ਕਾਂਸਟੇਬਲ ਵਲੋਂ ਪ੍ਰੇਮਿਕਾ ਨੂੰ ਗੋਲੀ ਮਾਰਨ ਤੋਂ ਪਹਿਲਾਂ ਕੀਤੀ ਗਈ ਸੀ ਕੁੱਟਮਾਰ, ਪੋਸਟਮਾਰਟਮ ’ਚ ਖ਼ੁਲਾਸਾ
ਲੁਧਿਆਣਾ ਦੇ ਨਿਊ ਪ੍ਰੇਮ ਨਗਰ ਇਲਾਕੇ ’ਚ ਗੋਲੀ ਲੱਗਣ ਨਾਲ ਮਰਨ ਵਾਲੀ ਕੁੜੀ ਮਨਦੀਪ ਕੌਰ ਦੀ ਕਤਲ ਬਾਰੇ ਵੱਡਾ ਖੁਲਾਸਾ ਹੋਇਆ ਹੈ।
ਚੰਡੀਗੜ੍ਹ: ਲੁਧਿਆਣਾ ਦੇ ਨਿਊ ਪ੍ਰੇਮ ਨਗਰ ਇਲਾਕੇ ’ਚ ਗੋਲੀ ਲੱਗਣ ਨਾਲ ਮਰਨ ਵਾਲੀ ਕੁੜੀ ਮਨਦੀਪ ਕੌਰ ਦੀ ਕਤਲ ਬਾਰੇ ਵੱਡਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਗੋਲੀ ਮਾਰਨ ਤੋਂ ਪਹਿਲਾਂ ਮਨਦੀਪ ਕੌਰ ਨਾਲ ਕੁੱਟਮਾਰ ਕੀਤੀ ਗਈ ਸੀ।
ਪੋਸਟਮਾਰਟਮ ਦੀ ਰਿਪੋਰਟ ’ਚ ਕੁੱਟਮਾਰ ਦੀ ਹੋਈ ਪੁਸ਼ਟੀ
ਮ੍ਰਿਤਕ ਮਨਦੀਪ ਕੌਰ ਦਾ ਪੋਸਟਮਾਰਟਮ ਕਰਨ ਵਾਲੀ ਡਾਕਟਰਾਂ ਦੀ ਟੀਮ ਦੀ ਰਿਪੋਰਟ ’ਚ ਸਾਹਮਣੇ ਆਇਆ ਕਿ ਗੋਲੀ ਚੱਲਣ ਤੋਂ ਪਹਿਲਾਂ ਉਸਦੀ ਕੁੱਟਮਾਰ ਕੀਤੀ ਗਈ ਸੀ। ਕੁੜੀ ਦੇ ਸ਼ਰੀਰ ’ਤੇ ਕਰੀਬ 7 ਸੱਟਾਂ ਦੇ ਨਿਸ਼ਾਨ ਸਨ, ਜਿਸ ਤੋਂ ਬਾਅਦ ਸਿਰ ’ਤੇ ਗੋਲੀ ਮਾਰੀ ਗਈ।
ਫਾਰੈਂਸਿਕ ਮਾਹਿਰਾਂ ਦੀ ਟੀਮ ਵਲੋਂ ਕੀਤਾ ਗਿਆ ਪੋਸਟਮਾਰਟਮ
ਫਾਰੈਂਸਿਕ ਮਾਹਿਰਾਂ (Forensic Expert) ਦੀ ਟੀਮ ਡਾ. ਹਿਮਾਂਸ਼ੂ ਅਤੇ ਡਾ. ਚਰਨਕੰਵਲ ਦੀ ਅਗਵਾਈ ’ਚ ਬਣੇ ਬੋਰਡ ਦੁਆਰਾ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਇਸ ਦੇ ਨਾਲ ਹੀ ਵਿਸਰਾ ਅਤੇ ਸਵੈਬ (Viscera and swab) ਜਾਂਚ ਲਈ ਲੈਬ ’ਚ ਭੇਜ ਦਿੱਤੇ ਗਏ ਹਨ, ਇਸ ਰਿਪੋਰਟ ’ਚ ਕੁਝ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਕਾਂਸਟੇਬਲ 3 ਦਿਨ ਬਾਅਦ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ
ਉੱਧਰ ਲੁਧਿਆਣਾ ਪੁਲਿਸ 3 ਦਿਨ ਬੀਤਣ ਤੋਂ ਬਾਅਦ ਵੀ ਮੁਲਜ਼ਮ ਕਾਂਸਟੇਬਰ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਥਾਣਾ ਡਵੀਜ਼ਨ ਨੰ. 8 ਦੇ ਐੱਸਐੱਚਓ (SHO) ਨੀਰਜ ਚੌਧਰੀ ਨੇ ਦੱਸਿਆ ਕਿ ਮ੍ਰਿਤਕ ਮਨਦੀਪ ਕੌਰ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।