ਬਠਿੰਡਾ ’ਚ ਪਲਾਸਟਿਕ ਦੀ ਰਹਿੰਦ-ਖੂੰਹਦ ਤੋਂ ਸੜਕਾਂ ਬਣਾਉਣ ਦੀ ਹੋਈ ਸ਼ੁਰੂਆਤ
ਡਾ.ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਸੜਕ ਦੇ ਨਿਰਮਾਣ ’ਚ ਪਲਾਸਟਿਕ ਦੀ ਵਰਤੋਂ ਦੀ ਸ਼ੁਰੂਆਤ ਨਾਲ ਪਲਾਸਟਿਕ ਦੀ ਰਹਿੰਦ-ਖੂੰਹਦ ਦਾ ਸਾਰਥਿਕ ਹੱਲ ਵੀ ਲੱਭ ਲਿਆ ਗਿਆ ਹੈ।
ਚੰਡੀਗੜ੍ਹ: ਨਗਰ ਨਿਗਮ ਬਠਿੰਡਾ ਵਲੋਂ ਨਿਵੇਕਲੀ ਪਹਿਲ ਕਰਦਿਆਂ ਪਲਾਸਟਿਕ ਦੀ ਰਹਿੰਦ-ਖੂੰਹਦ ਤੋਂ ਸੜਕਾਂ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ।
ਇਸ ਸ਼ੁਰੂਆਤ ਬਾਰੇ ਜਾਣਕਾਰੀ ਦਿੰਦਿਆ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਸੜਕ ਦੇ ਨਿਰਮਾਣ ’ਚ ਪਲਾਸਟਿਕ ਦੀ ਵਰਤੋਂ ਦੀ ਸ਼ੁਰੂਆਤ ਨਾਲ ਪਲਾਸਟਿਕ ਦੀ ਰਹਿੰਦ-ਖੂੰਹਦ ਦਾ ਸਾਰਥਿਕ ਹੱਲ ਵੀ ਲੱਭ ਲਿਆ ਗਿਆ ਹੈ, ਹੋਰ ਤਾਂ ਹੋਰ ਇਸ ਨਾਲ ਲਾਗਤ ਵੀ ਘੱਟ ਆਉਂਦੀ ਹੈ।
ਸ਼ੁਰੂਆਤੀ ਦੌਰ ’ਚ ਬਠਿੰਡਾ ਦੇ ਜੁਝਾਰ ਸਿੰਘ ਨਗਰ ਰੋਡ ਬਾਜਵਾ ਘਰ ਤੋਂ ਮੇਨ ਗਲੀ ਤੱਕ ਅਤੇ ਗਲੀ ਨੰ. 3- ਏ ਜੁਝਾਰ ਸਿੰਘ ਨਗਰ ’ਚ ਪਲਾਸਟਿਕ ਰਹਿੰਦ-ਖੂੰਹਦ ਦੀ ਵਰਤੋਂ ਨਾਲ ਸੜਕ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਲੀ ਨੰਬਰ 3-ਬੀ ਜੁਝਾਰ ਸਿੰਘ ਨਗਰ ਵਿਖੇ ਪਲਾਸਟਿਕ ਦੀ ਵਰਤੋਂ ਨਾਲ ਸੜਕ ਦਾ ਨਿਰਮਾਣ ਕੀਤਾ ਗਿਆ ਹੈ। ਉਨਾਂ ਦੱਸਿਆ ਕਿ 1000 ਰਨਿੰਗ ਫੁੱਟ ਲੰਬੀ ਸੜਕ ਦੇ ਨਿਰਮਾਣ ਵਿੱਚ ਬਿੱਟੂਮੈਨ ਵਿੱਚ 8 ਫੀਸਦੀ ਪਲਾਸਟਿਕ ਰਹਿੰਦ-ਖੂੰਹਦ ਦੀ ਵਰਤੋਂ ਨਾਲ ਸੜਕ ਬਣਾਈ ਗਈ ਹੈ।
ਮੰਤਰੀ ਨੇ ਦੱਸਿਆ ਕਿ ਸੜਕਾਂ ਦੇ ਨਿਰਮਾਣ ਲਈ ਜਿੱਥੇ ਪਲਾਸਟਿਕ ਦੀ ਵਰਤੋਂ ਕਰਨ ਨਾਲ ਪਲਾਸਟਿਕ ਰਹਿੰਦ-ਖੂੰਹਦ ਦੀ ਸਮੱਸਿਆ ਦਾ ਨਿਪਟਾਰਾ ਕਰਨ ਵਿੱਚ ਸਫਲਤਾ ਮਿਲੇਗੀ ਉੱਥੇ ਹੀ ਵਾਤਾਵਰਣ ਨੂੰ ਸਾਫ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਣਾਉਣ ’ਚ ਵੀ ਮਦਦਗਾਰ ਸਾਬਤ ਹੋਵੇਗੀ।
ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਦਾ ਦਾਅਵਾ ਹੈ ਕਿ ਪਲਾਸਟਿਕ ਦੀ ਵਰਤੋਂ ਨਾਲ ਸੜਕਾਂ ਨੂੰ ਪਹਿਲਾਂ ਨਾਲੋਂ ਵਧੀਆ ਕੁਆਲਿਟੀ ਦਾ ਬਣਾਇਆ ਜਾ ਸਕੇਗਾ ਅਤੇ ਲਾਗਤ ਵੀ ਘੱਟ ਆਵੇਗੀ। ਉਹਨਾਂ ਦੱਸਿਆ ਕਿ ਇਸਦੇ ਤਤਕਾਲ ਨਤੀਜੇ ਤਸੱਲੀਬਖਸ਼ ਹਨ। ਜਲਦ ਹੀ ਹੋਰ ਕਮੇਟੀ/ਕਾਰਪੋਰੇਸ਼ਨ ਵਿੱਚ ਪਲਾਸਟਿਕ ਦੀ ਵਰਤੋਂ ਸੜਕਾਂ ਦੇ ਕੰਮ ਵਿੱਚ ਕੀਤੀ ਜਾਵੇਗੀ।