿਸ਼ਨ ਅਨੁਰਾਗ ਕੁੰਡੂ, ਵਧੀਕ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਰਾਹੁਲ ਗੁਪਤਾ ਅਤੇ ਹੋਰ ਪ੍ਰੋਗਰਾਮ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਡੱਬੀ: ਇਲਾਜ ਨਾਲੋਂ ਪ੍ਰਹੇਜ ਚੰਗਾ
* ਕੂਲਰਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਸਾਫ਼ ਕਰੋ ਅਤੇ ਇੱਕ ਦਿਨ ਲਈ ਸੁੱਕਾ ਰੱਖੋ
* ਪਾਣੀ ਦੀ ਖੜੋਤ ਨੂੰ ਰੋਕਣ ਲਈ ਕੰਟੇਨਰ ਜਿਵੇਂ ਕਿ ਗਮਲੇ, ਟੁੱਟੀਆਂ ਚੀਜ਼ਾਂ, ਟਾਇਰ ਆਦਿ ਨੂੰ ਛੱਤਾਂ 'ਤੇ ਨਾ ਰੱਖੋ |
* ਮੱਛਰਾਂ ਦੀ ਪੈਦਾਵਾਰ ਵਾਲੇ ਸਾਰੇ ਸੰਭਾਵੀ ਸਰੋਤਾਂ ਅਤੇ ਥਾਵਾਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ਅਤੇ ਉਹਨਾਂ ਨਿਪਟਾਰਾ ਕਰਨਾ ਚਾਹੀਦਾ ਹੈ
* ਘਰ ਅਤੇ ਆਲੇ-ਦੁਆਲੇ ਕੀਟਨਾਸ਼ਕਾਂ ਦਾ ਛਿੜਕਾਅ ਕਰੋ
* ਜਦੋਂ ਟੀਮਾਂ ਬਾਹਰ ਕੀਟਨਾਸ਼ਕਾਂ ਦਾ ਛਿੜਕਾਅ ਕਰਦੀਆਂ ਹਨ ਤਾਂ ਦਰਵਾਜ਼ੇ ਅਤੇ ਖਿੜਕੀਆਂ ਬੰਦ ਨਾ ਕਰੋ
* ਬੁਖਾਰ ਹੋਣ ਦੀ ਸੂਰਤ ਵਿੱਚ ਤੁਰੰਤ ਸਿਹਤ ਡਿਸਪੈਂਸਰੀ ਵਿੱਚ ਰਿਪੋਰਟ ਕਰੋ
* ਬੁਖਾਰ ਦੀ ਸਥਿਤੀ ਵਿੱਚ ਆਈਬਿਊਪਰੋਫ਼ੈਨ/ਐਸਪਰੀਨ ਦੀ ਵਰਤੋਂ ਨਾ ਕਰੋ, ਪੈਰਾਸੀਟਾਮੋਲ ਦੀ ਵਰਤੋਂ ਕਰੋ