ਪਹਿਲੇ 8 ਮਹੀਨਿਆਂ ਦੌਰਾਨ GST ਤੋਂ ਇਕੱਤਰ ਮਾਲੀਏ ’ਚ 24.5 ਫ਼ੀਸਦ ਦਾ ਵਾਧਾ: ਵਿੱਤ ਮੰਤਰੀ
ਵਿੱਤ ਮੰਤਰੀ ਨੇ ਦੱਸਿਆ ਕਿ ਸਾਲ 2021-22 ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਜੀ.ਐਸ.ਟੀ. ਤੋਂ ਕੁੱਲ ਮਾਲੀਆ 9612.6 ਕਰੋੜ ਰੁਪਏ ਸੀ, ਜਦੋਂ ਕਿ ਇਸ ਵਾਰ ਅਪ੍ਰੈਲ ਤੋਂ ਨਵੰਬਰ ਮਹੀਨੇ ਤੱਕ ਕੁੱਲ ਜੀ.ਐੱਸ.ਟੀ. ਕੁਲੈਕਸ਼ਨ 11967.76 ਕਰੋੜ ਰੁਪਏ ਰਿਹਾ ਹੈ।
Punjab News: ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪ੍ਰੈਸ-ਕਾਨਫ਼ਰੰਸ ਕੀਤੀ, ਇਸ ਦੌਰਾਨ ਉਨ੍ਹਾਂ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ’ਚ ਪੰਜਾਬ ਸਰਕਾਰ ਨੇ ਪਹਿਲੇ ਅੱਠ ਮਹੀਨਿਆਂ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਮਹੀਨਾ-ਦਰ-ਮਹੀਨਾ ਆਪਣੀ ਕਾਰਗੁਜ਼ਾਰੀ ’ਚ ਵਾਧਾ ਕੀਤਾ ਹੈ।
ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ ਇਸ ਸਾਲ ਅਪ੍ਰੈਲ ਤੋਂ ਨਵੰਬਰ ਦੌਰਾਨ ਵਸਤੂਆਂ ਤੇ ਸੇਵਾਵਾਂ ਕਰ (ਜੀ.ਐਸ.ਟੀ.) ਤੋਂ ਮਾਲੀਆ ਵਿੱਤੀ ਸਾਲ 2021-22 ਦੀ ਇਸੇ ਮਿਆਦ ਦੇ ਮੁਕਾਬਲੇ 24.5 ਫੀਸਦੀ ਵਧਿਆ ਹੈ।
ਉਨ੍ਹਾਂ ਜਾਣਕਾਰੀ ਦਿੰਦਿਆ ਕਿਹਾ ਕਿ ਵਿੱਤੀ ਸਾਲ 2021-22 ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਜੀ.ਐਸ.ਟੀ. ਤੋਂ ਕੁੱਲ ਮਾਲੀਆ 9612.6 ਕਰੋੜ ਰੁਪਏ ਸੀ, ਜਦੋਂ ਕਿ ਇਸ ਵਾਰ ਅਪ੍ਰੈਲ ਤੋਂ ਨਵੰਬਰ ਮਹੀਨੇ ਤੱਕ ਕੁੱਲ ਜੀ.ਐੱਸ.ਟੀ. ਕੁਲੈਕਸ਼ਨ (GST Collection) 11967.76 ਕਰੋੜ ਰੁਪਏ ਰਿਹਾ ਜਿਸ ਨਾਲ 2355.6 ਕਰੋੜ ਰੁਪਏ ਦਾ ਵਾਧਾ ਦਰਜ਼ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਦੁਆਰਾ ਆਮ ਨਿਰੀਖਣ ਜ਼ਰੀਏ ਈਮਾਨਦਾਰ ਕਰਦਾਤਿਆਂ (Tax Payers) ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਬਜਾਏ ਤਕਨਾਲੋਜੀ ਦੀ ਵਰਤੋਂ ’ਤੇ ਜ਼ੋਰ ਦਿੱਤਾ ਗਿਆ।
ਨਵੇਂ ਸਾਲ 2023 ਦੌਰਾਨ ਇਮਾਨਦਾਰ ਕਰਦਾਤਿਆਂ ਦੀ ਸਹੂਲਤ ਲਈ ਕਰ ਵਿਭਾਗ ਵੱਲੋਂ ਹੋਰ ਦੋਸਤਾਨਾ ਪਹਿਲਕਦਮੀਆਂ ਨੂੰ ਅਪਣਾਉਣ ਦਾ ਵਾਅਦਾ ਕਰਦਿਆਂ, ਵਿੱਤ ਮੰਤਰੀ ਚੀਮਾ (Harpal Singh Cheema) ਨੇ ਕਿਹਾ ਕਿ ਕਰ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਜੀ.ਐਸ.ਟੀ ਸਬੰਧੀ ਕਰਦਾਤਿਆਂ ਦੇ ਸਵਾਲਾਂ ਅਤੇ ਮੁੱਦਿਆਂ ਨੂੰ ਹੱਲ ਕਰਨ ਲਈ ਦੋਭਾਸ਼ੀ ਵਟਸਐਪ ਚੈਟਬੋਟ-ਕਮ-ਹੈਲਪਲਾਈਨ ਨੰਬਰ 9160500033 ਲਾਂਚ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲਿਆਂ ’ਚ ਤੇਜ਼ੀ ਨਾਲ ਹੋਵੇਗੀ ਕਾਰਵਾਈ, CM ਨੇ ਵਿਜੀਲੈਂਸ ਨੂੰ ਦਿੱਤਾ ਫ੍ਰੀ ਹੈਂਡ