Punjab News: ਅਕਾਲੀ ਦਲ ਤੇ ਬਸਪਾ ਦਾ ਗਠਜੋੜ ਟੁੱਟਿਆ, ਬਹੁਜਨ ਸਮਾਜ ਪਾਰਟੀ ਇਕੱਲੀ ਲੜੇਗੀ ਲੋਕ ਸਭਾ ਚੋਣ
Punjab News: ਪੰਜਾਬ ਦੀ ਸਿਆਸਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਸਪਾ ਨੇ ਅਕਾਲੀ ਦਲ ਨਾਲੋਂ ਨਾਤਾ ਤੋੜ ਲਿਆ ਹੈ।
Punjab News: ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਸਮਝੌਤਾ ਹੋਣ ਦੀਆਂ ਜ਼ੋਰਦਾਰ ਚਰਚਾਵਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਵੀ ਉਨ੍ਹਾਂ ਨਾਲੋਂ ਨਾਤਾ ਤੋੜ ਲਿਆ ਹੈ। ਬਸਪਾ ਲੀਡਰਸ਼ਿਪ ਨੇ ਵਰਕਰਾਂ ਨੂੰ ਅਕਾਲੀ ਦਲ ਦੇ ਆਗੂਆਂ ਤੋਂ ਦੂਰੀ ਬਣਾ ਕੇ ਰੱਖਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਇਕੱਲਿਆਂ ਹੀ ਚੋਣ ਲੜਨ ਦਾ ਐਲਾਨ ਵੀ ਕੀਤਾ ਹੈ।
ਬਸਪਾ ਦੀ ਸੂਬਾ ਇਕਾਈ ਦੀ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਇਹ ਮੁੱਦਾ ਵਿਚਾਰਿਆ ਗਿਆ। ਜਿਸ ਵਿੱਚ ਬਸਪਾ ਕਮੇਟੀ ਦੇ ਜ਼ਿੰਮੇਵਾਰ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਬਸਪਾ ਦੇ ਕੇਂਦਰੀ ਕੋਆਰਡੀਨੇਟਰ ਪੰਜਾਬ, ਚੰਡੀਗੜ੍ਹ ਹਰਿਆਣਾ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਮੁੱਖ ਤੌਰ ਉਤੇ ਹਾਜ਼ਰ ਸਨ। ਚਾਰ ਘੰਟੇ ਤੱਕ ਚੱਲੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਸ਼੍ਰੋਮਣੀ ਅਕਾਲੀ ਬਸਪਾ ਨੂੰ ਲਗਾਤਾਰ ਨਜ਼ਰਅੰਦਾਜ਼ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰ ਰਹੀ ਹੈ। ਅਜਿਹੇ 'ਚ ਹੁਣ ਇਕੱਠੇ ਰਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਕਾਬਿਲੇਗੌਰ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਵਾਦ ਤੋਂ ਬਾਅਦ ਭਾਜਪਾ ਤੇ ਅਕਾਲੀ ਦਲ ਵੱਖ ਹੋ ਗਏ ਸਨ। ਇਸ ਤੋਂ ਬਾਅਦ ਅਕਾਲੀ ਦਲ ਤੇ ਬਸਪਾ ਵਿਚਾਲੇ ਗਠਜੋੜ ਹੋ ਗਿਆ। ਦੋਵਾਂ ਪਾਰਟੀਆਂ ਨੇ ਮਿਲ ਕੇ ਵਿਧਾਨ ਸਭਾ ਚੋਣਾਂ ਲੜੀਆਂ ਸਨ, ਜਿਸ ਵਿੱਚ ਅਕਾਲੀ ਦਲ ਨੂੰ ਤਿੰਨ ਅਤੇ ਬਸਪਾ ਨੂੰ ਇੱਕ ਸੀਟ ਮਿਲੀ ਸੀ। ਪਰ ਲੰਬੇ ਸਮੇਂ ਤੋਂ ਉਨ੍ਹਾਂ ਦਾ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਸੀ।
ਇਲਜ਼ਾਮ ਸਨ ਕਿ ਦੋਵਾਂ ਵਿਚਾਲੇ ਮੁਲਾਕਾਤ ਵੀ ਨਹੀਂ ਹੋ ਰਹੀ ਸੀ। ਨਾਲ ਹੀ ਅਕਾਲੀ ਦਲ ਨੇ ਵੀ ਆਪਣੇ ਪ੍ਰੋਗਰਾਮ ਵਿੱਚ ਬਸਪਾ ਆਗੂਆਂ ਨੂੰ ਸ਼ਾਮਲ ਨਹੀਂ ਕੀਤਾ। 2022 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਬਸਪਾ ਦੇ ਨਛੱਤਰ ਪਾਲ ਨੇ ਨਵਾਂਸ਼ਹਿਰ ਤੋਂ ਸਿਰਫ਼ 20 ਸੀਟਾਂ 'ਤੇ ਚੋਣ ਲੜਦਿਆਂ ਜਿੱਤ ਹਾਸਲ ਕੀਤੀ ਸੀ। ਦੂਜੇ ਪਾਸੇ ਅਕਾਲੀ ਦਲ ਨੇ 97 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਉਸ ਦੇ ਖਾਤੇ 'ਚ ਸਿਰਫ਼ ਤਿੰਨ ਸੀਟਾਂ ਆਈਆਂ। ਇੰਨਾ ਹੀ ਨਹੀਂ 2017 ਦੇ ਮੁਕਾਬਲੇ ਇਸ ਸਾਲ ਬਸਪਾ ਦਾ ਵੋਟ ਸ਼ੇਅਰ ਵੀ ਵਧਿਆ ਹੈ। ਜਦੋਂ ਕਿ 2017 ਵਿੱਚ ਬਸਪਾ ਨੂੰ 1.5 ਫੀਸਦੀ ਵੋਟਾਂ ਪਈਆਂ ਸਨ, 2022 ਵਿੱਚ ਬਸਪਾ ਦਾ ਵੋਟ ਸ਼ੇਅਰ ਵੱਧ ਕੇ 1.77% ਹੋ ਗਿਆ ਸੀ।
ਅਕਾਲੀ ਦਲ ਦੀ ਵੋਟ ਪ੍ਰਤੀਸ਼ਤਤਾ ਲਗਾਤਾਰ ਘਟਦੀ ਜਾ ਰਹੀ ਹੈ। ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ ਬਸਪਾ ਨੇ 1997 ਤੋਂ ਬਾਅਦ ਪਹਿਲੀ ਵਾਰ 2022 ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਆਪਣਾ ਖਾਤਾ ਖੋਲ੍ਹਿਆ ਸੀ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਬਸਪਾ ਨੇ 11 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਇਨ੍ਹਾਂ 'ਚੋਂ ਇੱਕ ਨੂੰ ਛੱਡ ਕੇ ਕੋਈ ਵੀ ਜ਼ਮਾਨਤ ਨਹੀਂ ਬਚਾ ਸਕਿਆ। 2012 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਬਸਪਾ ਨੇ 109 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਸਾਰਿਆਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ।
ਇਹ ਵੀ ਪੜ੍ਹੋ : Punjab Kisan Andolan Live Update: ਤਣਾਅਪੂਰਨ ਹਾਲਾਤ ਦਰਮਿਆਨ ਕਿਸਾਨ ਸ਼ੰਭੂ ਬਾਰਡਰ 'ਤੇ ਬਿਤਾਉਣਗੇ ਰਾਤ