11 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ `ਚੋਬਰ` ਹਾਈ ਕੋਰਟ ਵਲੋਂ ਬੈਨ
ਹਾਈ ਕੋਰਟ ’ਚ ਦਾਇਰ ਕੀਤੀ ਗਈ ਪਟੀਸ਼ਨ ’ਚ ਦੱਸਿਆ ਗਿਆ ਹੈ ਕਿ ਫ਼ਿਲਮ ਦੇ ਨਿਰਮਾਤਾ ਵਲੋਂ ਸੈਂਸਰ ਬੋਰਡ ਕੋਲ ਸਰਟੀਫ਼ਿਕੇਟ ਲਈ ਪਹੁੰਚ ਨਹੀਂ ਕੀਤੀ ਗਈ ਹੈ।
ਚੰਡੀਗੜ੍ਹ: ਪੰਜਾਬ ’ਚ ਤਾਜ਼ਾ ਪੈਦਾ ਹੋਏ ਹਲਾਤਾਂ ਨੂੰ ਦੇਖਦਿਆਂ ਹੋਇਆ ਨਵੀਂ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਚੋਬਰ' ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਾਈ ਕੋਰਟ ’ਚ ਦਾਇਰ ਕੀਤੀ ਗਈ ਪਟੀਸ਼ਨ ’ਚ ਦੱਸਿਆ ਗਿਆ ਹੈ ਕਿ ਫ਼ਿਲਮ ਦੇ ਨਿਰਮਾਤਾ ਵਲੋਂ ਸੈਂਸਰ ਬੋਰਡ ਕੋਲ ਸਰਟੀਫ਼ਿਕੇਟ ਲਈ ਪਹੁੰਚ ਨਹੀਂ ਕੀਤੀ ਗਈ ਹੈ।
ਪਟੀਸ਼ਨ ਕਰਤਾ ਰਗਵੰਤ ਸਿੰਘ ਨੇ ਆਪਣੇ ਵਕੀਲ ਅਮਿਤ ਝਾਂਝੀ ਰਾਹੀਂ ਕੋਰਟ ਨੂੰ ਜਾਣੂ ਕਰਵਾਇਆ ਕਿ ਫ਼ਿਲਮਾਂ ’ਚ ਹਿੰਸਾ ਦਾ ਪ੍ਰਦਰਸ਼ਨ ਲਗਾਤਾਰ ਵੱਧ ਰਿਹਾ ਹੈ। ਦਾਇਰ ਕੀਤੀ ਗਈ ਪਟੀਸ਼ਨ ’ਚ ਕੁਝ ਮਹੀਨੇ ਪਹਿਲਾਂ ਹੋਏ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਰਨ ਪੰਜਾਬ ’ਚ ਪੈਦਾ ਹੋਏ ਮਾਹੌਲ ਦਾ ਵੀ ਹਵਾਲਾ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਹਿੰਸਾ ਨੂੰ ਉਤਸ਼ਾਹਿਤ ਕਰਨ ਸਬੰਧੀ ਪਹਿਲਾਂ ਵੀ ਕਈ ਗਾਇਕਾਂ ’ਤੇ ਐੱਫ਼. ਆਈ. ਆਰ (FIR) ਦਰਜ ਹੋ ਚੁੱਕੀ ਹੈ। ਯੂ-ਟਿਊਬ ’ਤੇ ਫ਼ਿਲਮ ਦੇ ਕੁਝ ਵਿਖਾਏ ਜਾ ਰਹੇ ਸੀਨ ਹਿੰਸਾ ਨੂੰ ਉਤਸ਼ਾਹਿਤ ਕਰਦੇ ਨਜ਼ਰ ਆ ਰਹੇ ਹਨ, ਅਜਿਹੇ ’ਚ ਇਸ ਫ਼ਿਲਮ ਦੀ ਸਕ੍ਰੀਨਿੰਗ ’ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।
ਫ਼ਿਲਕ 'ਚੋਬਰ' ਦਾ ਨਿਰਮਾਣ ਮੋਹਾਲੀ ਦੀ ਇੱਕ ਕੰਪਨੀ ਵਲੋਂ ਕੀਤਾ ਗਿਆ ਹੈ, ਜੋ ਕਿ 11 ਨਵੰਬਰ ਨੂੰ ਰਿਲੀਜ਼ ਹੋ ਜਾ ਰਹੀ ਹੈ। ਕੇਂਦਰ ਸਰਕਾਰ ਦੁਆਰਾ ਹਾਈ ਕੋਰਟ ’ਚ ਮੰਗ ਕੀਤੀ ਗਈ ਹੈ ਕਿ ਅਜੇ ਤੱਕ ਇਸ ਫ਼ਿਲਮ ਨੂੰ ਪ੍ਰਦਰਸ਼ਿਤ ਕਰਨ ਲਈ ਸੈਂਸਰ ਬੋਰਡ ਤੋਂ ਇਜਾਜ਼ਤ ਲਈ ਕੋਈ ਅਰਜੀ ਨਹੀਂ ਭੇਜੀ ਗਈ ਹੈ। ਫੇਰ ਵੀ ਜੇਕਰ ਪ੍ਰਵਾਨਗੀ ਲਈ ਕੋਈ ਬਿਨੇ-ਪੱਤਰ ਪ੍ਰਾਪਤ ਹੁੰਦਾ ਹੈ ਤਾਂ ਪਟੀਸ਼ਨਕਰਤਾ ਦੁਆਰਾ ਦਾਇਰ ਕੀਤੇ ਗਏ ਇਤਰਾਜ਼ਾਂ ਨੂੰ ਵੀ ਵਿਚਾਰਿਆ ਜਾਵੇ।