Jalandhar News:  ਪੰਜਾਬ ਪੁਲਿਸ ਨੇ ਆਈਏਐਸ ਤੇ ਪੀਸੀਐਸ ਤੇ ਹੋਰ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਲਈ ਸਟੱਡੀ ਗਰੁੱਪ ਨਾਲ ਸਮਝੌਤਾ ਕੀਤਾ ਹੈ। ਅਧਿਕਾਰੀਆਂ/ਕਰਮਚਾਰੀਆਂ ਦੇ ਬੱਚਿਆਂ ਨੂੰ ਯੂਪੀਐੱਸਸੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਪੰਜਾਬ ਪੁਲਿਸ ਵੱਲੋਂ ਆਈਏਐੱਸ ਸਟੱਡੀ ਗਰੁੱਪ ਚੰਡੀਗੜ੍ਹ ਨਾਲ ਐੱਮਓਯੂ ਉਤੇ ਦਸਤਖ਼ਤ ਕੀਤੇ ਗਏ ਹਨ। ਏਡੀਜੀਪੀ ਪੀਏਪੀ ਐੱਮਐੱਫ ਫਾਰੂਕੀ ਤੇ ਆਈਏਐੱਸ ਸਟੱਡੀ ਗਰੁੱਪ ਦੇ ਡਾਇਰੈਕਟਰ ਰਾਜ ਮਲਹੋਤਰਾ ਨੇ ਇਥੇ ਪੀਏਪੀ ਕੈਂਪਸ ਵਿੱਚ ਸਮਝੌਤੇ ਉਤੇ ਦਸਤਖ਼ਤ ਕੀਤੇ।


COMMERCIAL BREAK
SCROLL TO CONTINUE READING

ਏਡੀਜੀਪੀ ਐੱਮਐੱਫ ਫਾਰੂਕੀ ਨੇ ਕਿਹਾ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਕੀਤੇ ਗਏ ਇਸ ਕਰਾਰ ਦਾ ਮਕਸਦ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਬੱਚਿਆਂ ਨੂੰ ਘੱਟ ਦਰਾਂ ਉਤੇ ਆਈਏਐੱਸ, ਪੀਸੀਐੱਸ ਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮਿਆਰੀ ਕੋਚਿੰਗ ਮੁਹੱਈਆ ਕਰਵਾਉਣਾ ਹੈ।


ਉਨ੍ਹਾਂ ਅੱਗੇ ਦੱਸਿਆ ਕਿ ਪੀਏਪੀ ਕੈਂਪਸ ਦੇ ਅੰਦਰ ਸ਼ੁਰੂ ਕੀਤੇ ਜਾਣ ਵਾਲੇ ਕੋਚਿੰਗ ਸੈਂਟਰ ਦੀ ਕੁੱਲ ਕੋਰਸ ਫੀਸ 1,40,000 ਰੁਪਏ ਹੋਵੇਗੀ। ਹਾਲਾਂਕਿ ਪੁਲਿਸ ਕਰਮਚਾਰੀਆਂ ਦੇ ਬੱਚਿਆਂ ਨੂੰ ਢੁੱਕਵੀਂ ਛੋਟ ਦਿੱਤੀ ਜਾਵੇਗੀ। ਇੰਸਪੈਕਟਰ ਰੈਂਕ ਤੱਕ ਦੇ ਅਫ਼ਸਰਾਂ ਦੇ ਪਰਿਵਾਰਾਂ ਲਈ 50 ਫੀਸਦੀ ਦੀ ਛੋਟ ਨਾਲ ਫੀਸ 70,000 ਰੁਪਏ ਹੋਵੇਗੀ ਜਦਕਿ ਡੀਐੱਸਪੀ ਤੇ ਉੱਚ ਦਰਜੇ ਦੇ ਅਫ਼ਸਰਾਂ ਦੇ ਬੱਚਿਆਂ ਲਈ ਫੀਸ ਵਿੱਚ 40 ਫੀਸਦੀ ਛੋਟ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਪੁਲਿਸ ਸ਼ਹੀਦਾਂ ਦੇ ਪਰਿਵਾਰਾਂ ਨੂੰ 100 ਫੀਸਦੀ ਫੀਸ ਮੁਆਫੀ ਦਾ ਲਾਭ ਦਿੱਤਾ ਜਾਵੇਗਾ, ਜਿਸ ਨਾਲ ਉਨ੍ਹਾਂ ਦੇ ਬੱਚੇ ਬਿਲਕੁਲ ਮੁਫ਼ਤ ਕੋਚਿੰਗ ਪ੍ਰਾਪਤ ਕਰ ਸਕਣਗੇ।


ਉਮੀਦਵਾਰ ਵੱਲੋਂ ਕੋਚਿੰਗ ਫੀਸ ਤਿੰਨ ਕਿਸ਼ਤਾਂ ਵਿਚ ਛੇ ਮਹੀਨਿਆਂ ਦੀ ਮਿਆਦ ਅੰਦਰ ਅਦਾ ਕੀਤੀ ਜਾ ਸਕਦੀ ਹੈ। ਜੇਕਰ ਉਮੀਦਵਾਰ ਦੀ ਚੋਣ ਨਹੀਂ ਹੁੰਦੀ ਤਾਂ ਉਸ ਪਾਸੋਂ ਅਗਲੇ ਸਾਲਾਂ ਲਈ ਹੋਰ ਫੀਸ ਨਹੀਂ ਲਈ ਜਾਵੇਗੀ। ਇਸ ਤੋਂ ਇਲਾਵਾ ਐੱਮਓਯੂ ਵਿੱਚ ਅਕਾਦਮਿਕ ਤੌਰ 'ਤੇ ਯੋਗ ਪਰ ਆਰਥਿਕ ਤੌਰ ਉਤੇ ਕਮਜ਼ੋਰ ਉਮੀਦਵਾਰਾਂ ਲਈ 50 ਫੀਸਦੀ ਸਕਾਲਰਸ਼ਿਪ ਦੀ ਵੀ ਵਿਵਸਥਾ ਸ਼ਾਮਲ ਹੈ, ਜੋ ਕਿ ਗੈਰ-ਸਰਕਾਰੀ ਸੰਗਠਨ ‘ਜੋਏ ਆਫ਼ ਗਾਈਡੈਂਸ’ ਦੇ ਸਹਿਯੋਗ ਨਾਲ ਪ੍ਰਦਾਨ ਕੀਤੀ ਜਾਵੇਗੀ।


ਏਡੀਜੀਪੀ ਫਾਰੂਕੀ ਨੇ ਇਹ ਵੀ ਕਿਹਾ ਕਿ ਪ੍ਰਾਈਵੇਟ ਵਿਅਕਤੀ ਵੀ 10 ਫੀਸਦੀ ਦੀ ਛੋਟ 'ਤੇ ਪੀਏਪੀ ਕੈਂਪਸ ਦੇ ਅੰਦਰ ਕੋਚਿੰਗ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ ਗੈਰ-ਪੁਲਿਸ ਪਰਿਵਾਰਾਂ ਵੱਲੋਂ ਅਦਾ ਕੀਤੀ ਗਈ ਫ਼ੀਸ ਦਾ 10 ਫੀਸਦੀ ਸੀਐੱਸਆਰ ਪਹਿਲਕਦਮੀ ਤਹਿਤ ਪੀਏਪੀ ਨੂੰ ਯੋਗਦਾਨ ਵਜੋਂ ਵਾਪਸ ਦਿੱਤਾ ਜਾਵੇਗਾ। ਕੋਚਿੰਗ ਕਲਾਸਾਂ ਹਫ਼ਤੇ ਵਿੱਚ ਛੇ ਦਿਨ ਸ਼ਾਮ 3-5 ਵਜੇ ਤੱਕ ਪੀਏਪੀ ਬਟਾਲੀਅਨ ਜਲੰਧਰ ਦੇ ਅੰਦਰ ਖੇਤਰੀ ਸਿਖਲਾਈ ਕੇਂਦਰ (ਆਰਟੀਸੀ) ਵਿਖੇ ਲਗਾਈਆਂ ਜਾਣਗੀਆਂ।