ਖਿਡਾਰੀਆਂ ਨੂੰ ਮਾੜੀ ਗੁਣਵੱਤਾ ਵਾਲਾ ਭੋਜਨ ਦਿੱਤੇ ਜਾਣ ’ਤੇ ਖੇਡ ਮੰਤਰੀ ਖਫ਼ਾ, ਖੇਡ ਵਿਭਾਗ ਵਲੋਂ ਠੇਕੇਦਾਰ ਨੂੰ ਨੋਟਿਸ
ਖੇਡ ਮੰਤਰੀ ਨੇ ਕਿਹਾ ਕਿ ਗੁਣਵੱਤਾ ਦੇ ਮਾਪਦੰਡਾਂ ’ਤੇ ਖਰਾ ਨਾ ਉਤਰਨ ਵਾਲੇ ਠੇਕੇਦਾਰਾਂ ਦੇ ਟੈਂਡਰ ਰੱਦ ਕੀਤੇ ਜਾਣਗੇ।
Surpise Checking by Sprots Minister: ਪੰਜਾਬ ’ਚ ਮੰਤਰੀਆਂ ਵਲੋਂ ਆਪਣੇ-ਆਪਣੇ ਵਿਭਾਗਾਂ ’ਚ ਅਚਨਚੇਤ ਚੈਕਿੰਗਾਂ ਦਾ ਦੌਰ ਜਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦਾ ਵੀ ਇਹ ਦ੍ਰਿੜ ਨਿਸ਼ਚਾ ਹੈ ਕਿ ਸੂਬੇ ’ਚ ਕਿਸੇ ਵੀ ਤਰਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਲੜੀ ਤਹਿਤ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਮੋਹਾਲੀ ਦੇ ਫੇਜ਼-9 ’ਚ ਸਥਿਤ ਖੇਡ ਕੰਪਲੈਕਸ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ’ਚ ਖਿਡਾਰੀਆਂ ਨੂੰ ਪਰੋਸੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਦੀ ਜਾਂਚ ਕੀਤੀ ਗਈ।
ਖੇਡ ਮੰਤਰੀ ਨੇ ਖਿਡਾਰੀਆਂ ਨੂੰ ਪਰੋਸੇ ਜਾਣ ਵਾਲੀ ਘਟੀਆ ਗੁਣਵੱਤਾ ਵਾਲੇ ਖਾਣੇ ਦਾ ਗੰਭੀਰ ਨੋਟਿਸ ਲਿਆ। ਮੀਤ ਹੇਅਰ ਨੇ ਕਿਹਾ ਕਿ ਸਰਕਾਰ ਵਲੋਂ ਖਿਡਾਰੀਆਂ ਦੀ ਸਿਹਤ ਅਤੇ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਮੀਤ ਹੇਅਰ ਨੇ ਮੈਸ ’ਚ ਪਏ ਖਾਣੇ ਦੇ ਸਮਾਨ ਦਾ ਖ਼ੁਦ ਨਿਰੀਖਣ ਕੀਤਾ। ਉਨ੍ਹਾਂ ਮੌਕੇ ’ਤੇ ਹੀ ਫ਼ੋਨ ਕਰਕੇ ਮਾੜੀ ਕੁਆਲਟੀ (Low Quality) ਦੇ ਖਾਣੇ ਲਈ ਠੇਕੇਦਾਰ ਨੂੰ ਫਟਕਾਰ ਲਗਾਈ।
ਇਸ ਦੇ ਨਾਲ ਹੀ ਉਨ੍ਹਾਂ ਠੇਕੇਦਾਰ ਨੂੰ ਖਾਣੇ ਲਈ ਵਧੀਆ ਕਿਸਮ ਦੀ ਸਮਗਰੀ, ਤਾਜ਼ੇ ਫ਼ਲ ਅਤੇ ਸਬਜ਼ੀਆਂ ਅਤੇ ਲੋੜੀਂਦੀ ਡਾਈਟ ਦੀ ਵੀ ਪੂਰਾ ਖਿਆਲ ਰੱਖਣ ਦੀ ਹਦਾਇਤ ਦਿੱਤੀ।
ਖੇਡ ਮੰਤਰੀ ਨੇ ਕਿਹਾ ਕਿ ਗੁਣਵੱਤਾ ਦੇ ਮਾਪਦੰਡਾਂ ’ਤੇ ਖਰਾ ਨਾ ਉਤਰਨ ਵਾਲੇ ਠੇਕੇਦਾਰਾਂ ਦੇ ਟੈਂਡਰ ਰੱਦ ਕੀਤੇ ਜਾਣਗੇ। ਜਾਂਚ ਮਗਰੋਂ ਮੰਤਰੀ ਦੇ ਨਿਰਦੇਸ਼ਾਂ ਤਹਿਤ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਵਲੋਂ ਠੇਕੇਦਾਰ ਨੂੰ ਚਿਤਾਵਨੀ-ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਖੇਡ ਮੰਤਰੀ ਨੇ ਸੂਬੇ ਦੀਆਂ ਸਮੂਹ ਮੈਸਾਂ ਦੇ ਠੇਕੇਦਾਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਅਜਿਹੀ ਚੈਕਿੰਗ ਮੁਹਿੰਮ ਸੂਬੇ ਭਰ ਵਿੱਚ ਜਾਰੀ ਰੱਖਣਗੇ ਅਤੇ ਡਾਇਟ ਵਿੱਚ ਪਾਈ ਜਾਣ ਵਾਲੀ ਘਾਟ ਅਤੇ ਮਾੜੀ ਗੁਣਵੱਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇੱਥੇ ਦੱਸਣਾ ਬਣਦਾ ਹੈ ਕਿ ਮੋਹਾਲੀ ਦੇ ਇਸ ਖੇਡ ਕੰਪਲੈਕਸ ’ਚ ਹਾਕੀ, ਮੁੱਕੇਬਾਜੀ, ਕੁਸ਼ਤੀ, ਬਾਸਕਟਬਾਲ, ਜੂਡੋ, ਵੇਟਲਿਫਟਿੰਗ ਅਤੇ ਜਿਮਨਾਸਟਿਕ ਖੇਡਾਂ ਖੇਡਣ ਵਾਲੇ ਤਕਰੀਬਨ ਕੁੱਲ 350 ਖਿਡਾਰੀ ਹਨ। ਅੱਜ ਖੇਡ ਮੰਤਰੀ ਮੀਤ ਹੇਅਰ ਅਤੇ ਡਾਇਰਕੈਟਰ ਖੇਡਾਂ ਅਮਿਤ ਤਲਵਾੜ ਵਲੋਂ ਅਚਨਚੇਤ ਚੈਕਿੰਗ ਕੀਤੀ ਗਈ।
ਇਹ ਵੀ ਪੜ੍ਹੋ: AAP ਵਲੋਂ MLA ਲਾਭ ਸਿੰਘ ਉਗੋਕੇ ਦਾ ਸਮਰਥਨ, ਕਿਹਾ “ਵਿਧਾਇਕ ਨੇ ਕੁਝ ਗਲਤ ਨਹੀਂ ਕੀਤਾ”