Stubble Burning Case: ਪੰਜਾਬ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋਣ ਦੇ ਨਾਲ ਹੀ ਹਰ ਸਾਲ ਧੂੰਏਂ ਵਾਂਗ ਪ੍ਰਦੂਸ਼ਣ ਦਾ ਮੁੱਦਾ ਉਛਲਣ ਲੱਗਦਾ ਹੈ। ਪਰਾਲੀ ਸਾੜਨ ਦਾ ਮੁੱਦਾ ਪਿੰਡ ਦੀਆਂ ਸੱਥਾਂ ਤੋਂ ਲੈ ਕੇ ਸਿਆਸੀ ਗਲਿਆਰਿਆਂ ਤੱਕ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਪੰਜਾਬ ਵਿੱਚ ਸਾੜੀ ਜਾਣ ਵਾਲੀ ਪਰਾਲੀ ਦਾ ਮੁੱਦਾ ਗੂੰਜ ਚੁੱਕਾ ਹੈ। ਪਰਾਲੀ ਸਾੜਨ ਕਾਰਨ ਦਿੱਲੀ ਵਿੱਚ ਹੋਣ ਵਾਲੇ ਪ੍ਰਦੂਸ਼ਣ ਦਾ ਭਾਂਡਾ ਹਮੇਸ਼ਾ ਪੰਜਾਬ ਦੇ ਸਿਰ ਭੰਨਿਆ ਜਾਂਦਾ ਰਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਕਾਫੀ ਜਾਗਰੂਕ ਕਰਦੀ ਹੈ ਅਤੇ ਸਬਸਿਡੀ ਉਪਰ ਮਸ਼ੀਨਰੀ ਵੀ ਦਿੱਤੀ ਜਾਂਦੀ ਹੈ। ਇਸ ਦੇ ਬਾਵਜੂਦ ਫ਼ਸਲ ਦੀ ਰਹਿੰਦ-ਖੂੰਹਦ ਤੇ ਪਰਾਲੀ ਸਾੜਨ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।


COMMERCIAL BREAK
SCROLL TO CONTINUE READING

ਜਾਣੋ ਕਿੰਨੇ ਆਏ ਕੇਸ
ਪੰਜਾਬ ਵਿੱਚ ਸਤੰਬਰ ਮਹੀਨੇ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਹੀ ਇਸ ਦੇ ਨਾਲ ਹੀ ਪਰਾਲੀ ਸਾੜਨ ਦੇ ਕੇਸ ਸਾਹਮਣੇ ਆਉਣ ਲੱਗਦੇ ਹਨ। ਜੇਕਰ ਪਰਾਲੀ ਸਾੜਨ ਦੇ ਮਾਮਲਿਆਂ ਦੇ ਪਿਛਲੇ ਦੋ ਸਾਲਾਂ ਦੇ ਅੰਕੜਿਆਂ ਉਪਰ ਪੈਣੀ ਝਾਤ ਮਾਰੀਏ ਤਾਂ 15 ਤੋਂ 22 ਸਤੰਬਰ 2023 ਦੇ ਮੁਕਾਬਲੇ 2024 ਵਿੱਚ ਪਰਾਲੀ ਸਾੜਨ ਦੇ ਕੇਸਾਂ ਵਿੱਚ ਕਾਫੀ ਇਜ਼ਾਫਾ ਹੋਇਆ ਹੈ।


ਜਦਕਿ 15 ਤੋਂ 22 ਸਤੰਬਰ 2022 ਦੇ ਮੁਕਾਬਲੇ ਕੇਸ ਘੱਟ ਹਨ। ਮਾਝਾ ਦਾ ਇਲਾਕੇ ਪਰਾਲੀ ਸਾੜਨ ਦੇ ਕੇਸਾਂ ਵਿੱਚ ਮੋਹਰੀ ਰਿਹਾ ਹੈ। ਅੰਮ੍ਰਿਤਸਰ ਵਿੱਚ 15 ਤੋਂ 22 ਸਤੰਬਰ 2022 ਵਿੱਚ 119 ਕੇਸ ਸਾਹਮਣੇ ਆਏ ਸਨ ਜਦਕਿ ਇਸ ਮਿਆਦ ਵਿੱਚ 2023 ਵਿੱਚ ਘੱਟ ਕੇ 6 ਰਹਿ ਗਏ ਸਨ। 2024 ਵਿੱਚ ਇਸੇ ਮਿਆਦ ਤਹਿਤ ਪਰਾਲੀ ਸਾੜਨ ਦੇ 45 ਕੇਸ ਸਾਹਮਣੇ ਆ ਚੁੱਕੇ ਹਨ।


ਇਸ ਤੋਂ ਇਲਾਵਾ ਤਰਨਤਾਰਨ ਵਿੱਚ 15 ਤੋਂ 22 ਸਤੰਬਰ 2022 ਵਿੱਚ 13 ਕੇਸ ਸਾਹਮਣੇ ਆਏ ਸਨ ਅਤੇ 2023 ਵਿੱਚ ਇਸੇ ਮਿਆਦ ਵਿੱਚ ਜ਼ੀਰੋ ਕੇਸ ਸਾਹਮਣੇ ਆਏ ਸਨ ਜਦਕਿ 2024 ਵਿੱਚ ਇਸੇ ਮਿਆਦ ਵਿੱਚ 5 ਕੇਸ ਸਾਹਮਣੇ ਆ ਚੁੱਕੇ ਹਨ। ਗੁਰਦਾਸਪੁਰ ਵਿੱਚ 6 ਕੇਸ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਫਿਰੋਜ਼ਪੁਰ ਵਿੱਚ 2, ਜਲੰਧਰ ਵਿੱਚ 2, ਨਵਾਂ ਸ਼ਹਿਰ ਵਿੱਚ 1, ਪਟਿਆਲਾ ਵਿੱਚ 1, ਸੰਗਰੂਰ ਵਿੱਚ 1 ਮਾਮਲਾ ਸਾਹਮਣੇ ਆ ਚੁੱਕਾ ਹੈ। ਜੇਕਰ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ 15 ਤੋਂ 22 ਸਤੰਬਰ 2022 ਵਿੱਚ ਪਰਾਲੀ ਸਾੜਨ ਦੇ ਕੁੱਲ 136 ਕੇਸ ਸਾਹਮਣੇ ਆਏ ਸਨ ਅਤੇ 2023 ਵਿੱਚ 7 ਜਦਕਿ 2024 ਵਿੱਚ 63 ਕੇਸ ਸਾਹਮਣੇ ਆਏ ਸਨ।


ਇਸ ਤੋਂ ਇਲਾਵਾ ਜੇਕਰ ਸਿਰਫ਼ 22 ਸਤੰਬਰ ਦੇ ਅੰਕੜਿਆਂ ਉਤੇ ਝਾਤ ਮਾਰੀਏ ਤਾਂ ਪੰਜਾਬ ਭਰ ਵਿੱਚ ਪਰਾਲੀ ਸਾੜਨ ਦੇ ਕੇਸਾਂ ਦੇ ਮਾਮਲਿਆਂ ਵਿੱਚ 2023 ਦੇ ਮੁਕਾਬਲੇ ਇਸ ਸਾਲ ਕੇਸਾਂ ਵਿੱਚ ਇਜ਼ਾਫਾ ਹੋਇਆ ਹੈ। 22 ਸਤੰਬਰ 2022 ਵਿੱਚ ਪਰਾਲੀ ਸਾੜਨ ਦੇ 30 ਮਾਮਲੇ ਸਾਹਮਣੇ ਆਏ ਸਨ ਜਦਕਿ 2023 ਵਿੱਚ ਇਹ ਜ਼ੀਰੋ ਰਹਿ ਗਏ ਸਨ ਤੇ 2024 ਵਿੱਚ ਵੱਧ ਕੇ 11 ਹੋ ਗਏ ਹਨ।


22 ਸਤੰਬਰ 2022 ਨੂੰ ਅੰਮ੍ਰਿਤਸਰ ਵਿੱਚ 29 ਕੇਸ ਸਾਹਮਣੇ ਆਏ ਸਨ ਜਦਕਿ 2023 ਵਿੱਚ ਜ਼ੀਰੋ ਰਹਿ ਗਏ ਸਨ ਪਰ 2024 ਵਿੱਚ ਵਧ ਕੇ 6 ਹੋ ਗਏ ਸਨ। ਇਸ ਤੋਂ ਇਲਾਵਾ ਗੁਰਦਾਸਪੁਰ ਵਿੱਚ 4 ਕੇਸ ਸਾਹਮਣੇ ਆ ਚੁੱਕੇ ਹਨ ਤੇ ਪਟਿਆਲਾ ਵਿੱਚ ਵੀ 1 ਕੇਸ ਸਾਹਮਣੇ ਆ ਚੁੱਕਾ ਹੈ।



ਕਿਸਾਨਾਂ ਦੇ ਜ਼ਮੀਨੀ ਰਿਕਾਰਡ 'ਚ ਹੋਵੇਗੀ 'ਰੈੱਡ ਐਂਟਰੀ'
ਖੇਤਾਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਲਾਲ ਐਂਟਰੀਆਂ (ਰੈੱਡ ਐਂਟਰੀਜ਼) ਦਰਜ ਕੀਤੀਆਂ ਜਾਣਗੀਆਂ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੇ ਹਥਿਆਰਾਂ ਦੇ ਨਵੇਂ ਲਾਇਸੈਂਸ ਨਹੀਂ ਬਣਾਏ ਜਾਣਗੇ ਤੇ ਨਾ ਹੀ ਪੁਰਾਣੇ ਨਵਿਆਏ ਜਾਣਗੇ। ਹਥਿਆਰਾਂ ਦੇ ਲਾਇਸੈਂਸਾਂ ਨੂੰ ਪਿੰਡਾਂ ਵਿੱਚ ਵੱਕਾਰ ਦਾ ਸਵਾਲ ਮੰਨਿਆ ਜਾਂਦਾ ਹੈ।