Gangster Sukhwinder Rana Encounter: ਪੰਜਾਬ ਪੁਲਿਸ ਨੇ ਮੁਕੇਰੀਆਂ ਦੇ ਪਿੰਡ ਭੰਗਾਲਾ ਵਿੱਚ ਗੈਂਗਸਟਰ ਸੁਖਵਿੰਦਰ ਸਿੰਘ ਰਾਣਾ ਦਾ ਐਨਕਾਊਂਟਰ ਕੀਤਾ ਹੈ। ਬੀਤੇ ਦਿਨ ਗੈਂਗਸਟਰ ਵੱਲੋਂ ਮੁਕੇਰੀਆਂ ਵਿੱਚ ਇੱਕ ਮੁਕਾਬਲੇ ਦੌਰਾਨ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਉਹ ਫਰਾਰ ਹੋ ਗਿਆ। ਪੁਲਿਸ ਉਸ ਦੀ ਭਾਲ ਵਿੱਚ ਲੱਗੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਰਾਣਾ ਮਨਸੂਰਪੁਰੀਆ ਇੱਕ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤੀ ਸੀ। ਇਸ ਮਗਰੋਂ ਫਾਇਰਿੰਗ ਦੌਰਾਨ ਗੈਂਗਸਟਰ ਸੁਖਵਿੰਦਰ ਰਾਣਾ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।


ਪੁਲਿਸ ਨੇ ਮੁਲਜ਼ਮ ਨੂੰ ਭਗੌੜਿਆ ਐਲਾਨਿਆ ਸੀ


ਹੁਸ਼ਿਆਰਪੁਰ ਦੇ ਮਨਸੂਰਪੁਰਾ ਵਿੱਚ ਸੀਆਈਏ ਸਟਾਫ ਦੇ ਹੌਲਦਾਰ ਅੰਮ੍ਰਿਤਪਾਲ ਸਿੰਘ ਨੂੰ ਗੋਲ਼ੀ ਮਾਰ ਕੇ ਫ਼ਰਾਰ ਹੋਏ ਗੈਂਗਸਟਰ ਸੁਖਵਿੰਦਰ ਸਿੰਘ ਰਾਣਾ ਮਾਨਸੂਰਪੁਰੀਆ ਨੂੰ ਹੁਸ਼ਿਆਰਪੁਰ ਪੁਲਿਸ ਨੇ ਭਗੌੜਾ ਮੁਲਜ਼ਮ ਐਲਾਨ ਕੇ ਉਸ ਉਪਰ 25 ਹਜ਼ਾਰ ਦਾ ਇਨਾਮ ਰੱਖਿਆ ਸੀ। ਸੂਹ ਦੇਣ ਵਾਲੇ ਦਾ ਨਾਮ ਗੁਪਤ ਰੱਖਣ ਦਾ ਐਲਾਨ ਕੀਤਾ ਗਿਆ ਸੀ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਉਸ ਦੀ ਭਾਲ ਵਿੱਚ ਲੱਗੀਆਂ ਹੋਈਆਂ ਸਨ।


ਸ਼ਹੀਦ ਦਾ ਅੱਜ ਹੋਇਆ ਸੀ ਅੰਤਿਮ ਸਸਕਾਰ


ਕਾਬਿਲੇਗੌਰ ਹੈ ਕਿ ਅੱਜ ਸ਼ਹੀਦ ਹੌਲਦਾਰ ਅੰਮ੍ਰਿਤਪਾਲ ਸਿੰਘ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਪਿੰਡ ਜੰਡੋਰ ਵਿਖੇ ਸਰਕਾਰੀ ਸਨਮਾਨਾਂ ਅਤੇ ਗਮਗੀਨ ਮਾਹੌਲ ਵਿੱਚ ਕੀਤਾ ਗਿਆ। ਅੰਤਿਮ ਰਸਮਾਂ ਵੇਲੇ ਪਰਿਵਾਰ ਦੇ ਜੀਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਮ੍ਰਿਤਕ ਦੀ ਪਤਨੀ ਭੁੱਬਾਂ ਮਾਰ ਕੇ ਵੈਣ ਪਾ ਰਹੀ ਸੀ ਅਤੇ ਕਹਿ ਰਹੀ ਸੀ ਕਿ ਮੇਰੇ ਪਤੀ ਦੀ ਟੌਹਰ ਖ਼ਰਾਬ ਨਾ ਕਰ ਦਿਓ, ਉਸ ਦੇ ਇਹ ਬੋਲ ਹਰ ਕਿਸੇ ਦੇ ਦਿਲ ਨੂੰ ਚੀਰ ਰਹੇ ਸਨ। ਇਸ ਦੁੱਖ ਦੀ ਘੜੀ ਵਿੱਚ ਮੌਜੂਦ ਹਰ ਕੋਈ ਗੈਂਗਸਟਰਾਂ ਅਤੇ ਨਸ਼ਿਆਂ ਉਪਰ ਸ਼ਿਕੰਜਾ ਕੱਸਣ ਦੀ ਅਪੀਲ ਕਰ ਰਿਹਾ ਸੀ ਤਾਂ ਕਿ ਇਸ ਤਰ੍ਹਾਂ ਕਿਸੇ ਦਾ ਘਰ ਨਾ ਉਜੜੇ।


ਇੱਕ ਕਰੋੜ ਦੀ ਸਹਾਇਤਾ ਰਾਸ਼ੀ ਦਿੱਤੀ


ਇਸ ਮੌਕੇ ਜਲੰਧਰ ਰੇਂਜ ਕਮਿਸ਼ਨਰ ਐਸ.ਭੂਪਤੀ, ਐਸ.ਐਸ.ਪੀ ਹੁਸ਼ਿਆਰਪੁਰ ਸੁਰਿੰਦਰ ਸਿੰਘ ਲਾਂਬਾ, ਏ.ਡੀ.ਸੀ ਰਾਹੁਲ ਚੱਬਾ, ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ ਅਤੇ ਡਾ. ਰਾਜ ਕੁਮਾਰ ਚੱਬੇਵਾਲ ਮੁੱਖ ਗੇਟ 'ਤੇ ਪੁੱਜੇ ਜਦਕਿ ਐੱਸ.ਐੱਸ.ਪੀ ਹੁਸ਼ਿਆਰਪੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ। ਪੰਜਾਬ ਪੁਲਿਸ ਵੱਲੋਂ 1 ਕਰੋੜ ਰੁਪਏ ਦਿੱਤੇ ਜਾਣਗੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ।


ਇਹ ਵੀ ਪੜ੍ਹੋ : Charanjit Channi: ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ 2 ਕਰੋੜ ਦੀ ਰੰਗਦਾਰੀ ਮੰਗਣ ਵਾਲਾ ਮੁੰਬਈ ਤੋਂ ਕਾਬੂ